ਕਾਲਜਾਂ ਅਤੇ ਸਕੂਲਾਂ ਨੂੰ ਪੰਜਾਬ ਚੋਣ ਕੁਇਜ਼-2025 ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,15ਜਨਵਰੀ 2025- - ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀ ਕੁਲਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਾਲਜਾਂ ਅਤੇ ਸਕੂਲਾਂ ਨੂੰ 'ਪੰਜਾਬ ਚੋਣ ਕੁਇਜ਼-2025' ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਵਿਧਾਨ ਸਭਾ ਪੱਧਰ ਦੇ ਸਵੀਪ ਨੋਡਲ ਅਫ਼ਸਰਾਂ, ਸਕੂਲਾਂ, ਕਾਲਜਾਂ ਅਤੇ ਹੋਰਾਂ ਨਾਲ ਮੀਟਿੰਗ ਵਿੱਚ ਸ੍ਰੀ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਚੋਣ ਕੁਇਜ਼-2025' ਆਨਲਾਈਨ ਅਤੇ ਆਫ਼ਲਾਈਨ ਦੋਵਾਂ ਢੰਗਾਂ ਵਿੱਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਆਨਲਾਈਨ ਰਜਿਸਟ੍ਰੇਸ਼ਨ 28 ਦਸੰਬਰ, 2024 ਤੋਂ ਸ਼ੁਰੂ ਹੋ ਗਈ ਹੈ ਅਤੇ 17 ਜਨਵਰੀ, 2025 ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਨਲਾਈਨ ਚੋਣ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਅਤੇ ਰਾਜ ਪੱਧਰੀ ਆਫ਼ਲਾਈਨ ਮੁਕਾਬਲਾ 24 ਜਨਵਰੀ, 2025 ਨੂੰ ਲੁਧਿਆਣਾ ਵਿੱਚ ਹੋਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੂੰ ਲੁਧਿਆਣਾ ਦੇ ਪ੍ਰਤੀ ਸੀਨੀਅਰ ਸੈਕੰਡਰੀ ਸਕੂਲ ਵਿੱਚ 50 ਰਜਿਸਟ੍ਰੇਸ਼ਨਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਖੇਡ ਅਧਿਕਾਰੀ ਅਤੇ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਨੂੰ ਵੀ ਮੁਕਾਬਲੇ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨਾਂ ਲਈ ਨਿਰਦੇਸ਼ ਦਿੱਤੇ ਗਏ ਹਨ।
ਸ੍ਰੀ ਕੁਲਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਪਹਿਲੇ ਦੌਰ ਵਿੱਚ ਜੇਤੂਆਂ ਦੀ ਪਛਾਣ ਜ਼ਿਲ੍ਹਾ ਪੱਧਰ 'ਤੇ ਆਨਲਾਈਨ ਮੁਕਾਬਲੇ ਤਹਿਤ ਕੀਤੀ ਜਾਵੇਗੀ ਅਤੇ ਅੰਤਿਮ ਆਫ਼ਲਾਈਨ ਮੁਕਾਬਲਾ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ 23 ਜ਼ਿਲ੍ਹਿਆਂ ਦੇ ਜੇਤੂਆਂ ਵਿਚਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਚੋਣ ਕੁਇਜ਼-2025 ਲਈ ਔਨਲਾਈਨ ਰਜਿਸਟ੍ਰੇਸ਼ਨ https://Punjab.indiastatquiz.com 'ਤੇ ਕੀਤੀ ਜਾ ਸਕਦੀ ਹੈ।
ਏ.ਡੀ.ਸੀ ਨੇ ਅੱਗੇ ਦੱਸਿਆ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵੋਟਰ ਸ਼ਨਾਖ਼ਤੀ ਕਾਰਡ, ਆਧਾਰ ਕਾਰਡ ਅਤੇ ਸਕੂਲ/ਕਾਲਜ ਵਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਪੱਧਰ 'ਤੇ ਜੇਤੂਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਪਹਿਲਾ ਜੇਤੂ ਨੂੰ ਇੱਕ ਵਿੰਡੋਜ਼ ਲੈਪਟਾਪ, ਦੂਜੇ ਜੇਤੂ ਨੂੰ ਐਂਡਰਾਇਡ ਟੈਬਲੇਟ, ਤੀਜਾ ਜੇਤੂ ਨੂੰ ਇੱਕ ਸਮਾਰਟ ਵਾਚ ਅਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਟੌਪਰ ਲਈ ਇੱਕ ਸਮਾਰਟਫੋਨ ਸ਼ਾਮਲ ਹਨ ਅਤੇ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਵੇਗਾ। ਉਨ੍ਹਾਂ ਵੋਟਰਾਂ ਨੂੰ ਪੂਰੀ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।