ਫੂਡ ਸੇਫ਼ਟੀ ਵਿਭਾਗ ਨੇ ਵਿੱਢੀ ਚੈਕਿੰਗ ਮੁਹਿੰਮ, ਜਲੰਧਰ 'ਚ ਪਨੀਰ ਦੇ 5 ਸੈਂਪਲ ਭਰੇ
- ਖਾਧ ਪਦਾਰਥਾਂ ’ਚ ਮਿਲਾਵਟ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡਾ. ਹਰਜੋਤ ਪਾਲ ਸਿੰਘ
ਜਲੰਧਰ, 20 ਫਰਵਰੀ 2025 - ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਫੂਡ ਸੇਫ਼ਟੀ, ਪੰਜਾਬ ਅਭਿਨਵ ਤ੍ਰਿਖਾ ਦੀ ਅਗਵਾਈ ਵਿੱਚ ਫੂਡ ਸੇਫ਼ਟੀ ਵਿਭਾਗ ਖਾਧ ਪਦਾਰਥਾਂ ਵਿੱਚ ਮਿਲਾਵਟ ਦੀ ਰੋਕਥਾਮ ਲਈ ਵਚਨਬੱਧ ਹੈ, ਜਿਸ ਤਹਿਤ ਚੈਕਿੰਗ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਅੱਜ ਫੂਡ ਸੇਫ਼ਟੀ ਵਿਭਾਗ ਦੀ ਟੀਮ, ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਰਜਨੀ ਵੀ ਮੌਜੂਦ ਸਨ, ਵਲੋਂ ਰਾਮਾ ਮੰਡੀ ਅਤੇ ਆਦਮਪੁਰ ਵਿਖੇ ਵੱਖ-ਵੱਖ ਡੇਅਰੀਆਂ ਅਤੇ ਖਾਣ-ਪੀਣ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਪਨੀਰ ਦੇ ਪੰਜ ਸੈਂਪਲ ਭਰੇ ਗਏ। ਮਿਲਾਵਟ ਅਤੇ ਹੋਰ ਗੁਣਵੱਤਾ ਮਾਪਦੰਡਾਂ ਦੀ ਜਾਂਚ ਲਈ ਇਨ੍ਹਾਂ ਸੈਂਪਲਾਂ ਦੀ ਟੈਸਟਿੰਗ ਕੀਤੀ ਜਾਵੇਗੀ।
ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਖਾਣ-ਪੀਣ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਖ਼ਪਤਕਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਫ਼-ਸੁਥਰੇ ਤੇ ਗੁਣਵੱਤਾ ਭਰਪੂਰ ਖਾਧ ਪਦਾਰਥ ਹੀ ਬਣਾਏ ਤੇ ਵੇਚੇ ਜਾਣ। ਉਨ੍ਹਾਂ ਦੱਸਿਆ ਕਿ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੁੂੰ ਵੀ ਅਪੀਲ ਕੀਤੀ ਕਿ ਸ਼ੁੱਧ ਤੇ ਗੁਣਵੱਤਾ ਭਰਪੂਰ ਖਾਧ ਪਦਾਰਥਾਂ ਪ੍ਰਤੀ ਸੁਚੇਤ ਰਹਿਣ ਤੇ ਜੇਕਰ ਖਾਧ ਪਦਾਰਥਾਂ ਵਿੱਚ ਮਿਲਾਵਟ ਸਬੰਧੀ ਕੋਈ ਸ਼ੱਕੀ ਗਤੀਵਿਧੀ ਧਿਆਨ ਵਿੱਚ ਆਉਂਦੀ ਹੈ, ਤਾਂ ਉਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ।