ਸਾਨੂੰ ਹਮੇਸ਼ਾ ਗੁਰੂਆਂ ਦੀ ਧਾਰਨਾਵਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ : ਕੁਲਤਾਰ ਸਿੰਘ ਸੰਧਵਾਂ
ਅਸ਼ੋਕ ਵਰਮਾ
ਹਰਰਾਏਪੁਰ (ਬਠਿੰਡਾ), 30 ਮਾਰਚ 2025: ਸਾਨੂੰ ਹਮੇਸ਼ਾ ਗੁਰੂਆਂ ਦੀ ਧਾਰਨਾਵਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ, ਜਿਸ ਨਾਲ ਜਿੰਦਗੀ ਹਮੇਸ਼ਾ ਹੀ ਚੜਦੀਕਲਾ ਵਾਲੀ ਰਹਿੰਦੀ ਹੈ। ਜਿੱਥੇ ਹਰਿਆਲੀ ਤੇ ਖੁਸ਼ਹਾਲੀ ਹੈ, ਉਥੇ ਹੀ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਨੇ ਗੁਰੂਦੁਆਰਾ ਜੰਡ ਸਾਹਿਬ ਪਾਤਸ਼ਾਹਿ 7ਵੀਂ ਵਿਖੇ ਅੱਜ ਸੱਤਵੇਂ ਗੁਰੂ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੀ ਗੁਰਗੱਦੀ ਦਿਵਸ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਕੀਤਾ।
ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸੰਗਤਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸੱਤਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਅਸਥਾਨ 'ਤੇ ਸੱਤਵੇਂ ਗੁਰੂ ਸਾਹਿਬ 2200 ਘੋੜ ਸਵਾਰਾਂ ਨਾਲ 22 ਦਿਨ ਇੱਥੇ ਰੁਕੇ ਸਨ।
ਇਸ ਦੌਰਾਨ ਸ ਮਨਿੰਦਰ ਸਿੰਘ ਓ.ਐਸ.ਡੀ. ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪਿੱਛਲੇ ਪਛਾੜੀ ਸਾਹਿਬ ਵਿਖੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਹਰਿ ਰਾਏ ਸਾਹਿਬ ਦੀ ਯਾਦ ’ਚ 4 ਏਕੜ ਬਾਗ ਲਗਾਇਆ ਜਾਵੇਗਾ। ਇਸ ਬਾਗ ’ਚ ਮੈਡੀਸਨ ਪਲਾਂਟ ਲਗਾਏ ਜਾਣਗੇ ਅਤੇ ਪੁਰਾਤਨ ਵਿਰਾਸਤੀ ਬੂਟੇ ਨਿੰਮ, ਕਿੱਕਰ, ਟਾਹਲੀ ਲਗਾਏ ਜਾਣਗੇ। ਇਹ ਬਾਗ ਕਰੀਬ ਤਿੰਨ ਚਾਰ ਮਹੀਨਿਆ ’ਚ ਮੁਕੰਮਲ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਇਹ ਬਾਗ ਖਾਲਸਾ ਏਡ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਹਜ਼ੂਰੀ ਕਥਾ ਵਾਚਕ ਭਾਈ ਅਮਨਦੀਪ ਸਿੰਘ ਵੱਲੋਂ ਕਥਾ ਕੀਰਤਨ ਕੀਤਾ ਗਿਆ। ਇਸ ਮੌਕੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਦੀਵਾਨ ਟੋਡਰ ਮੱਲ ਫਾਂਊਡੇਸ਼ਨ ਦੀ ਟੀਮ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਟੀਮ ਵੱਲੋਂ ਦੀਵਾਨ ਟੋਡਰ ਮੱਲ ਦੀ ਹਵੇਲੀ ਜੋ ਕਿ ਢਹਿ ਢੇਰੀ ਹੋ ਚੁੱਕੀ ਸੀ ਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੁਰਗੁੱਦੀ ਦਿਵਸ ਨੂੰ ਸਮਰਪਿਤ ਮੁਫ਼ਤ ਆਯੁਰਵੈਦਿਕ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਧੀਰਜ ਜਿੰਦਲ ਅਤੇ ਡਾ. ਸੋਨੀਆ ਜੈਨ ਨੇ ਸ਼ਿਰਕਤ ਕੀਤੀ ਅਤੇ ਮਰੀਜਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬੂਟਿਆਂ ਦਾ ਪ੍ਰਸ਼ਾਦ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀਆਂ।