ਪੰਜਾਬੀ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੇ 'ਸਾਈਕੋਫ਼ੈਸਟ 2025' ਵਿੱਚ ਇਨਾਮ ਜਿੱਤੇ
ਪਟਿਆਲਾ, 28 ਅਪ੍ਰੈਲ 2025 - ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਤਿੰਨ ਵਿਦਿਆਰਥੀਆਂ ਨੇ ਲੁਧਿਆਣਾ ਦੀ ਸੀ.ਟੀ. ਯੂਨੀਵਰਸਿਟੀ ਵਿੱਚ ਹੋਏ 'ਸਾਈਕੋਫ਼ੈਸਟ 2025' ਦੌਰਾਨ ਦੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੀਆਂ ਦੋ ਵਿਦਿਆਰਥੀ ਲੜਕੀਆਂ ਵੰਸ਼ਿਕਾ ਮਾਗੋ ਨੇ ਅਤੇ ਦੁਸ਼ਾਰ ਬਿਸ਼ਨੋਈ ਨੇ ਕੁਇਜ਼ ਅਤੇ ਡਿਬੇਟ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸੰਜਨਾ ਭਾਰਦਵਾਜ ਨੇ ਆਪਣੀਆਂ ਸ਼ਾਨਦਾਰ ਅਦਾਵਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਦਿਆਂ ਡਾਂਸ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਸਾਈਕੋਫੈਸਟ 2025, ਜੋ ਕਿ ਮਨੋਵਿਗਿਆਨ ਅਤੇ ਸਿਰਜਣਾਤਮਕਤਾ ਦੇ ਖੇਤਰ ਵਿੱਚ ਇੱਕ ਜੀਵੰਤ ਜਸ਼ਨ ਵਜੋਂ ਵੇਖਿਆ ਜਾਂਦਾ ਹੈ, ਵਿੱਚ ਪੂਰੇ ਉੱਤਰੀ ਭਾਰਤ ਤੋਂ ਵਿਦਿਆਰਥੀਆਂ ਨੇ ਸ਼ਿਰਤਕ ਕੀਤੀ। ਡਿਬੇਟ, ਕੁਇਜ਼, ਡਾਂਸ, ਮੀਮ-ਮੇਕਿੰਗ ਅਤੇ ਪੋਸਟਰ ਡਿਜ਼ਾਈਨ ਸਮੇਤ ਕਈ ਦਿਲਚਸਪ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੇ ਵੀ ਭਾਗ ਲਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਵਿਭਾਗ ਲਈ ਮਾਣ ਵਾਲੀ ਗੱਲ ਹੈ।