ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵਿਖੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2025 :ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵਿਖੇ ਧੂਮਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤਿਉਹਾਰ ਦੀ ਪੰਰਪਰਾ ਅਨੁਸਾਰ ਲੋਹੜੀ ਬਾਲ ਕੇ ਮੂੰਗਫਲੀ ਅਤੇ ਰਿਊੜੀਆਂ ਵੰਡੀਆਂ ਗਈਆਂ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ। ਕਾਲਜ ਦੇ ਸਟਾਫ਼ ਮੈਂਬਰਾਂ ਦੁਆਰਾ ਆਪਣੀਆਂ ਪਰਿਵਾਰਕ ਖੁਸੀਆਂ ਵੀ ਸਾਂਝੀਆਂ ਕੀਤੀਆਂ ਗਈਆਂ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਵਿਸ਼ਵ ਸਾਂਤੀ ਦੀ ਕਾਮਨਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।
ਉਹਨਾਂ ਇਸ ਮੌਕੇ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਭਾਰਤ ਦੇ ਅਧਿਆਤਮਕ ਨੇਤਾ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਰਾਸ਼ਟਰੀ ਯੁਵਾ ਦਿਵਸ ਵੱਜੋਂ ਮਨਾਉਦਿਆਂ ਵਿਦਿਆਰਥੀਆਂ ਨਾਲ ਸਬੰਧਤ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਚੰਗੇ ਨਾਗਰਿਕ ਵੱਜੋਂ ਵਿਚਰਦੇ ਹੋਏ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਸ੍ਰੀਮਤੀ ਸਰਬਜੀਤ ਕੌਰ, ਮੁਖੀ ਵਿਭਾਗ, ਸ੍ਰੀ ਲਖਵਿੰਦਰ ਸੋਨੀ, ਲੈਕਚਰਾਰ, ਸ੍ਰੀ ਪ੍ਰਵੇਸ ਕੁਮਾਰ, ਲੈਕਚਰਾਰ ਅਤੇ ਸ੍ਰੀ ਅਵਧ ਰਾਮ ਵੱਲੋਂ ਗੀਤ ਵੀ ਗਾਏ ਗਏ। ਸਟੇਜ਼ ਸਕੱਤਰ ਦੀ ਭੂਮਿਕਾ ਸ੍ਰੀ ਅਭਿਨਵ ਸੋਨੀ, ਲੈਕਚਰਾਰ ਦੁਆਰਾ ਨਿਭਾਈ ਗਈ। ਇਹ ਤਿਉਹਾਰ ਦਾ ਸਮੂਚਾ ਪ੍ਰਬੰਧ ਸ੍ਰੀ ਗੁਰਿੰਦਰ ਸਿੰਘ ਮਾਂਗਟ, ਲੈਕਚਰਾਰ ਦੁਆਰਾ ਕੀਤਾ ਗਿਆ।