ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 44ਵੇਂ ਦਿਨ ਵੀ ਰਿਹਾ ਜਾਰੀ
ਖਨੌਰੀ, 08 ਜਨਵਰੀ 2025: ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 44ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਪੈਰ ਸਰੀਰ ਦੇ ਦੂਜੇ ਅੰਗਾਂ ਦੇ ਬਰਾਬਰ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਂਦਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਨੂੰ ਸਥਿਰ ਕਰਨ ਲਈ ਉਨ੍ਹਾਂ ਦੇ ਪੈਰਾਂ ਨੂੰ ਉਚਾਈ 'ਤੇ ਰੱਖਣਾ ਪੈਂਦਾ ਹੈ। ਅੱਜ ਜਗਜੀਤ ਸਿੰਘ ਡੱਲੇਵਾਲ ਜੀ ਵੱਲੋ ਇੱਕ ਵਿਸ਼ੇਸ਼ ਬੇਨਤੀ ਕੀਤੀ ਗਈ ਕਿ ਉਹਨਾਂ ਨੂੰ ਮਿਲਣ ਆਏ ਵਿਆਕਤੀ ਨਾਲ਼ ਗੱਲ ਕਰਨ ਵਿੱਚ ਦਿੱਕਤ ਆ ਰਹੀ ਹੈ ਇਸ ਲਈ ਕਿਸੇ ਵੀ ਵਿਅਕਤੀ ਨੂੰ ਉਹਨਾਂ ਦੀ ਟਰਾਲੀ ਦੇ ਅੰਦਰ ਨਾਂ ਜਾਣ ਦਿੱਤਾ ਜਾਵੇ, ਉਹਨਾਂ ਕਿਹਾ ਕਿ ਉਹ ਮਿਲਣ ਆਉਣ ਵਾਲੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਪਰ ਮੈਡੀਕਲ ਮਜਬੂਰੀ ਕਾਰਨ ਉਹ ਗੱਲ ਕਰਨ ਤੋਂ ਅਸਮਰੱਥ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ ਦਿੱਲੀ ਦੇ ਕਿਸਾਨਾਂ ਨਾਲ ਮੀਟਿੰਗ ਕਰਕੇ ਕਹਿੰਦੇ ਹਨ ਕਿ ਉਹ ਦੁਖੀ ਹਨ ਕਿ ਕਿਸਾਨਾਂ ਨੂੰ ਸਾਡੀਆਂ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ, ਪਰ ਦੂਜੇ ਪਾਸੇ ਉਨ੍ਹਾਂ ਨੂੰ13 ਫਰਵਰੀ 2024 ਤੋਂ ਸੜਕਾਂ ਉੱਪਰ ਅਤੇ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦਾ ਸੰਘਰਸ਼ ਅਤੇ ਕੁਰਬਾਨੀ ਨਜ਼ਰ ਨਹੀਂ ਆ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਜਨਗਣਨਾ 2016 ਅਨੁਸਾਰ ਦਿੱਲੀ ਵਿੱਚ 21000 ਕਿਸਾਨ ਸਨ ਜਿਨ੍ਹਾਂ ਦੀ ਗਿਣਤੀ ਪਿੱਛਲੇ 8 ਸਾਲਾਂ ਵਿੱਚ ਘਟ ਚੁੱਕੀ ਹੈ।
ਜਗਜੀਤ ਸਿੰਘ ਡੱਲੇਵਾਲ ਜੀ ਦੀ ਵਿਗੜ ਰਹੀ ਸਿਹਤ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਗੰਭੀਰ ਹੋ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਅੱਜ ਸਮਾਜਵਾਦੀ ਪਾਰਟੀ ਦੇ ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਹਰਿੰਦਰ ਮਲਿਕ ਨੇ ਆਪਣੇ ਵਫ਼ਦ ਸਮੇਤ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਆਏ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਅਖਿਲੇਸ਼ ਯਾਦਵ ਦਾ ਸੁਨੇਹਾ ਪਹੁੰਚਾਇਆ। ਜਗਜੀਤ ਸਿੰਘ ਡੱਲੇਵਾਲ ਜੀ ਦੀ ਵਿਗੜ ਰਹੀ ਸਿਹਤ ਨੂੰ ਦੇਖਦਿਆਂ ਅਖਿਲੇਸ਼ ਯਾਦਵ ਜੀ ਨੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨਾਲ ਫੋਨ ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲ ਕਰਕੇ ਉਪਰਾਲੇ ਕਰਨਗੇ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਮਤਭੇਦ ਭੁਲਾ ਕੇ MSP ਦੇ ਗਾਰੰਟੀ ਕਾਨੂੰਨ ਦੇ ਮੁੱਦੇ ਉੱਪਰ ਇਕਜੁੱਟ ਹੋਣ ਤਾਂ ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।