ਚਾਈਨਾ/ਮਾਂਝਾ ਡੋਰ ਦੇ ਨਿਰਮਾਣ, ਵਿਕਰੀ, ਭੰਡਾਰਨ, ਖ਼ਰੀਦ, ਸਪਲਾਈ, ਆਯਾਤ ਤੇ ਵਰਤੋਂ ’ਤੇ ਮੁਕੰਮਲ ਪਾਬੰਦੀ
- ਹੁਕਮਾ ਦੀ ਉਲੰਘਣਾ ਕਰਨ ’ਤੇ 5 ਸਾਲ ਤੱਕ ਦੀ ਕੈਦ ਜਾਂ ਇਕ ਲੱਖ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੈ ਨੇ
ਜਲੰਧਰ, 15 ਜਨਵਰੀ 2025 - ਜ਼ਿਲ੍ਹਾ ਮੈਜਿਸਟਰੇਟ ਡਾ.ਹਿਮਾਂਸ਼ੂ ਅਗਰਵਾਲ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ- 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ/ਮਾਂਝਾ ਡੋਰ, ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਾਂ ਕੋਈ ਅਜਿਹੀ ਡੋਰ/ਧਾਗਾ, ਜਿਸ ਉਪਰ ਸਿੰਥੈਟਿਕ/ਕੱਚ/ਤਿੱਖੀ ਧਾਤੂ ਦੀ ਨਾ-ਗਲਣਯੋਗ ਪਰਤ ਚੜੀ ਹੋਵੇ, ਦਾ ਨਿਰਮਾਣ, ਵਿਕਰੀ, ਸਟੋਰ ਕਰਨ, ਖ਼ਰੀਦ, ਸਪਲਾਈ, ਆਯਾਤ ਕਰਨ ਅਤੇ ਪਤੰਗ ਉਡਾਉਣ ਲਈ ਵਰਤਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਵਾਤਾਵਰਣ ਸੁਰੱਖਿਆ ਐਕਟ 1986 (1986 ਦੇ ਨੰਬਰ 29) ਦੀ ਧਾਰਾ 5 ਜਾਂ ਇਸ ਅਧੀਨ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਕਤ ਐਕਟ ਦੀ ਧਾਰਾ 15 ਅਧੀਨ 5 ਸਾਲ ਤੱਕ ਦੀ ਕੈਦ ਅਤੇ/ਜਾਂ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਤੰਗ ਉਡਾਉਣ ਦੀ ਇਜ਼ਾਜਤ ਸਿਰਫ਼ ਸੂਤੀ ਧਾਗੇ ਨਾਲ ਹੀ ਹੋਵੇਗੀ, ਜੋ ਕਿਸੇ ਪ੍ਰਕਾਰ ਦੇ ਤਿੱਖੇ ਧਾਤੂ/ਕੱਚ ਜਾਂ ਧਾਗੇ ਨੂੰ ਮਜ਼ਬੂਤ ਕਰਨ ਲਈ ਚਿਪਕਾਈ ਗਈ ਸਮੱਗਰੀ ਤੋਂ ਰਹਿਤ ਹੋਵੇ। ਇਹ ਹੁਕਮ 14-03-2025 ਤੱਕ ਲਾਗੂ ਰਹਿਣਗੇ।