ਮਾਲੇਰਕੋਟਲਾ: DC ਵਲੋਂ ਸਰਦੀ ਦੇ ਮੌਸਮ ਦੌਰਾਨ ਧੁੰਦ ’ਚ ਸੁਰੱਖਿਅਤ ਅਵਾਜਾਈ ਯਕੀਨੀ ਬਣਾਉਣ ’ਤੇ ਦਿੱਤਾ ਜ਼ੋਰ
* ਮਹੀਨਾ ਦਸੰਬਰ 2024 ਤੋਂ ਹੁਣ ਤੱਕ ਕਰੀਬ ਆਰ.ਟੀ.ਏ ਅਤੇ ਟ੍ਰੈਫਿਕ ਪੁਲਿਸ ਨੇ 1369 ਕੀਤੇ ਚਲਾਨ, ਕਰੀਬ 66 ਲੱਖ 54 ਹਜਾਰ ਕੀਤੇ ਬਤੌਰ ਜੁਰਮਾਨਾ ਇੱਕਤਰ
* ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ’ਚ ਸੜਕੀ ਦੁਰਘਟਨਾਵਾਂ ਨੂੰ ਰੋਕਣ ਅਤੇ ਅਵਾਜਾਈ ਸਬੰਧੀ ਮੁੱਦਿਆਂ ਦੇ ਹੱਲ ਲਈ ਕੀਤੇ ਵਿਚਾਰਾਂ
* ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 15 ਜਨਵਰੀ :2025 - ਸਰਦੀਆਂ ਵਿੱਚ ਧੁੰਦ ਦੇ ਮੌਸਮ ਦੌਰਾਨ ਸੁਰੱਖਿਅਤ ਅਵਾਜਾਈ ਨੂੰ ਸੁਚੱਜੇ ਢੰਗ ਨਾਲ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਵੈਭਵ ਸਹਿਗਲ,ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਅਪਰ ਅਪਾਰ ਸਿੰਘ, ਕਾਰਜ ਸਾਧਕ ਅਫਸਰ ਅਮਰਗੜ੍ਹ/ਅਹਿਮਦਗੜ੍ਹ ਵਿਕਾਸ ਉੱਪਲ, ਗੈਰ ਸਰਕਾਰੀ ਮੈਂਬਰ, ਮੁਹੰਮਦ ਤਾਹੀਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਧੁੰਦ ਦੌਰਾਨ ਸੜਕਾਂ ’ਤੇ ਘੱਟ ਦਿਸਣ ਕਾਰਨ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਮਾਪਦੰਡਾਂ ਨੂੰ ਅਪਣਾਇਆ ਜਾਵੇ। ਉਨ੍ਹਾਂ ਵਲੋਂ ਬਲੈਕ ਸਪੌਟ ਥਾਵਾਂ ਦੀ ਪਹਿਚਾਣ ਕਰਨ ਅਤੇ ਸੜਕੀ ਸੁਰੱਖਿਆ ਨੂੰ ਵਧਾਉਣ ਲਈ ਵਾਹਨਾਂ ’ਤੇ ਧੁੰਦ ਵਾਲੀਆਂ ਲਾਈਟਾਂ ਲਗਾਉਣ ਅਤੇ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਰੋਕਥਾਮ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ । ਉਨ੍ਹਾਂ ਨੇ ਟ੍ਰੈਫ਼ਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਧੁੰਦ ਦੇ ਸਮੇਂ ਦੌਰਾਨ ਸੁਰੱਖਿਅਤ ਡਰਾਇਵਿੰਗ ਅਤੇ ਵਾਹਨਾਂ ’ਤੇ ਐਮਰਜੰਸੀ ਲਾਈਟਾਂ ਦੀ ਵਰਤੋਂ ਕਰਨ ਅਤੇ ਘੱਟ ਵਿਜ਼ੀਬਿਲਟੀ ਦੌਰਾਨ ਹੌਲੀ ਗੱਡੀ ਚਲਾਉਣ ਪ੍ਰਤੀ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ।
ਇਸ ਮੌਕੇ ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਨੇ ਡਿਪਟੀ ਕਮਿਸ਼ਨਰ ਅਤੇ ਕਮੇਟੀ ਮੈਂਬਰਾਂ ਨੂੰ ਅਵਗਤ ਕਰਵਾਇਆ ਕਿ ਜ਼ਿਲ੍ਹੇ ਵਿੱਚ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਲਗਾਤਾਰ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਅਤੇ ਟ੍ਰੈਫਿਕ ਪੁਲਿਸ ਵਲੋਂ ਚੈਕਿੰਗਾਂ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਮਹੀਨਾ ਦਸੰਬਰ 2024 ਤੋਂ ਹੁਣ ਤੱਕ ਵੱਖ ਵੱਖ ਸਮੇਂ ਤੇ ਕਰੀਬ 284 ਵਾਹਨ ਚਾਲਕਾਂ ਦੇ ਚਲਾਨ ਕਰਕੇ ਕਰੀਬ 63 ਲੱਖ 80 ਹਜਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ । ਇਸੇ ਤਰ੍ਹਾਂ ਜ਼ਿਲ੍ਹਾ ਟ੍ਰੈਫਿਕ ਪੁਲਿਸ ਵਲੋਂ ਕਰੀਬ 1085 ਚਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 451 ਈ.ਚਲਾਨ ਕਰਕੇ ਕਰੀਬ 2 ਲੱਖ 74 ਹਜਾਰ ਰੁਪਏ ਦੇ ਜੁਰਮਾਨੇ ਵਜੋਂ ਵਸੂਲੇ ਗਏ ਹਨ ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਸ਼ਟਰੀ ਸੁਰੱਖਿਆ ਮਹੀਨਾ-2025 ਦੌਰਾਨ ਦੁਰਘਟਨਾਵਾਂ ਤੋਂ ਬਚਾਅ ਲਈ ਜਾਗਰੂਕ ਕਰਨ ਵਾਸਤੇ ਸਪੈਸ਼ਲ ਕੈਂਪ ਲਗਾਉਣ ਤੋਂ ਇਲਾਵਾ ਡਰਾਈਵਰਾਂ ਦੀ ਪੁਲਿਸ ਵੈਰੀਫ਼ਿਕੇਸ਼ਨ, ਅੱਖਾਂ ਦਾ ਚੈਕਅਪ ਅਤੇ ਡੋਪ ਟੈਸਟ ਵੀ ਕਰਾਉਣਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਲੋਕ ਨਿਰਮਾਣ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਤੇ ਪਏ ਟੋਇਆਂ ਆਦਿ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਟ੍ਰੈਫ਼ਿਕ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਅੰਦਰ ਸੜਕ ਸੁਰੱਖਿਆ ਨਿਯਮਾਂ ਸਬੰਧੀ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਨਾਬਾਲਗ ਬੱਚਿਆਂ ਨੂੰ ਵਹੀਕਲ ਚਲਾਉਣ ਤੋਂ ਰੋਕਣ ਲਈ ਵੀ ਆਦੇਸ਼ ਦਿੱਤੇ।