ਪੰਜਾਬ ’ਚ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼: ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਹਰਜਿੰਦਰ ਸਿੰਘ ਭੱਟੀ
- 55000 ਨਵੇਂ ਐਮ ਐਸ ਐਮ ਈਜ਼ ਦਰਜ ਹੋਏ ਇਨਵੈਸਟ ਪੰਜਾਬ ਪੋਰਟਲ ਦੇਸ਼ ਭਰ ਵਿੱਚੋਂ ਪਹਿਲੇ ਸਥਾਨ ’ਤੇ
- ਸੂਬੇ ਦੇ ਪਿੰਡਾਂ ’ਚ 6000 ਖੇਡ ਮੈਦਾਨਾਂ ’ਚੋਂ 3000 ਮੈਦਾਨ ਮੁਕੰਮਲ, ਬਾਕੀ ਅਗਲੇ ਵਿੱਤੀ ਸਾਲ ਦੇ ਅਖੀਰ ਤੱਕ ਪੂਰੇ ਕਰ ਲਏ ਜਾਣਗੇ
- ਛੱਪੜਾਂ ਦੀ ਸਫ਼ਾਈ ਅਤੇ ਸੁੰਦਰੀਕਰਨ ਦਾ ਕੰਮ ਜਾਰੀ
- ਕਿਰਤ ਵਿਭਾਗ ’ਚ ਫ਼ਾਰਮ 27 ਦਾ ਸਰਲੀਕਰਨ, ਤਿੰਨ ਮਹੀਨੇ ’ਚ 60 ਹਜ਼ਾਰ ਕਿਰਤੀਆਂ ਦੀਆਂ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਫ਼ਰਵਰੀ, 2025: ਪੰਜਾਬ ਦੇ ਸਨਅਤ ਅਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਸੂਬੇ ਨੂੰ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਾ ਦਿੱਤਾ ਹੈ। ਸੂਬੇ ’ਚ 90 ਹਜ਼ਾਰ ਕਰੋੜ ਰੁਪਏ ਤੋਂ ਵਧਰੇ ਦੇ ਨਿਵੇਸ਼ਕ ਪ੍ਰਸਤਾਵ ਪ੍ਰਾਪਤ ਹੋਏ ਹਨ। ਅੱਜ ਇੱਥੇ ਇੱਕ ਨਿੱਜੀ ਟੀਵੀ ਚੈਨਲ ਵੱਲੋਂ ਕਰਵਾਏ ਸਮਾਗਮ ’ਚ ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ਆਪਣੇ ਮਹਿਕਮਿਆਂ ਦੀ ਪ੍ਰਗਤੀ ਦਾ ਬਿਊਰਾ ਦਿੰਦਿਆਂ ਮੰਤਰੀ ਸੌਂਦ ਨੇ ਦੱਸਿਆ ਕਿ ਇਹ ਸਰਕਾਰ ਦੀ ਨਿਵੇਸ਼ਕਾਂ ਪ੍ਰਤੀ ਉਦਾਰ ਨੀਤੀ ਦਾ ਨਤੀਜਾ ਹੈ ਕਿ ਟਾਟਾ ਸਟੀਲ ਦਾ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਬਲਾਸਟ ਫ਼ਰਨੇਸ ਦਾ ਸਟੀਲ ਪਲਾਂਟ ਪੰਜਾਬ ’ਚ ਲੁਧਿਆਣਾ ਨੇੜੇ ਸਾਈਕਲ ਵੈਲੀ ’ਚ ਆਇਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਦਾ ਇਨਵੈਸਟ ਪੰਜਾਬ ਪੋਰਟਲ ਵਪਾਰ ਨੂੰ ਸੁਖਾਲਾ ਬਣਾਉਣ ਦੀ ਸ਼੍ਰੇਣੀ ’ਚ ਪੂਰੇ ਦੇਸ਼ ’ਚੋਂ ਪਹਿਲੇ ਸਥਾਨ ’ਤੇ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ 55000 ਨਵੇਂ ਐਮ ਐਸ ਐਮ ਈਜ਼ ਨੇ ਆਪਣੀ ਇੰਨਲਿਸਟਮੈਂਟ ਕਰਵਾ ਕੇ ਸੂਬੇ ਅੰਦਰ ਕੰਮ ਕਰਨ ਦੀ ਰੁਚੀ ਦਿਖਾਈ ਹੈ। ਉੁਨ੍ਹਾਂ ਦੱਸਿਆ ਕਿ ਸੂਬੇ ’ਚ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਸਟੇਟ ਜੀ ਐਸ ਟੀ ਅਤੇ ਬਿਜਲੀ ਦਰਾਂ ’ਚ ਸਬਸਿਡੀ ਦੇ ਕੇ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਗਾ ਪ੍ਰਾਜੈਕਟ ਲਈ ਵਿਸ਼ੇਸ਼ ਨੀਤੀ ਤਿਆਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਂਸਲ ਹੋਏ ਸਨਅਤੀ ਪਲਾਟਾਂ ( ਪੀ ਐਸ ਆਈ ਈ ਸੀ) ਨੂੰ ਮੁੜ ਤੋਂ ਬਹਾਲ ਕਰਨ ਲਈ ਯਕਮੁਸ਼ਤ ਨਿਪਟਾਰਾ (ਓ ਟੀ ਐਸ) ਸਕੀਮ ਲਿਆ ਰਹੇ ਹਾਂ ਤਾਂ ਜੋ ਪਲਾਟ ਹੋਲਡਰਾਂ ਨੂੰ ਸਨਅਤੀ ਇਕਾਈ ਲਾਉਣ ਦਾ ਮੌਕਾ ਮਿਲ ਸਕੇ।
ਉਨ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ’ਚ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ 6000 ਪਿੰਡਾਂ ’ਚ ਖੇਡ ਮੈਦਾਨ ਤਿਆਰ ਕਰਨ ਦਾ ਅਗਲੇ ਵਿੱਤੀ ਵਰ੍ਹੇ ਤੱਕ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 50 ਫ਼ੀਸਦੀ ਭਾਵ 3000 ਖੇਡ ਮੈਦਾਨ ਤਿਆਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਸੁੰਦਰੀਕਰਣ ਕੀਤਾ ਜਾ ਰਿਹਾ ਹੈ। ਮੰਤਰੀ ਸੌਂਦ ਨੇ ਕਿਹਾ ਕਿ ਸੂਬੇ ਦੇ ਪਿੰਡਾਂ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ’ਤੇ ਲਾਇਬ੍ਰੇਰੀਆਂ ਸਥਾਪਿਤ ਕਰਕੇ, ਨੌਜੁਆਨਾਂ ਨੂੰ ਮਿਆਰੀ ਕਿਤਾਬਾਂ, ਇੰਟਰਨੈਟ ਸਹੂਲਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸੂਬੇ ’ਚ ਜ਼ਮੀਨੀ ਪਾਣੀ ਦੀ ਬੱਚਤ ਲਈ ਲੰਮੇ ਸਮੇਂ ਦੀ ਯੋਜਨਾ ਤਹਿਤ ਖੇਤੀਬਾੜੀ ਲਈ 100 ਫ਼ੀਸਦੀ ਨਹਿਰੀ ਪਾਣੀ ’ਤੇ ਆਧਾਰਿਤ ਸਿੰਚਾਈ ਪ੍ਰੋਗਰਾਮ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਸੂਏ ਪੱਕੇ ਹੋ ਰਹੇ ਹਨ ਅਤੇ ਮੋਘੇ, ਟੇਲਾਂ ਕੱਢੀਆਂ ਜਾ ਰਹੀਆਂ ਹਨ। ਮੰਤਰੀ ਸੌਂਦ ਅਨੁਸਾਰ ਕਿਰਤ ਵਿਭਾਗ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਫ਼ਾਰਮ 27 ਦੀ ਘੁੰਮਣ-ਘੇਰੀਆਂ ਸਨ, ਜਿਸ ਦਾ ਹੁਣ ਸਰਲੀਕਰਣ ਕਰ ਦਿੱਤਾ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ’ਚ 60 ਹਜ਼ਾਰ ਤੋਂ ਵਧੇਰੇ ਕਿਰਤੀਆਂ ਦੀਆਂ ਰਜਿਸਟ੍ਰੇਸ਼ਨਾਂ ਪੰਜਾਬ ਮਕਾਨ ਤੇ ਹੋਰ ਉਸਾਰੀ ਕਾਮਿਆਂ ਨਾਲ ਸਬੰਧਤ ਬੋਰਡ ਦੀਆਂ ਸਹੂਲਤਾਂ ਲਈ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਪੰਜਾਬ ’ਚ ਸੈਰ ਸਪਾਟਾ ਨੂੰ ਉਤਸ਼ਾਹ ਦੇਣ ਦੇ ਮੰਤਵ ਨਾਲ ਕੀਤੇ ਜਾ ਰਹੇ ਕੰਮਾਂ ’ਚ ਪੰਜਾਬ ਦੀ ਧਰਤੀ ’ਤੇ ਆਉਣ ਵਾਲੇ ਲੋੋਕਾਂ ਨੂੰ ਵੱਖਰਾ ਪ੍ਰਭਾਵ ਦੇਣ ਲਈ ਸੂਬੇ ਦੀ ਐਂਟਰੈਂਸ ’ਤੇ ਥੀਮ ਅਧਾਰਿਤ ਗਲਿਆਰਾ ਗੇਟ ਬਣਾਏ ਜਾਣ ਦੀ ਯੋਜਨਾ ’ਤੇ ਕੰਮ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਗੇਟ ਪੰਜਾਬ ਦੀ ਸ਼ਾਨ ’ਚ ਵਾਧਾ ਕਰਨ ਦੇ ਨਾਲ ਨਾਲ ਗੁਰੂਆਂ-ਪੀਰਾਂ, ਸੰਤ-ਸਿਪਾਹੀਆਂ ਅਤੇ ਸੂਰਬੀਰਾਂ ਦੀ ਧਰਤੀ ’ਤੇ ਦਾਖਲ ਹੋਣ ਦਾ ਵੱਖਰਾ ਅਹਿਸਾਸ ਕਰਵਾਏਗਾ।