ਸ਼ਹੀਦੀ ਪਰੰਪਰਾ ਦਾ ਮੁੱਢ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਵਿੱਚੋਂ ਵਿਕਸਿਤ ਹੁੰਦਾ ਹੈ। ਇਸ ਵਿਚ ਕੋਈ ਅਥਿਕਥਨੀ ਨਹੀਂ ਕਿ ਸਿੱਖ ਇਤਿਹਾਸ ਸ਼ਹੀਦਾਂ ਦੀ ਉਹ ਦਾਸਤਾਨ ਹੈ ਜਿਸਦੀ ਮਿਸਾਲ ਪੂਰੀ ਦੁਨੀਆਂ ਦੇ ਇਤਿਹਾਸਾਂ ਵਿਚ ਨਹੀਂ ਮਿਲ ਸਕਦੀ। ਭਾਈ ਗੁਰਦਾਸ ਜੀ ਅਨੁਸਾਰ ਸ਼ਹੀਦ ਉਹ ਹੈ ਜੋ ਭਰਮ ਭਾਉ ਗਵਾ ਕੇ ਸਿਦਕ ਦਾ ਧਾਰਨੀ ਬਣਦਾ ਹੈ:
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ ।
ਸ਼ਹੀਦ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਦੁਨੀਆਵੀ ਵਿਸ਼ੇ-ਵਿਕਾਰਾਂ ਅਤੇ ਐਸ਼ੋ-ਇਸ਼ਰਤ ਨੂੰ ਠੁਕਰਾ ਗੁਰੁੂ ਦੇ ਅੱਗੇ ਆਪਾ ਭਾਵ ਸਮਰਪਿਤ ਕਰਕੇ ਸ਼ਹੀਦ ਮੁਕਤਾ ਕਹਾਉਂਦਾ ਹੈ, ਕਿਉਂਕਿ ਜਨਮ-ਮਰਨ, ਮੋਹ-ਮਾਇਆ, ਦੁੱਖ-ਸੁੱਖ ਆਦਿ ਬੰਧਨਾਂ ਤੋਂ ਛੁਟਕਾਰੇ ਦਾ ਨਾਮ ਹੀ ਮੁਕਤੀ ਹੈ।
‘ਮੁਕਤਾ’ ਸ਼ਬਦ ਸਿੱਖ ਇਤਿਹਾਸ ਵਿਚ ਇਕ ਖਾਸ ਸੰਦਰਭ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਹ ਸੰਕਲਪ ਸਿੱਖ ਧਰਮ ਦੇ ਮਹਾਨ ਅਤੇ ਪਵਿੱਤਰ ਅਸਥਾਨ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਰੇਤਲੇ ਟਿੱਬਿਆਂ ਅਤੇ ਖੁਸ਼ਕ ਝਾੜੀਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ? ਇਹ ਇਤਿਹਾਸ ਦੀ ਇਕ ਲਾਸਾਨੀ ਅਤੇ ਬੇਮਿਸਾਲ ਦਾਸਤਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ-ਸੱਚ ਅਤੇ ਧਰਮ ਦੀ ਖਾਤਰ ਕਈ ਜੰਗਾਂ ਲੜੀਆਂ ਅਤੇ ਹਰ ਵਾਰ ਚੜ੍ਹਦੀ ਕਲਾ ਅਤੇ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ। ਬੁੱਤ-ਪੂਜ ਪਹਾੜੀ ਰਾਜਿਆਂ ਨੂੰ ਹਰ ਯੁੱਧ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਅਖੀਰ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ, ਜਿਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਲਾਹੌਰ, ਸਰਹਿੰਦ ਅਤੇ ਪਹਾੜੀ ਰਾਜਿਆ ਦੇ ਟਿੱਡੀ ਦਲਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੁੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਮੁਕਾਬਲਾ ਕੀਤਾ। ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ। ਇਸ ਦੇ ਬਾਵਜੂਦ ਵੀ ਸਿੰਘ ਸ਼ੇਰਾਂ ਵਾਗੂੰ ਲੜ ਰਹੇ ਸਨ। ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁਝ ਕਾਹਲੇ ਸਿੰਘ, ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ। ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ ‘ਬੇਦਾਵਾ’ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ। ਥੋੜ੍ਹੇ ਦਿਨਾਂ ਪਿੱਛੋਂ ਕਿਲ੍ਹੇ ਅੰਦਰ ਬਾਕੀ ਬਚੇ ਸਿੰਘਾਂ ਵੱਲੋਂ, ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ’ਤੇ ਕਿਲ੍ਹਾ ਖਾਲੀ ਕਰਨ ਦੀ ਸਲਾਹ ’ਤੇ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚੇ, ਜਿੱਥੇ ਸੰਸਾਰ ਦਾ ਅਨੋਖਾ ਤੇ ਅਸਾਵਾਂ ਯੁੱਧ ਲੜਿਆ ਗਿਆ। ਇੱਥੋਂ ਆਪ ਦੁਸ਼ਮਣ ਫੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲ ਵੱਲ ਚਲੇ ਗਏ। ਉਧਰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਰਸਤੇ ਵਿੱਚੋਂ ਗੁਰੂ ਜੀ ਦੇ ਕਾਫਲੇ ਵਿਚ ਵੀ ਕਾਫੀ ਸਿੰਘ ਸ਼ਾਮਿਲ ਹੋ ਰਹੇ ਸਨ। ਗੁਰੂ ਜੀ ਦੀਨੇ ਤੋਂ ਜੈਤੋ ਹੁੰਦੇ ਹੋਏ ਕੋਟਕਪੂਰੇ ਪੁੱਜੇ ਜਿੱਥੇ ਉਨ੍ਹਾਂ ਉੱਥੋਂ ਦੇ ਹਾਕਮ ਕਪੂਰੇ ਤੋਂ ਕਿਲੇ੍ਹ ਦੀ ਮੰਗ ਕੀਤੀ। ਮੁਗ਼ਲਾਂ ਤੋਂ ਡਰਦਿਆਂ ਕਪੂਰੇ ਨੇ ਕਿਲ੍ਹਾ ਤਾਂ ਨਾਂ ਦਿੱਤਾ ਪਰ ਉਸ ਨੇ ਗੁਰੁੂ ਜੀ ਨੂੰ ਸੰਘਣੀਆਂ ਝਾੜੀਆਂ ਵਾਲੇ ਰੇਤਲੇ ਇਲਾਕੇ (ਖਿਦਰਾਣੇ ਦੀ ਢਾਬ) ਵੱਲ ਜਾਣ ਦੀ ਸਲਾਹ ਦਿੱਤੀ।
ਵੱਡੇ ਫ਼ੌਜੀ ਕੈਂਪ ਦਾ ਭੁਲੇਖਾ ਦੇਣ ਲਈ ਸਿੰਘ ਝਾੜੀਆ ’ਤੇ ਕੱਪੜੇ ਪਾ ਕੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ਦੂਜੇ ਪਾਸੇ ਗੁਰੂ ਜੀ ਨੂੰ ਬੇਦਾਵਾ ਦੇਣ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗ਼ਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਵੀ ਮਿਲ ਰਹੀਆਂ ਸਨ। ਉਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ
ਮੁਗ਼ਲ ਫੌਜਾਂ ਦੇ ਖਿਦਰਾਣਾ ਪਹੁੰਚਣ ਤੋਂ ਐਨ ਪਹਿਲਾਂ ਮਾਝੇ ਦੇ ਸਿੰਘਾਂ ਦਾ ਇਹ ਜਥਾ ਗੁਰੂ ਜੀ ਦੇ ਕੈਂਪ ਦੇ ਨੇੜੇ ਪਹੁੰਚ ਚੁੱਕਾ ਸੀ ਅਤੇ ਮੁਗ਼ਲਾਂ ਦੀ ਟੱਕਰ ਸਭ ਤੋਂ ਪਹਿਲਾਂ ਇਸੇ ਜਥੇ ਨਾਲ ਹੋਈ। ਘਮਸਾਨ ਦਾ ਯੁੱਧ ਹੋਇਆ, ਉੱਚੀ ਟਿੱਬੀ ਤੋਂ ਗੁਰੂ ਜੀ ਖੁਦ ਤੀਰਾਂ ਦੀ ਵਰਖਾ ਕਰ ਰਹੇ ਸਨ। ਗੁਰੂ ਜੀ ਦੇ ਨਾਲ ਵਾਲੇ ਸਿੰਘ ਵੀ ਮੈਦਾਨੇ-ਜੰਗ ਵਿਚ ਜੂਝ ਕੇ ਸ਼ਹੀਦੀਆਂ ਪਾ ਰਹੇ ਸਨ। ਸਿੰਘ ਅਜਿਹੀ ਬਹਾਦਰੀ ਅਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਫੌਜਾਂ ਵਿਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉੱਠੇ ਅਤੇ ਖ਼ਾਲਸੇ ਨੇ ਮੈਦਾਨ ਫ਼ਤਹਿ ਕਰ ਲਿਆ ਪਰ ‘ਬੇਦਾਵਾ’ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਬੜੀ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਪਈਆਂ ਸਿੰਘਾਂ ਦੀਆਂ ਦੇਹਾਂ ਨੂੰ ਪਿਆਰ ਨਾਲ ਨਿਹਾਰਿਆ ਅਤੇ ਹਰ ਇਕ ਸਿੰਘ ਨੂੰ ਛਾਤੀ ਨਾਲ ਲਗਾ ਕੇ ਅਤਿਅੰਤ ਸਨੇਹ ਨਾਲ ਬਖਸ਼ਿਸ਼ਾਂ ਕੀਤੀਆਂ। ਜਦ ਗੁਰੂ ਜੀ ਭਾਈ ਮਹਾਂ ਸਿੰਘ ਪਾਸ ਪਹੁੰਚੇ ਤਾਂ ਉਹ ਸਹਿਕ ਰਹੇ ਸਨ। ਗੁਰਦੇਵ ਨੇ ਸੀਸ ਗੋਦ ਵਿਚ ਲੈ ਕੇ ਮੁੱਖੜਾ ਸਾਫ ਕੀਤਾ।
ਗੁਰੂ ਜੀ ਨੇ ਆਪਣੇ ਕਮਰਕੱਸੇ ’ਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਅਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ। ਸ਼ੁਕਰਾਨਾ ਕਰਦੇ ਹੋਏ ਭਾਈ ਮਹਾਂ ਸਿੰਘ ਦਸਮੇਸ਼ ਪਿਤਾ ਜੀ ਦੀ ਗੋਦ ਵਿਚ ਹੀ ਸਵਾਸ ਤਿਆਗ ਗਏ। ਗੁਰੂ ਜੀ ਨੇ ਸਮੂਹ ਸ਼ਹੀਦਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਅਤੇ ਉਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ।
ਇਸ ਤਰ੍ਹਾਂ ਸ਼ਹੀਦਾਂ ਦੀ ਇਹ ਧਰਤੀ, ‘ਖਿਦਰਾਣੇ ਦੀ ਢਾਬ’ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਣ ਦੇ ਨਾਲ-ਨਾਲ ਇਹ ਅਹਿਸਾਸ ਵੀ ਕਰਵਾਉਂਦਾ ਹੈ ਕਿ ਗੁਰੂ ਨੂੰ ਤਿਲਾਂਜਲੀ ਦੇ ਦੁਨਿਆਵੀਂ ਪਦਾਰਥਾਂ ਵਿਚ ਗਲਤਾਨ ਹੋ ਕੇ ਅਸੀਂ ਕਦੇ ਵੀ ਆਤਮਿਕ ਤੌਰ ਤੇ ਸੰਤੁਸ਼ਟ ਨਹੀਂ ਹੋ ਸਕਦੇ। ਸਦੀਵੀ ਅਨੰਦ ਤਾਂ ਕੇਵਲ ਗੁਰੂ ਦੀ ਸ਼ਰਨ ਵਿਚ ਜਾ ਕੇ ਗੁਰਮਤਿ ਵਿਚਾਰਧਾਰਾ ਅਨੁਸਾਰ ਜੀਵਨ ਜੀਉਂ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
-
ਦਿਲਜੀਤ ਸਿੰਘ ਬੇਦੀ, SGPC
diljitsinghbedi179@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.