ਕੈਨੇਡਾ ਸਰਕਾਰ ਦੀ ਨਵੀਂ ਨੀਤੀ ਤਹਿਤ ਲੱਖਾਂ ਨੌਜਵਾਨਾਂ, ਉਹਨਾਂ ਦੇ ਪਰਿਵਾਰਾਂ ਅਤੇ ਪੀਆਰ ਦੀ ਰਾਹ ਦੇਖ ਰਹੇ ਲੋਕਾਂ ਦਾ ਭਵਿਖ ਹਨੇਰੇ ‘ਚ ਡੁੱਬਿਆ : ਹਰਜੀਤ ਗਰੇਵਾਲ
- ਪੰਜਾਬੀ ਨੌਜਵਾਨਾ ਦੇ ਭਵਿਖ ਅਤੇ ਟਰੂਡੋ ਸਰਕਾਰ ਦੀ ਨਵੀਂ ਵੀਜਾ ਅਤੇ ਪੀਆਰ ਨੀਤੀ ਖਿਲਾਫ਼ ਹਰਜੀਤ ਗਰੇਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੀ ਚਿਠੀI
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 10 ਜਨਵਰੀ,2025 - ਭਾਜਪਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਨਾਡਾ ਦੀ ਟਰੂਡੋ ਸਰਕਾਰ ਦੀ ਨਵੀਂ ਵੀਜਾ ਤੇ ਪੀਆਰ ਨੀਤੀ, ਜਿਸ ਕਾਰਨ ਲਗਭਗ 5 ਲੱਖ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਡੁੱਬਦਾ ਨਜਰ ਆ ਰਿਹਾ ਹੈ, ਇਸ ਬਾਰੇ ਕੇਂਦਰੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਪੱਤਰ ਲਿਖ ਕੇ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੈਨੇਡੀਅਨ ਸਰਕਾਰ ਨਾਲ ਗੱਲ ਕਰਨ ਅਤੇ ਉਪਯੋਗੀ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਟਰੂਡੋ ਸਰਕਾਰ ਦੀ ਨਵੀਂ ਵੀਜ਼ਾ ਅਤੇ ਪੀਆਰ ਨੀਤੀ ਕਾਰਨ 5 ਲੱਖ ਪੰਜਾਬੀ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਚੁੱਕਾ ਹੈ। ਇਹ ਸਭ ਟਰੂਡੋ ਸਰਕਾਰ ਦੀ ਨਵੀਂ ਨੀਤੀ ਕਾਰਨ ਹੋਇਆ ਹੈ। ਨਵੀਂ ਨੀਤੀ ਦੇ ਤਹਿਤ, ਅਧਿਐਨ ਪਰਮਿਟਾਂ ਅਤੇ ਸਥਾਈ ਨਿਵਾਸ ਨਾਮਜ਼ਦਗੀਆਂ ਦੀ ਗਿਣਤੀ ਕਾਫ਼ੀ ਸੀਮਤ ਸੀ। ਇਨ੍ਹਾਂ ਨੀਤੀਆਂ ਦਾ ਪੰਜਾਬੀ ਮੂਲ ਦੇ ਨੌਜਵਾਨਾਂ 'ਤੇ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਉਹ ਪੰਜਾਬੀ ਨੌਜਵਾਨ ਜੋ ਆਪਣੀ ਜ਼ਿੰਦਗੀ ਵਿੱਚ ਇੱਕ ਉਮੀਦ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹਨਾਂ ਨੂੰ ਕੈਨੇਡਾ ਦੀ ਨਾਗਰਿਕਤਾ ਮਿਲੇਗੀ ਅਤੇ ਉਹ ਆਪਣੇ ਪਰਿਵਾਰ ਨੂੰ ਇੱਕ ਚੰਗਾ ਭਵਿੱਖ ਪ੍ਰਦਾਨ ਕਰ ਸਕਣਗੇ। ਪਰ, ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੀ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਦਿਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਕੈਨੇਡੀਅਨ ਸਰਕਾਰ ਦੀ ਨਵੀਂ ਨੀਤੀ ਕਾਰਨ, ਵਿਦਿਆਰਥੀਆਂ ਅਤੇ ਪੀਆਰ ਦੀ ਉਮੀਦ ਕਰਨ ਵਾਲੇ ਲੋਕਾਂ ਦੇ ਅਰਬਾਂ ਰੁਪਏ ਡੁੱਬ ਜਾਣਗੇ।
ਗਰੇਵਾਲ ਨੇ ਕਿਹਾ ਕਿ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ 5 ਲੱਖ ਨੌਜਵਾਨ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਦਾ ਬਕਾਇਆ ਹਿੱਸਾ ਲਗਾਤਾਰ ਵਧ ਰਿਹਾ ਹੈ। 4 ਨਵੰਬਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, 30 ਸਤੰਬਰ, 2024 ਤੱਕ ਬੈਕਲਾਗ ਵਿੱਚ 1,097,000 ਅਰਜ਼ੀਆਂ ਲੰਬਿਤ ਸਨ। ਜਿਨ੍ਹਾਂ ਵਿੱਚੋਂ ਲਗਭਗ 40 ਪ੍ਰਤੀਸ਼ਤ ਪੰਜਾਬੀ ਮੂਲ ਦੇ ਲੋਕ ਹਨ। ਇਹਨਾਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ। ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਵੀਜ਼ਾ ਖਤਮ ਹੋਣ ਵਾਲਾ ਹੈ ਅਤੇ ਦੂਜੇ ਪਾਸੇ ਸਰਕਾਰ ਪੀਆਰ ਫਾਈਲ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ। ਹੁਣ ਪੰਜਾਬੀ ਨੌਜਵਾਨਾਂ ਕੋਲ ਸਿਰਫ਼ ਦੋ ਹੀ ਵਿਕਲਪ ਬਚੇ ਹਨ, ਜਾਂ ਤਾਂ ਉਹ ਕੈਨੇਡਾ ਵਿੱਚ ਲੁਕ ਕੇ ਗੈਰ-ਕਾਨੂੰਨੀ ਢੰਗ ਨਾਲ ਆਪਣੀ ਜ਼ਿੰਦਗੀ ਜੀਉਣ ਜਾਂ ਕੈਨੇਡਾ ਛੱਡ ਕੇ ਭਾਰਤ ਆ ਜਾਣ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੁਝ ਨੌਜਵਾਨ ਕੈਨੇਡਾ ਤੋਂ ਅਮਰੀਕਾ ਜਾਣ ਲੱਗ ਪਏ ਹਨ। ਪਿਛਲੇ ਇੱਕ ਸਾਲ ਵਿੱਚ, 46 ਹਜ਼ਾਰ ਤੋਂ ਵੱਧ ਨੌਜਵਾਨ ਕੈਨੇਡਾ ਤੋਂ ਅਮਰੀਕਾ ਸਰਹੱਦ ਪਾਰ ਕਰਦੇ ਫੜੇ ਗਏ ਹਨ, ਜੋ ਕਿ ਬਹੁਤ ਚਿੰਤਾਜਨਕ ਅੰਕੜਾ ਹੈ। ਕੈਨੇਡਾ ਭਰ ਦੇ ਵੱਖ-ਵੱਖ ਸੂਬਿਆਂ, ਜਿਵੇਂ ਕਿ ਪ੍ਰਿੰਸ ਐਡਵਰਡ ਆਈਲੈਂਡ, ਓਨਟਾਰੀਓ, ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 50 ਲੱਖ ਪਰਮਿਟ 2025 ਵਿੱਚ ਖਤਮ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਲਈ ਹਨ। ਜਿਸ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬੀ ਮੂਲ ਦੇ ਹਨ। ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਲਗਾਤਾਰ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਰ ਕਨਾਡਾ ਸਰਕਾਰ ਹਰ ਰੋਜ਼ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ। ਹਰਜੀਤ ਸਿੰਘ ਗਰੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਅਤੇ ਪੀਆਰ ਦੀ ਉਮੀਦ ਰੱਖਣ ਵਾਲੇ ਲੋਕਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਕੈਨੇਡੀਅਨ ਸਰਕਾਰ ਨਾਲ ਗੱਲ ਕਰਕੇ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨ।