Babushahi Special: ਛੜੇਪਣ ਦਾ ਕੁਸੈਲਾ ਸੱਚ-ਪ੍ਰਵਾਸੀ ਕੁੜੀਆਂ ਨਾਲ ਵਿਆਹ ਕਰਵਾਉਣਾਂ ਬਣੀ ਪੰਜਾਬੀ ਮੁੰਡਿਆਂ ਦੀ ਮਜਬੂਰੀ
ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2025: ਨਿੱਘਰੀ ਖੇਤੀ ਆਰਥਿਕਤਾ ਕਾਰਨ ਬਣੇ ਸਮਾਜਿਕ ਹਾਲਾਤਾਂ ਅਤੇ ਕੁੱਖਾਂ ’ਚ ਕੀਤੇ ਕਤਲਾਂ ਕਾਰਨ ਹੋਈ ਕੁੜੀਆਂ ਦੀ ਘਾਟ ਦੇ ਸਿੱਟੇ ਵਜੋਂ ਪੰਜਾਬ ਦੇ ਮੁੰਡਿਆਂ ਨੂੰ ਮਜਬੂਰੀਵੱਸ ਪ੍ਰਵਾਸੀ ਪ੍ਰੀਵਾਰਾਂ ਦੀਆਂ ਧੀਆਂ ਨਾਲ ਵਿਆਹ ਕਰਵਾਉਣ ਦਾ ਰੁਝਾਨ ਪੈਦਾ ਹੋਣ ਦੇ ਤੱਥ ਉੱਭਰੇ ਹਨ। ਹਾਲਾਂਕਿ ਅਜਿਹੀ ਸਥਿਤੀ ਪਿੱਛੇ ਨਸ਼ਿਆਂ ਦੀ ਵਰਤੋਂ ਦਾ ਪ੍ਰਚਲਣ ਵੀ ਸਾਹਮਣੇ ਆਇਆ ਹੈ ਪ੍ਰੰਤੂ ਬਹੁਤੇ ਮਾਮਲਿਆਂ ’ਚ ਆਰਥਿਕ ਸੰਕਟ ਨੇ ਪੰਜਾਬੀ ਗੱਭਰੂਆਂ ਨੂੰ ਇਸ ਰਾਹ ਪਾਇਆ ਹੈ। ਵੱਖ ਵੱਖ ਥਾਵਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਖੇਤੀ ਖੇਤਰ ’ਚ ਕਿਸਾਨਾਂ ਦੇ ਅਹਿਮ ਸਹਿਯੋਗੀ ਦੀ ਭੂਮਿਕਾ ਨਿਭਾਉਣ ਵਾਲੇ ਦੋ ਪ੍ਰਮੁੱਖ ਸੂਬਿਆਂ ਯੂਪੀ ਅਤੇ ਬਿਹਾਰ ਦੀਆਂ ਪ੍ਰਵਾਸੀ ਲੜਕੀਆਂ ਨੇ ਕਈ ਥਾਈਂ ਨੂੰਹ ਦਾ ਸਥਾਨ ਮੱਲਿਆ ਹੋਇਆ ਹੈ। ਸ਼ਾਦੀ ਤੋਂ ਵਾਂਝੇ ਨੌਜੁਆਨਾਂ ਵੱਲੋਂ ਅਪਣਾਈਆਂ ਇਹਨਾਂ ਪ੍ਰਵਾਸੀ ਨੂੰਹਾਂ ਨੇ ਪੰਜਾਬ ’ਚ ਦਿਨੋ-ਦਿਨ ਵਧ ਰਹੇ ਛੜੇਪਣ ਦਾ ਕੁਸੈਲਾ ਸੱਚ ਸਾਹਮਣੇ ਲਿਆਂਦਾ ਹੈ ਜੋਕਿ ਦੁਖਦਾਈ ਵੀ ਹੈ ਤੇ ਚਿੰਤਾਜਨਕ ਵੀ ।
ਕਾਨੂੰਨੀ ਮਾਹਿਰਾਂ ਨੇ ਭਾਵੇਂ ਇਨ੍ਹਾਂ ਵਿਆਹਾਂ ਨੂੰ ਕਾਨੂੰਨ ਦੇ ਖਿਲਾਫ ਦੱਸਿਆ ਪਰ ਹੈਰਾਨਕੁੰਨ ਪੱਖ ਇਹ ਹੈ ਕਿ ਕਈ ਮਾਮਲਿਆਂ ’ਚ ਦੋਵੇਂ ਧਿਰਾਂ ਜਾਂ ਫਿਰ ਨੌਜੁਆਨਾਂ ਵੱਲੋਂ ਮਜਬੂਰੀਵੱਸ ਸਮਝੌਤਾ ਕੀਤਾ ਜਾ ਰਿਹਾ ਹੈ। ਮੈਰਿਜ ਬਿਊਰੋ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਦਾ ਪ੍ਰਮੁੱਖ ਕਾਰਨ ਭਰੂਣ ਹੱਤਿਆ ਕਰਕੇ ਕੁੜੀਆਂ ਦੀ ਘਾਟ ਤੋਂ ਇਲਾਵਾ ਖੇਤੀ ਯੋਗ ਭੂਮੀ ਦਾ ਛੋਟੇ ਛੋਟੇ ਟੋਟਿਆਂ ’ਚ ਵੰਡੇ ਜਾਣਾ ਹੈ। ਉਨ੍ਹਾਂ ਕਿਹਾ ਕਿ ਏਦਾਂ ਦੇ ਜਿਆਦਾ ਵਿਆਹ ਉਨ੍ਹਾਂ ਪ੍ਰੀਵਾਰਾਂ ’ਚ ਹੋ ਰਹੇ ਹਨ ਜਿਨ੍ਹਾਂ ਕੋਲ ਜਮੀਨ ਘੱਟ ਜਾਂ ਫਿਰ ਨਾਂਮਾਤਰ ਹੈ ਪਰ ਹੱਕਦਾਰ ਵੱਧ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਦਲਦਲ ’ਚ ਫਸਕੇ ਬਰਬਾਦੀ ਵੱਲ ਵਧਣ ਵਰਗੇ ਦੌਰ ਦੌਰਾਨ ਵੀ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਹਨ ਜਦੋਂਕਿ ਕੁੱਝ ਮਾਮਲਿਆਂ ਵਿੱਚ ਪੰਜਾਬੀ ਮੁੰਡਿਆਂ ਦੇ ਚਿਹਰੇ ਸੁੰਦਰ ਨਾਂ ਹੋਣਾ ਜਾਂ ਫਿਰ ਕਰੂਪ ਹੋਣ ਦੀ ਗੱਲ ਵੀ ਰੌਸ਼ਨੀ ’ਚ ਆਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲਿ੍ਹਆਂ ਦੇ ਕਾਫੀ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰ ਪ੍ਰੀਵਾਰਾਂ ਦੀਆਂ ਲੜਕੀਆਂ ਨੂੰਹਾਂ ਦੇ ਰੂਪ ’ਚ ਬਿਰਾਜਮਾਨ ਹਨ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਅਤੇ ਜਿਲ੍ਹਾ ਫਾਜਿਲਕਾ ਤੋਂ ਇਲਾਵਾ ਲੁਧਿਆਣਾ ਅਤੇ ਹੁਸ਼ਿਆਰਪੁਰ ਇਲਾਕੇ ’ਚ ਏਦਾਂ ਦਾ ਰੁਝਾਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਤੇ ਤਰਨਤਾਰਨ ਜਿਲਿ੍ਹਆਂ ਦੇ ਕੁੱਝ ਇਲਾਕਿਆਂ ’ਚ ਵੀ ਪ੍ਰਵਾਸੀ ਕੁੜੀਆਂ ਨੇ ਨੂੰਹਾਂ ਵਜੋਂ ਚੁੱਲਾ-ਚੌਂਕਾ ਸੰਭਾਲਿਆ ਹੋਇਆ ਹੈ। ਰੌਚਕ ਪਹਿਲੂ ਇਹ ਵੀ ਹੈ ਕਿ ਜਿਆਦਾਤਰ ਪਿੰਡਾਂ ’ਚ ਇਨ੍ਹਾਂ ਪ੍ਰਵਾਸੀ ਦੁਲਹਨਾਂ ਨੇ ਖੁਦ ਨੂੰ ਪੰਜਾਬੀ ਸੱਭਿਆਚਾਰ ਮੁਤਾਬਿਕ ਢਾਲ ਵੀ ਲਿਆ ਹੈ ਅਤੇ ਪਤਾ ਉਦੋਂ ਲੱਗਦਾ ਹੈ ਜਦੋਂ ਇਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਇੰਨ੍ਹਾਂ ਪ੍ਰਵਾਸਣਾਂ ਦੇ ਬੱਚੇ ਤਾਂ ਆਮ ਪੰਜਾਬੀਆਂ ਵਾਂਗ ਫਰਾਟੇ ਨਾਲ ਪੰਜਾਬੀ ਬੋਲਦੇ ਹਨ। ਉਂਜ ਵਿਆਹ ਕਰਵਾਉਣ ਵਕਤ ਇਨ੍ਹਾਂ ਪ੍ਰਵਾਸੀ ਕੁੜੀਆਂ ਦੀ ਖਰੀਦੋ-ਫਰੋਖਤ ਹੋਣ ਦੇ ਚਰਚੇ ਵੀ ਹਨ ਜੋਕਿ ਇਸ ਮਾਮਲੇ ਦਾ ਦੁਖਦਾਇਕ ਪਹਿਲੂ ਹੈ।
ਸੂਤਰ ਦੱਸਦੇ ਹਨ ਕਿ ਏਦਾਂ ਦੇ ਬੇਮੇਲ ਵਿਆਹ ਕਰਵਾਉਣ ਲਈ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਨੈਟਵਰਕ ਵੀ ਸਰਗਰਮ ਹੈ ਜੋ ਪੈਸਿਆਂ ਖਾਤਰ ਇਹ ਧੰਦਾ ਕਰਦਾ ਹੈ। ਪ੍ਰਵਾਸੀ ਲੜਕੀਆਂ ਨਾਲ ਵਿਆਹ ਕਰਵਾ ਚੁੱਕੇ ਕਿਸਾਨ ਪ੍ਰੀਵਾਰ ਦੇ ਇੱਕ ਨੌਜੁਆਨ ਨੇ ਇਸ ਕੰਮ ਲਈ ਪੈਸੇ ਦਿੱਤੇ ਜਾਣ ਦੀ ਗੱਲ ਨੂੰ ਝੂਠ ਦੱਸਿਆ ਜਦੋਂਕਿ ਇੱਕ ਦੋ ਨੇ ਦਬੀ ਜਬਾਨ ’ਚ ਮੰਨਿਆ ਕਿ ਆਪਣਾ ਖਾਨਦਾਨ ਅੱਗੇ ਤੋਰਨ ਲਈ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਸੀ ਜਿਸ ਕਰਕੇ ਇਹ ਅੱਕ ਚੱਬਣਾ ਪਿਆ ਹੈ। ਮੋਟੇ ਅਨੁਮਾਨਾਂ ਅਨੁਸਾਰ ’ਚ 30 ਤੋਂ 50 ਸਾਲ ਦੀ ਉਮਰ ਵਰਗ ਦੋ ਤੋਂ ਤਿੰਨ ਲੱਖ ਵਿਅਕਤੀ ਏਦਾਂ ਦੇ ਹਨ ਜਿੰਨ੍ਹਾਂ ਨੂੰ ਵਿਆਹ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਕਈ ਅਜਿਹੇ ਹਨ ਜਿੰਨ੍ਹਾਂ ਦੀ ਸ਼ਾਦੀ ਹੋਣੀ ਅਸੰਭਵ ਬਣੀ ਹੋਈ ਹੈ। ਉਨ੍ਹਾਂ ’ਚੋਂ ਜਿਆਦਾਤਰ ਮੁੰਡੇ ਮਾਲਵੇ ਅਤੇ ਸਰਹੱਦੀ ਖੇਤਰਾਂ ਨਾਲ ਸਬੰਧਤ ਹਨ।
ਸੂਤਰ ਆਖਦੇ ਹਨ ਕਿ ਪੰਜਾਬ ’ਚ ਮਜ਼ਦੂਰੀ ਲਈ ਆਉਣ ਵਾਲੇ ਪ੍ਰਵਾਸੀਆਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ’ਚ ਪ੍ਰਵਾਸੀ ਦੀਆਂ ਕੁੜੀਆਂ ਪੰਜਾਬੀ ਪ੍ਰੀਵਾਰਾਂ ਦੇ ਘਰਾਂ ਦੀਆਂ ਨੂੰਹਾਂ ਬਣੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਏਦਾਂ ਦੇ ਵਰਤਾਰੇ ਦਾ ਇੱਕ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਖੇਤੀ ਖੇਤਰ ਨਾਲ ਲਗਾਤਰ ਵਫਾ ਨਿਭਾਉਣ ਦੌਰਾਨ ਕਿਸਾਨ ਪ੍ਰੀਵਾਰਾਂ ਨਾਲ ਨਿੱਘੇ ਸਬੰਧ ਬਨਣਾ ਹੈ। ਇੱਕ ਅਨੁਮਾਨ ਅਨੁਸਾਰ ਵਿੱਚ ਇਸ ਵੇਲੇ 20 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੇ ਲੰਮੇ ਸਮੇਂ ਤੋਂ ਪੰਜਾਬ ਨੂੰ ਪੱਕੇ ਤੌਰ ’ਤੇ ਟਿਕਾਣਾ ਬਣਾਇਆ ਹੋਇਆ ਹੈ ਜਦੋਂਕਿ 12 ਤੋਂ 13 ਲੱਖ ਮਜ਼ਦੂਰਾਂ ਦਾ ਨਿਰੰਤਰ ਆਉਣਾ ਜਾਣਾ ਰਹਿੰਦਾ ਹੈ। ਇਹਨਾਂ ਚੋਂ ਵੱਡੀ ਗਿਣਤੀ ਅਜਿਹੇ ਵੀ ਹਨ ਜਿੰਨ੍ਹਾਂ ਨੇ ਸਾਲਾ ਬੱਧੀ ਇੱਕ ਹੀ ਪਿੰਡ ’ਚ ਕੰਮ ਕਰਕੇ ਕਿਸਾਨਾਂ ਨਾਲ ਵਫਾ ਨਿਭਾਈ ਅਤੇ ਦੁੱਖ ਸੁੱਖ ਵੀ ਸਾਂਝੇ ਕੀਤੇ ਹਨ।
ਖੇਤੀ ਸੰਕਟ ਤੇ ਨਸ਼ਾ ਜਿੰਮੇਵਾਰ
ਮੈਰਿਜ ਬਿਊਰੋ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਬਰਾੜ ਮੈਰਿਜ ਬਿਊਰੋ ਬਠਿੰਡਾ ਦੇ ਸੰਚਾਲਕ ਮਨਜੀਤਇੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ 2 –3 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਕੁੜੀਆਂ ਨਹੀਂ ਮਿਲ ਰਹੀਆਂ ਅਤੇ ਨਸ਼ਾ ਕਰਨ ਵਾਲੇ ਮੁੰਡਿਆਂ ਨੂੰ ਵੀ ਇਹੋ ਸੰਕਟ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸੂਬਿਆਂ ਵਿਚਲੀ ਗਰੀਬੀ ਅਤੇ ਪੰਜਾਬੀ ਮੁੰਡਿਆਂ ਦੀ ਮਜਬੂਰੀ ਇਹ ਕੌੜੇ ਫੈਸਲੇ ਲੈਣ ਲਈ ਮਜਬੂਰ ਕਰ ਰਹੀ ਹੈ।