ਸਿੱਖ ਤੇ ਮੁਸਲਿਮ ਭਾਈਚਾਰੇ ਦੀ ਅਨੋਖੀ ਮਿਸਾਲ,ਸਿੱਖ ਪ੍ਰਵਾਰ ਵਲੋਂ ਦਾਨ ਕੀਤੀ ਜ਼ਮੀਨ 'ਤੇ ਬਣੇਗੀ ਪਿੰਡ ਦੀ ਪਹਿਲੀ ਮਸਜਿਦ
ਸਿੱਖ ਭਾਈਚਾਰੇ ਵੱਲੋਂ ਨਗਦ ਰਾਸ਼ੀ ਵਿੱਚ ਵੀ ਦਿੱਤਾ ਗਿਆ ਭਰਪੂਰ ਸਹਿਯੋਗ
ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਪੜ੍ਹਨ ਲਈ ਜਾਣਾ ਪੈਂਦਾ ਸੀ ਨਾਲ ਦੇ ਪਿੰਡਾਂ 'ਚ
ਮਸਜਿਦ 'ਚ ਨਮਾਜ਼ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ ਪਰ ਉਨ੍ਹਾਂ ਦੀਆਂ ਨਮਾਜ਼ਾਂ ਦਾ ਸਵਾਬ ਸਿੱਖ ਭਾਈਚਾਰੇ ਦੇ ਇਸ ਪਰਵਾਰ ਨੂੰ ਮਿਲੇਗਾ--ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਹਬੀਬ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 14 ਜਨਵਰੀ 2024: ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਵਿਖੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿਦਰ ਸਿੰਘ ਨੇ ਪਿੰਡ 'ਚ ਤਕਰੀਬਨ 6 ਵਿਸਵੇ ਜਗ੍ਹਾ ਜੋ ਕਿ ਮੇਨ ਰੋਡ ਦੇ ਨਾਲ ਲੱਗਦੀ ਹੈ ਮਸਜਿਦ ਬਣਾਉਣ ਲਈ ਦਾਨ ਦਿਤੀ। ਇਸ ਮੌਕੇ ਤੇ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮਸਜਿਦ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸੱਦਾ ਦਿਤਾ।
ਨੀਂਹ ਪੱਥਰ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਸਜਿਦ 'ਚ ਨਮਾਜ਼ ਤਾਂਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ ਪਰ ਉਨ੍ਹਾਂ ਦੀਆਂ ਨਮਾਜ਼ਾਂ ਦਾ ਸਵਾਬ ਸਿੱਖ ਭਾਈਚਾਰੇ ਦੇ ਇਸ ਪਰਵਾਰ ਨੂੰ ਮਿਲੇਗਾ ਜਿਸਨੇ ਅਪਣੇ ਹਿੱਸੇ ਦੀ ਜ਼ਮੀਨ 'ਚੋਂ ਮਸਜਿਦ ਲਈ ਜਗ੍ਹਾ ਦਾਨ ਕੀਤੀ ਹੈ।
ਇਸ ਮੌਕੇ ਪਿੰਡ ਉਮਰਪੁਰਾ ਦੇ ਪੰਚ ਤੇਜਵੰਤ ਸਿੰਘ ਵਲੋਂ 2 ਲੱਖ ਰੁਪਏ ਮਸਜਿਦ ਨੂੰ ਰਾਸ਼ੀ ਦਾਨ ਕੀਤੀ ਗਈ ਤੇ ਇਨਾਂ ਦੇ ਇਲਾਵਾ ਰਵਿੰਦਰ ਸਿੰਘ ਗਰੇਵਾਲ ਨੇ ਵੀ 1 ਲੱਖ ਰੁਪਏ ਮਸਜਿਦ ਨੂੰ ਦਾਨ ਰਾਸ਼ੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਹੁਣ ਤਕ ਇਸ ਪਿੰਡ ਵਿਚ ਕੋਈ ਮਸਜਿਦ ਮੌਜੂਦ ਨਹੀਂ ਸੀ ਤੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਨਾਲ ਲੱਗਦੇ ਪਿੰਡਾਂ 'ਚ ਜਾਣਾ ਪੈਂਦਾ ਸੀ। ਅੱਜ ਪਿੰਡ ਉਮਰਪੁਰਾ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਣ ਸਮੇਂ ਮੁਸਲਮਾਨ ਭਾਈਚਾਰਾ ਖ਼ੁਸ਼ ਤੇ ਭਾਵਕ ਨਜ਼ਰ ਆ ਰਿਹਾ ਸੀ।