ਮਜ਼ਦੂਰ ਆਗੂ ਵੱਲੋਂ ਕੇਂਦਰੀ ਬਜਟ ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਗਰੀਬਾਂ ਲਈ ਧੋਖਾ ਕਰਾਰ
ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2025 :ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀਵਾਲਾ ਨੇ ਕੇਂਦਰੀ ਬਜਟ ਨੂੰ ਮਜ਼ਦੂਰਾਂ ,ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਆਮ ਗ਼ਰੀਬਾਂ ਨਾਲ ਵੱਡਾ ਧੋਖਾ ਤੇ ਉਹਨਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਕਰਾਰ ਦਿੱਤਾ ਹੈ l ਮਜਦੂਰਾਂ ਲਈ ਘੱਟ ਘੱਟ ਲੋੜੀਂਦੀ ਆਮਦਨ ਯਕੀਨੀ ਬਣਾਉਣ ਤੇ ਉਹਨਾਂ ਨੂੰ ਕਰਜਾ ਮੁਕਤ ਕਰਨ ਦੀ ਬਜਾਏ ਉਹਨਾਂ ਨੂੰ ਕਰਜ਼ੇ ਦੇ ਹੋਰ ਵੱਡੇ ਜਾਲ ਚ ਫ਼ਸਾਉਣ ਦੇ ਰਾਹ ਮੋਕਲੇ ਕੀਤੇ ਹਨ l ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ,ਪਰ ਜ਼ਰਈ ਸੰਕਟ ਨੂੰ ਹੋਰ ਡੂੰਘਾ ਹੋਣ ਤੋਂ ਰੋਕਣ ਲਈ ਰੁਜਗਾਰ ਦੇ ਘੱਟੋ ਘੱਟ ਮੌਕੇ ਸਿਰਜਣ ਦਾ ਕੋਈ ਪਲਾਨ ਨਹੀਂ ਹੈ l ਖੇਤ ਖੇਤਰ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਕੀਤੇ ਜਿਕਰ ਨਹੀਂ l
ਉਹਨਾਂ ਕਿਹਾ ਕਿ ਬਜਟ ਦੌਰਾਨ ਵਪਾਰੀਕਰਨ ਤੇ ਖੁੱਲ਼ੀ ਮੰਡੀ ਨੂੰ ਉਤਸ਼ਾਹਿਤ ਕੀਤਾ ਗਿਆ ਹੈ l ਦਲਿਤਾਂ ਨੂੰ ਘਰਾਂ ਲਈ ਕੁੱਝ ਮਰਲੇ ਜ਼ਮੀਨ ਮੁਫ਼ਤ ਦੇਣ ਤੇ ਪੇਂਡੂ ਖੇਤਰ ਚ ਘੱਟ ਘੱਟ ਦਿਹਾੜੀ ਦਾ ਕਨੂੰਨ ਬਣਾਉਣ ਦੀ ਕੋਈ ਵਿਉਂਤ ਨਹੀਂ l ਉਸਾਰੀ ਦੇ ਪ੍ਰੋਜੈਕਟਾਂ ਚ ਠੇਕੇਦਾਰੀ ਪ੍ਰਬੰਦ ਖ਼ਤਮ ਕਰਨ ਦਾ ਕੋਈ ਨਕਸ਼ਾ ਨਹੀਂ ਉਲੀਕਿਆ ਗਿਆ ਹੈ l ਬਜਟ ਨਾਲ ਭੁੱਖਮਰੀ, ਬੇਰੁਜਗਾਰੀ,ਕੁਪੋਸ਼ਣ ਆਦਿ ਬੇਲਗਾਮ ਵਧਣਗੇ l ਕਰਜ਼ਈ ਲੋਕ ਦੀਆਂ ਖ਼ੁਦਕਸ਼ੀਆਂ ਵਧਣਗੀਆਂ ਤੇ ਨਸ਼ਾ ਤਸਕਰ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਣਗੇ l ਕੁੱਲ ਮਿਲਾ ਕੇ ਬਜਟ ਵੱਡੇ ਕਾਰਪੋਰੇਟ ਘਰਾਣਿਆਂ ਤੇ ਮੁਨਾਫ਼ਾਖੋਰਾਂ ਦੀ ਪੁਸ਼ਤਪਨਾਹੀ ਕਰਦਾ ਹੈ ਤੇ ਪੂਰੀ ਤਰ੍ਹਾਂ ਰੱਦ ਕਰਨਯੋਗ ਹੈ l