ਐੱਚ.ਐੱਮ.ਪੀ.ਵੀ. ਦੀ ਰੋਕਥਾਮ ਲਈ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਯਕੀਨੀ ਬਣਾਈ ਜਾਵੇ : ਡਾ ਰਣਜੀਤ ਹਰੀਸ਼
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 10 ਜਨਵਰੀ,2025 - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਹਿਊਮਨ ਮੈਟਾਨਿਓਮੋਵਾਇਰਸ (ਐੱਚ.ਐੱਮ.ਪੀ.ਵੀ.) ਦੇ ਸੰਭਾਵਿਤ ਕੇਸਾਂ ਨਾਲ ਨਜਿੱਠਣ ਲਈ ਯਤਨਸ਼ੀਲ ਹੈ।
ਇਸ ਸਬੰਧੀ ਸਬਸਿਡਰੀ ਹੈਲਥ ਸੈਂਟਰ, ਉਸਮਾਨਪੁਰ ਦੇ ਰੂਰਲ ਮੈਡੀਕਲ ਅਫ਼ਸਰ ਡਾ. ਰਣਜੀਤ ਹਰੀਸ਼ ਨੇ ਆਮ ਲੋਕਾਂ ਨੂੰ ਚੌਕਸ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਆਮ ਲੋਕਾਂ ਲਈ ਸਾਵਧਾਨੀਆਂ ਵਰਤਣ ਸਬੰਧੀ ਜਾਣਕਾਰੀ ਦਿੰਦੇ ਹੋਏ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਡਾ. ਹਰੀਸ਼ ਨੇ ਕਿਹਾ ਹੈ ਕਿ ਛੋਟੇ ਬੱਚਿਆਂ, ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਮੈਡੀਕਲ ਅਫ਼ਸਰ ਨੇ ਅੱਗੇ ਕਿਹਾ ਕਿ ਇਹ ਵਾਇਰਸ ਕੋਰੋਨਾ ਜਿੰਨਾ ਗੰਭੀਰ ਨਹੀਂ। ਇਹ ਇੱਕ ਹਲਕਾ ਵਾਇਰਸ ਹੈ, ਜੋ ਫਲੂ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਤੇ ਨਾ ਹੀ ਇਹ ਕੋਈ ਘਾਤਕ ਵਾਇਰਸ ਹੈ। ਭਾਰਤ ਵਿੱਚ ਇਹ ਵਾਇਰਸ ਪਹਿਲੀ ਵਾਰ ਸਾਲ 2003 ਵਿੱਚ ਪਛਾਣਿਆ ਗਿਆ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਦੁਨੀਆ ਭਰ ਵਿੱਚ ਫੈਲ ਰਿਹਾ ਹੈ। ਐੱਚ.ਐੱਮ.ਪੀ.ਵੀ. ਤੋਂ ਪੀੜਤ ਵਿਅਕਤੀ ਨੂੰ ਘੱਟ ਹੀ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਪੈਂਦੀ ਹੈ। ਇਸ ਲਈ ਇਹ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈ। ਉਂਝ, ਜਿਨ੍ਹਾਂ ਲੋਕਾਂ ਨੂੰ ਦਮੇ ਵਰਗੀ ਸਾਹ ਦੀ ਬਿਮਾਰੀ ਹੈ, ਉਨ੍ਹਾਂ ਨੂੰ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਬਾਹਰ ਜਾਣਾ ਵੀ ਪਵੇ, ਤਾਂ ਮਾਸਕ ਪਾ ਕੇ ਜਾਓ। ਲੋਕਾਂ ਨੂੰ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੀ ਜਾਂਦੀ ਸਿਹਤ ਐਡਵਾਈਜਰੀ ਦੀ ਸੁਹਿਰਦਤਾ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਇਹਤਿਆਤ ਵਰਤ ਕੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਵਹਿਮ-ਭਰਮ ਨਾ ਫੈਲਾਇਆ ਜਾਵੇ।
ਕੀ ਕਰੀਏ?
- ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਓ।
- ਛਿੱਕ ਮਾਰਦੇ ਜਾਂ ਖੰਘਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢੱਕਣ ਲਈ ਰੁਮਾਲ ਦੀ ਵਰਤੋਂ ਕਰੋ।
- ਵੱਧ ਮਾਤਰਾ ਵਿੱਚ ਪਾਣੀ ਅਤੇ ਤਰਲ ਪਦਾਰਥਾਂ ਦਾ ਸੇਵਨ ਕਰਕੇ ਪੌਸ਼ਟਿਕ ਆਹਾਰ ਖਾਓ।
- ਜ਼ੁਕਾਮ, ਖੰਘ, ਬੁਖਾਰ ਆਦਿ ਦੇ ਲੱਛਣਾਂ ਦੀ ਸੂਰਤ ਵਿੱਚ ਡਾਕਟਰੀ ਸਲਾਹ ਲਓ।
- ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ, ਸਾਬਣ ਨਾਲ ਹੱਥ ਸਾਫ਼ ਕਰੋ।
- ਜੇਕਰ ਤੁਹਾਨੂੰ ਲੱਛਣ ਹਨ ਤਾਂ ਸਿਹਤਮੰਦ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।
ਕੀ ਨਾ ਕਰੀਏ?
• ਵਰਤੇ ਹੋਏ ਟਿਸ਼ੂ ਪੇਪਰ ਅਤੇ ਰੁਮਾਲ ਦੀ ਮੁੜ ਵਰਤੋਂ ਨਾ ਕਰੋ।
• ਲੱਛਣਾਂ ਤੋਂ ਪੀੜਤ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ।
• ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਦੀ ਵਰਤੋਂ ਨਾ ਕਰੋ।
• ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚੋ।
• ਜਨਤਕ ਥਾਵਾਂ 'ਤੇ ਥੁੱਕਣ ਤੋਂ ਬਚੋ।
• ਹੱਥ ਮਿਲਾਉਣ ਤੋਂ ਬਚੋ।