ਸੜਕ ਸੁਰੱਖਿਆ ਰੋਡ ਸੇਫਟੀ ਮਹੀਨੇ ਤਹਿਤ ਆਰ.ਟੀ.ਏ ਗੁਰਮੀਤ ਕੁਮਾਰ ਬਾਂਸਲ ਨੇ ਲਗਾਏ ਵਹਾਨਾਂ ਉਪਰ ਰਿਫ਼ਲੈਕਟਰ
* ਰਾਸ਼ਟਰੀ ਸੁਰੱਖਿਆ ਮਹੀਨਾ-2025 ਤਹਿਤ ਜ਼ਿਲ੍ਹੇ 'ਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦੇ 89 ਵਾਹਨਾਂ ਦੇ ਚਲਾਨ , ਕਰੀਬ 21 ਲੱਖ 30 ਹਜਾਰ ਬਤੌਰ ਜੁਰਮਾਨਾ ਰਕਮ ਵਸੂਲੀ- ਗੁਰਮੀਤ ਕੁਮਾਰ ਬਾਂਸਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 15 ਜਨਵਰੀ:2024 - ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਲੇਰਕੋਟਲਾ ਵਲੋਂ ਡਿਪਟੀ ਕਮਿਸ਼ਨਰ ਡਾ.ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਡ ਸੇਫਟੀ ਜਾਗਰੂਕਤਾ ਮਹੀਨੇ ਤਹਿਤ ਉਲੀਕੇ ਗਏ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਇੱਥੇ ਮਾਲੇਰਕੋਟਲਾ-ਸੰਗਰੂਰ ਰੋਡ ਤੇ ਵਾਹਨਾਂ ਉਪਰ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਨੇ ਰਿਫ਼ਲੈਕਟਰ ਲਗਾਏ । ਇਸ ਮੌਕੇ ਮਾਲੇਰਕੋਟਲਾ ਟਰੈਫਿਕ ਇੰਨਚਾਰਜ ਬਲਵੀਰ ਸਿੰਘ, ਸੀ.ਟੀ.ਯੂਨੀਵਰਸਿਟੀ ਤੋਂ ਆਸੀਫ ਹੁਸੈਨ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ ।
ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਮਹੀਨਾ-2025 ਤਹਿਤ ਮਾਲੇਰਕੋਟਲਾ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਮੁਹਿੰਮ ਚਲਾਈ ਗਈ। ਮਹੀਨਾ ਜਨਵਰੀ 2025 ਦੌਰਾਨ ਇਸ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਕਰੀਬ 89 ਵਾਹਨ ਚਾਲਕਾਂ ਦੇ 21 ਲੱਖ 30 ਹਜਾਰ ਰੁਪਏ ਦੇ ਚਲਾਨ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਵਲੋਂ ਕੀਤੇ ਗਏ ਹਨ ।
ਗੁਰਮੀਤ ਕੁਮਾਰ ਬਾਂਸਲ ਨੇ ਕਿਹਾ ਕਿ ਆਮ ਲੋਕਾਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਅਤੇ ਸੜਕੀ ਹਦਾਸਿਆਂ ਨੂੰ ਠੱਲ ਪਾਉਣ ਦੇ ਮੰਤਵ ਨਾਲ ਰੋਡ ਸੇਫਟੀ ਜਾਗਰੂਕਤਾ ਮਹੀਨੇ ਦੀ ਸ਼ੁਰੂਆਤ ਕੀਤੀ ਗਈ ਹੈ। ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸਾਡਾ ਉਦੇਸ਼ ਸੜਕ ’ਤੇ ਸੁਰੱਖਿਆ ਦੇ ਮਹੱਤਵ ਨੂੰ ਕੇਂਦਰਿਤ ਕਰਨਾ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੈ।ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕੇਵਲ ਚਾਲਕਾਂ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ ਬਲਕਿ ਹੋਰ ਰਾਹੀਗਰਾਂ ਦੀ ਜਾਨ-ਮਾਲ ਦੀ ਸੁਰੱਖਿਆ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਮੁਹਿੰਮ ਦੌਰਾਨ ਡਰਾਈਵਰਾਂ ਨੂੰ ਸਮਝਾਇਆ ਗਿਆ ਕਿ ਧੁੰਦ ਦੇ ਮੌਸਮ ਵਿਚ ਵਾਹਨ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਯਕੀਨੀ ਬਣਾਉਣ ਕਿ ਵਾਹਨਾਂ ਦੀਆਂ ਲਾਈਟਾਂ ਅਤੇ ਰਿਫਲੈਕਟਰ ਸਹੀ ਢੰਗ ਨਾਲ ਕੰਮ ਕਰ ਰਹੇ ਹੋਣ। ਦੁਰਘਟਨਾਵਾਂ ਨੂੰ ਰੋਕਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਾਉਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਉਨ੍ਹਾਂ ਹੋਰ ਦੱਸਿਆ ਕਿ ਇਸ ਸੜਕ ਸੁਰੱਖਿਆ ਮਹੀਨੇ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਸਕੂਲਾਂ ਕਾਲਜਾਂ, ਯੂਨੀਵਰਸਿਟੀ, ਟਰੱਕ ਯੂਨੀਅਨ, ਟੈਕਸੀ ਸਟੈਂਡ ਵਿਖੇ ਜਾ ਕੇ ਨੋਜਵਾਨਾਂ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ਨੂੰ ਵੇਖਦਿਆਂ ਟਰੈਕਟਰ ਟਰਾਲੀਆਂ, ਟਰੱਕਾਂ, ਕਾਰਾ ਅਤੇ ਹੋਰ ਵਹੀਕਲਜ਼ ਉਪਰ ਰਿਫ਼ਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਧੂੰਦ ਕਾਰਨ ਕੋਈ ਹਾਦਸਾ ਨਾ ਵਾਪਰੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ’ਤੇ ਚੱਲਣ ਸਮੇਂ ਸਾਵਧਾਨ ਰਹਿਣ ਅਤੇ ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਇਹ ਮੁਹਿੰਮ ਜ਼ਿਲ੍ਹੇ ਵਿਚ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਅਤੇ ਆਵਾਜਾਈ ਵਿਵਸਥਾ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ।