ਗਿੱਧੇ ਦੇ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਸਰਦਾਰੀ
- ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਦੇ ਗੀਤ ਸੂਹੀ ਸੂਹੀ ਸੰਗ ਨੇ ਮੇਲੀਆਂ ਨੂੰ ਝੂਮਣ ਲਾਇਆ
- ਕੌਮਾਂਤਰੀ ਮਾਂ ਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ ਸਰਸ ਮੇਲੇ ਦਾ ਅੱਠਵਾਂ ਦਿਨ
ਪਟਿਆਲਾ, 21 ਫਰਵਰੀ 2025 - ਸ਼ੀਸ਼ ਮਹਿਲ ਪਟਿਆਲਾ ਦੀ ਗੋਦ ਵਿੱਚ ਚੱਲ ਰਹੇ ਸਰਸ ਮੇਲੇ ਦਾ ਅੱਠਵਾਂ ਦਿਨ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ। ਮੇਲਾ ਲੋਕ ਨਾਚਾਂ ਅਤੇ ਲੋਕ ਕਲਾ, ਗੁੱਤ ਗੁੰਦਣ ਦੇ ਮੁਕਾਬਲੇ ਕਰਵਾ ਰੰਗਲੇ ਪੰਜਾਬ ਦੀ ਛਾਪ ਛੱਡਦਾ ਨਜ਼ਰ ਆਇਆ। ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਜਿੱਥੇ ਮੇਲਾ ਆਏ ਹੋਏ ਮੇਲੀਆਂ ਲਈ ਵੱਖ ਵੱਖ ਖੇਤਰਾਂ ਦੀਆਂ ਸ਼ਿਲਪਕਾਰੀ ਵਸਤਾਂ ਦੀ ਸੁਗਾਤ ਲੈ ਕੇ ਆਇਆ, ਉੱਥੇ ਹੀ ਲੋਕ ਨਾਚ, ਲੋਕ ਗੀਤਾਂ ਅਤੇ ਲੋਕ ਕਲਾਵਾਂ ਦੇ ਮੁਕਾਬਲੇ ਕਰਵਾ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਾਸਤ ਦੀਆਂ ਪੈੜਾਂ ਪਾਉਂਦਾ ਨਜ਼ਰ ਆ ਰਿਹਾ ਹੈ।
ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਮੇਲੀਆਂ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀ ਮੁਬਾਰਕ ਦਿੱਤੀ ਅਤੇ ਆਪਣਾ ਚਰਚਿਤ ਗੀਤ ਕਿੱਥੇ ਗਈ ਸੂਹੀ ਸੂਹੀ ਸੰਗ ਪੇਸ਼ ਕੀਤਾ। ਗਿੱਧੇ ਦੇ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ ਨੇ ਪਹਿਲਾ ਅਤੇ ਸਰਕਾਰੀ ਸਟੇਟ ਕਾਲਜ ਨੇ ਦੂਸਰਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਵਿੱਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਚਹਿਕਪ੍ਰੀਤ ਨੇ ਪਹਿਲਾ ਅਤੇ ਸਰਕਾਰੀ ਪੌਲੀਟੈਕਨਿਕ ਪਟਿਆਲਾ ਦੀ ਤਰਨਜੋਤ ਕੌਰ ਅਤੇ ਸਰਕਾਰੀ ਮਹਿੰਦਰਾ ਕਾਲਜ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਗੁੱਤ ਗੁੰਦਣ ਵਿਚ ਪਹਿਲਾ ਸਥਾਨ ਕਰੀਤੀਕਾ ਆਰੂ ਮੀਰਾ ਪਬਲਿਕ ਸਕੂਲ, ਐਸ਼ਵਰਿਆ ਸਰਕਾਰੀ ਐਮੀਨੈਂਸ ਫ਼ੀਲਖ਼ਾਨਾ ਅਤੇ ਪ੍ਰੀਤੀ ਸਰਕਾਰੀ ਆਈ ਟੀ ਆਈ ਲੜਕੀਆਂ ਨੇ ਜਿੱਤਿਆ। ਮੰਚ ਸੰਚਾਲਨ ਦੀ ਕਾਰਵਾਈ ਨਰਿੰਦਰ ਸਿੰਘ ਨੇ ਸੰਭਾਲੀ। ਜੇਤੂ ਵਿਦਿਆਰਥੀਆਂ ਨੂੰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਰਣਜੀਤ ਕੌਰ ਲੀਗਲ ਅਫ਼ਸਰ ਜ਼ਿਲ੍ਹਾ ਬਾਲ ਅਤੇ ਵਿਕਾਸ ਅਫ਼ਸਰ ਨੂੰ ਇਨਾਮ ਤਕਸੀਮ ਕੀਤੇ।