ਬਠਿੰਡਾ ਦਾ ਬੱਸ ਅੱਡਾ : ਹਫਤੇ ਦਾ ਅਲਟੀਮੇਟਮ ਫਿਰ ਫਸਾਵਾਂਗੇ ਚਿੱਕੜ ਵਿੱਚ ਹਕੂਮਤ ਦਾ ਗੱਡਾ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025 : ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਇਹ ਫੈਸਲਾ ਰੱਦ ਕਰਨ ਲਈ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਸੱਤ ਦਿਨਾਂ ਬਾਅਦ ਮਿਸਾਲੀ ਸੰਘਰਸ਼ ਵਿੱਢਿਆ ਜਾਏਗਾ। ਅੱਜ ਸੰਘਰਸ਼ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਏਜੰਡਾ ਰੱਖਿਆ ਅਤੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਸੰਘਰਸ਼ ਕਮੇਟੀ ਦੇ ਆਗੂਆਂ ਦੀ ਸੁਰ ਡਿਪਟੀ ਕਮਿਸ਼ਨਰ ਬਠਿੰਡਾ ਖਿਲਾਫ ਸੁਰ ਤਿੱਖੀ ਰਹੀ ਅਤੇ ਉਨ੍ਹਾਂ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਧਾਰੀ ਚੁੱਪ ਤੇ ਵੀ ਸਵਾਲ ਚੁੱਕੇ। ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਦੇ ਫਸਲ ਸਾਂਭਣ ਵਿੱਚ ਰੁੱਝੇ ਹੋਣ ਕਾਰਨ ਪ੍ਰਸ਼ਾਸ਼ਨ ਨੂੰ ਲਗਦਾ ਹੈ ਕਿ ਮੁੱਠੀ ਭਰ ਲੋਕ ਅੰਦੋਲਨ ਕਰ ਰਹੇ ਹਨ ਪਰ ਆਉਂਦੇ ਦਿਨੀਂ ਸੰਘਰਸ਼ ਕਮੇਟੀ ਭਾਰਤਰੀ ਮੋਢੇ ਦੇ ਜੋਰ ਤੇ ਅਫਸਰਾਂ ਨੂੰ ਦਿਖਾਏਗੀ ਕਿ ਬਠਿੰਡਾ ਦੇ ਲੋਕ ਚੀਜ਼ ਕੀ ਹਨ।
ਇਸ ਮੌਕੇ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਬਣੇ ਰਹਿਣ ਦੇ ਫਾਇਦੇ ਅਤੇ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਲਿਜਾਣ ਦੇ ਨੁਕਸਾਨ ਬਾਰੇ ਜਾਣਕਾਰੀ ਵੀ ਦਿੱਤੀ ਗਈ। ਟਰਾਂਸਪੋਰਟ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਮੌਜੂਦਾ ਬੱਸ ਅੱਡੇ ਕੋਲ ਕਚਹਿਰੀ, ਮਿਨੀ ਸਕੱਤਰੇਤ, ਕਾਲਜ਼, ਹਸਪਤਾਲ, ਰੇਲਵੇ ਸਟੇਸ਼ਨ, ਮੁੱਖ ਬਜ਼ਾਰ ਅਤੇ ਸਬਜ਼ੀ ਮੰਡੀ ਆਦਿ ਹੋਣ ਕਰਕੇ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ ਜੋਕਿ ਬੱਸ ਅੱਡਾ ਸ਼ਿਫਟ ਹੋਣ ਨਾਲ ਖਤਮ ਹੋ ਜਾਣਗੀਆਂ। ਕਮੇਟੀ ਆਗੂ ਹਰਵਿੰਦਰ ਸਿੰਘ ਅਤੇ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੱਸ ਅੱਡੇ ਦੀ ਦੂਜੀ ਪਾਸੇ ਵਾਲੀ ਸੜਕ ਦੇ ਬੰਦ ਰਹਿਣ ਵਾਲੇ ਹਿੱਸੇ ਦੇ ਨਾਲ ਨਾਲ ਪਾਵਰ ਹਾਊਸ ਰੋਡ ਦੀ ਢੁੱਕਵੀਂ ਵਰਤੋਂ ਕੀਤੀ ਜਾਏ ਤਾਂ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਏ ਕਿ ਪ੍ਰਸ਼ਾਸਨ ਅਤੇ ਸਰਕਾਰ ਭੂਮਾਫੀਆ ਨੂੰ ਫਾਇਦਾ ਪਹੁੰਚਾਉਣ ਲਈ ਬੱਸ ਅੱਡਾ ਸ਼ਹਿਰ ਤੋਂ ਦੂਰ ਲਿਜਾਣ ’ਤੇ ਅੜੀ ਹੋਈ ਹੈ।
ਵਪਾਰ ਮੰਡਲ ਆਗੂਆਂ ਨੇ ਕਿਹਾ ਕਿ ਸ਼ਹਿਰ ਦਾ ਜ਼ਿਆਦਾਤਰ ਵਪਾਰ ਪਿੰਡਾਂ ਤੋਂ ਆਉਣ ਵਾਲੇ ਗਾਹਕਾਂ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਸ ਅੱਡਾ ਹੋਰ ਥਾਂ ਲਿਜਾਇਆ ਗਿਆ ਤਾਂ ਨਾਂ ਕੇਵਲ ਵਪਾਰੀ ਬਲਕਿ ਦੁਕਾਨਾਂ ਤੇ ਕੰਮ ਕਰਦੇ ਮੁਲਾਜਮ ਵੀ ਬਰਬਾਦ ਹੋ ਜਾਣਗੇ। ਵਿਦਿਆਰਥੀ ਆਗੂ ਪ੍ਰਿਅੰਕਾ ਅਰੋੜਾ ਅਤੇ ਐਡਵੋਕੇਟ ਬਿਸ਼ਨਦੀਪ ਕੌਰ ਨੇ ਕਿਹਾ ਕਿ ਹਜ਼ਾਰਾਂ ਵਿਦਿਆਰਥੀਆਂ , ਵਕੀਲਾਂ ਅਤੇ ਆਮ ਲੋਕਾਂ ਲਈ ਮੌਜੂਦਾ ਬੱਸ ਅੱਡਾ ਵਰਦਾਨ ਹੈ ਜਿਸ ਦੇ ਦੂਰ ਜਾਣ ਨਾਲ ਹਰ ਵਰਗ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਨੇਤਾ ਸੰਦੀਪ ਅਗਰਵਾਲ ਅਤੇ ਆਸ਼ੁਤੋਸ਼ ਤਿਵਾਰੀ ਨੇ ਵਿਧਾਇਕ ਜਗਰੂਪ ਗਿੱਲ ਦੀ ਚੁੱਪ ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਅਧਿਕਾਰੀ ਲੋਕਾਂ ਦੀ ਦੁਹਾਈ ਸੁਣਨ ਦੀ ਥਾਂ ਤਾਨਾਸ਼ਾਹਾਂ ਵਾਂਗ ਫੈਸਲੇ ਲੈ ਰਹੇ ਹਨ। ਸਮੂਹ ਸੰਸਥਾਵਾਂ ਨੇ ਚਿਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਵਿੱਚ ਲੋਕ ਪੱਖੀ ਫੈਸਲਾ ਆਇਆ ਤਾਂ ਮਜਬੂਰ ਹੋ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇੰਨ੍ਹਾਂ ਵੱਲੋਂ ਸੰਘਰਸ਼ ਦਾ ਫੈਸਲਾ
ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਕੱਪੜਾ ਮਾਰਕੀਟ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨਾਂ , ਸਮਰੱਥ ਵੈਲਫੇਅਰ ਸੋਸਾਇਟੀ, ਕੱੁਲ ਹਿੰਦ ਕਿਸਾਨ ਸਭਾ, ਜਵੈਲਰਜ਼ ਐਸੋਸੀਏਸ਼ਨ, ਬੱਸ ਅੱਡਾ ਮਾਰਕੀਟ ਐਸੋਸੀਏਸ਼ਨ, ਬੀਕੇਯੂ ਡਕੌਂਦਾ, ਭਗਤ ਸਿੰਘ ਮਾਰਕੀਟ ਐਸੋਸੀਏਸ਼ਨ, ਕੋਰਟ ਰੋਡ ਐਸੋਸੀਏਸ਼ਨ, ਪ੍ਰਿੰਸੀਪਲ ਹਰਬੰਸ ਸਿੰਘ, ਅਕਾਲੀ ਦਲ ਤੋਂ ਬਬਲੀ ਢਿੱਲੋ, ਕੌਂਸਲਰ ਰਾਜ ਕੁਮਾਰ, ਰੀਨਾ ਗੁਪਤਾ, ਵੀਰਪਾਲ ਕੌਰ, ਗੁਰਿੰਦਰ ਕੌਰ, ਕੰਵਲਜੀਤ ਭੰਗੂ, ਪੰਕਜ ਭਾਰਦਵਾਜ, ਡਾ. ਅਜੀਤਪਾਲ ਸਿੰਘ, ਬੱਗਾ ਸਿੰਘ, ਜੋਰਾ ਸਿੰਘ ਨਸਰਾਲੀ, ਅਧਿਆਪਕ ਆਗੂ ਲਛਮਣ ਮਲੂਕਾ ਅਤੇ ਐਡਵੋਕੇਟ ਸੁਦੀਪ ਸਿੰਘ ਆਦਿ ਹਾਜ਼ਰ ਸਨ।