ਵਿਸ਼ਵ ਨਾਚ ਦਿਵਸ ਮੌਕੇ 'ਕਥਕ, ਏ ਟਾਈਮਲੈੱਸ ਟੇਲ' ਨਾਮੀ ਸੱਭਿਆਚਾਰਕ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025:ਵਿਸ਼ਵ ਨਾਚ ਦਿਵਸ ਮੌਕੇ ਰਿਵਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰੇਰਣਾ ਕਥਕ ਨ੍ਰਿਤਾਲਿਆ ਨੇ 'ਕਥਕ: ਏ ਟਾਇਮਲੈੱਸ ਟੇਲ' ਨਾਮੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ 'ਚ ਮਿਲੇਨੀਅਮ ਸਕੂਲ, ਐਚ. ਐਮ. ਈ. ਐਲ. ਟਾਊਨਸ਼ਿਪ ਦੇ ਸਹਿਯੋਗ ਨਾਲ ਹੋਈ ਸੱਭਿਆਚਾਰਕ ਸ਼ਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਤੇ ਵਿਸ਼ੇਸ਼ ਮਹਿਮਾਨ ਐਮ. ਬੀ. ਗੋਹਿਲ, ਸੀ. ਓ., ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨੇ ਸ੍ਰੀਮਤੀ ਪ੍ਰੇਰਨਾ ਵਾਲਿਵਾਡੇਕਰ ਤੇ ਵਿਸ਼ਵਾਸ ਵਾਲਿਵਾਡੇਕਰ ਦੇ ਨਾਲ ਮਿਲਕੇ ਸ਼ਮਾਂ ਰੌਸ਼ਨ ਕਰਕੇ ਕੀਤੀ।
ਉਪਰੰਤ ਬੱਚਿਆਂ ਨੇ ਗਣੇਸ਼ ਵੰਦਨਾ ਪੇਸ਼ ਕੀਤੀ। ਨਾਚ ਨਾਟਕ 'ਘਨਸ਼ਿਆਮ' ਸਮਾਗਮ ਦੌਰਾਨ ਮੁੱਖ ਖਿੱਚ ਦਾ ਕੇਂਦਰ ਰਿਹਾ, ਜਿਸ 'ਚ ਨੰਨ੍ਹੇ ਕਲਾਕਾਰਾਂ ਨੇ ਸ਼ੁੱਧ ਸ਼ਾਸਤਰੀ ਸ਼ੈਲੀ ਦੇ ਆਧਾਰ ਤੇ 'ਘਨਸ਼ਿਆਮ' ਨਾਟਕ ਰਾਹੀਂ ਨਸ਼ਿਆਂ ਦੀ ਬੁਰਾਈ 'ਤੇ ਆਧਾਰਿਤ ਇੱਕ ਗੰਭੀਰ ਤੇ ਭਾਵੁਕ ਕਹਾਣੀ ਨੂੰ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਡੀ. ਸੀ. ਸ਼ੌਕਤ ਅਹਿਮਦ ਪਰੇ ਨੇ ਕਥਕ ਦੀ ਸ਼ੁੱਧ ਸ਼ਾਸਤਰੀ ਸ਼ੈਲੀ 'ਚ ਨੰਨ੍ਹੇ ਕਲਾਕਾਰਾਂ ਦੀ ਭਾਵਨਾਵਾਂ ਤੇ ਕਲਾ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ। ਸ੍ਰੀਮਤੀ ਪ੍ਰੇਰਨਾ ਵਾਲਿਵਾਡੇਕਰ ਨੇ ਆਖਿਆ ਕਿ ਨਾਚ ਹਮੇਸ਼ਾ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ। ਅੰਤ ਵਿੱਚ ਮਹਿਮਾਨਾਂ ਨੇ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ।