ਹਿੰਦੂ ਤੋਂ ਸਿੱਖ ਸੱਜੇ ਨੌਜਵਾਨ ਦੀ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਦਾ ਦੋਸ਼: ਕਿਸਾਨ ਯੂਨੀਅਨ ਚੜੂਨੀ ਵੱਲੋਂ ਇਨਸਾਫ ਦਵਾਉਣ ਲਈ ਸੰਘਰਸ਼ ਦਾ ਐਲਾਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 10 ਜਨਵਰੀ 2025 - ਸਾਡਾ ਪੰਜਾਬ ਫੈਡਰੇਸ਼ਨ ਅਤੇ ਕਿਸਾਨ ਯੂਨੀਅਨ ਚੜੂਨੀ ਨੇ ਹਿੰਦੂ ਧਰਮ ਛੱਡ ਕੇ ਸਿੰਘ ਸੱਜੇ ਸੰਦੀਪ ਸਿੰਘ ਦੀ ਮਾਰ ਕੁਟਾਈ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਹੈ। ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਅਤੇ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਵੱਲੋਂ ਇਸ ਸੰਬੰਧ ਵਿੱਚ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇੰਦਰਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਜੋ ਬਰਿਆਰ ਦਾ ਵਾਸੀ ਹੈ ਜਿਸਨੇ 2009 ਵਿੱਚ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕੀਤੀ ਸੀ ਜਿਸਦਾ ਪਿਛੋਕੜ ਹਿੰਦੂ ਧਰਮ ਨਾਲ ਸਬੰਧਤ ਸੀ । ਅੰਮ੍ਰਿਤ ਛੱਕਣ ਤੋਂ ਬਾਅਦ ਹੀ ਉਸਦੇ ਨਜ਼ਦੀਕ ਵਸਦੇ ਉਸਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਕੇਸਾਂ ਨੂੰ ਲੈ ਕੇ, ਕਕਾਰਾਂ ਨੂੰ ਲੈ ਕੇ ਨਫ਼ਰਤ ਭਰੇ ਸ਼ਬਦਾਂ ਨਾਲ ਚਿੜਾਉਣਾਂ ਸ਼ੁਰੂ ਕਰ ਦਿੱਤਾ ਸੀ ।ਬੀਤੇ ਦਿਨ ਪਿੰਡ ਬਰਿਆਰ ਜ਼ਿਲ੍ਹਾ ਗੁਰਦਾਸਪੁਰ ਥਾਣਾ ਦੀਨਾਨਗਰ ਵਿਖੇ ਸੰਦੀਪ ਸਿੰਘ ਨਾਲ ਇਹਨਾਂ ਹਲਾਤਾਂ ਨੂੰ ਲੈ ਕੇ ਝਗੜਾ ਹੋ ਗਿਆ ਤੇ ਦੋਸ਼ੀਆਂ ਵੱਲੋਂ ਉਸਦੇ ਕਕਾਰਾਂ ਦੀ, ਕੇਸਾਂ ਦੀ,ਦਸਤਾਰ ਦੀ ਬੇਅਦਬੀ ਕੀਤੀ ਗਈ।
ਦੀਨਾਨਗਰ ਥਾਣਾ ਵਿੱਚ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ । ਉਹਨਾਂ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਤੇ ਬਣਦੀ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਾਡਾ ਪੰਜਾਬ ਫੈਡਰੇਸ਼ਨ ਅਤੇ ਕਿਸਾਨ ਯੂਨੀਅਨ ਚੜੂਨੀ ਵੱਲੋਂ ਸਾਂਝੇ ਤੌਰ ਤੇ ਸੰਦੀਪ ਸਿੰਘ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਛੇੜਿਆ ਜਾਵੇਗਾ।