ਚੰਡੀਗੜ੍ਹ: ਮੇਅਰ ਚੋਣ ਖਿਲਾਫ਼ ਕੋਰਟ ਜਾਵੇਗੀ AAP
ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਾਸੀਆਂ ਦੇ ਨਾਲ ਧੱਕਾ ਕਰਨ ਦੇ ਲਈ ਬੀਜੇਪੀ ਤਿਆਰ
ਬੀਜੇਪੀ ਵਲੋਂ ਅਫ਼ਸਰਾਂ ਰਾਂਹੀ ਰਚੀ ਗਈ ਸਾਜਿਸ: ਡਾ. ਐਸ.ਐਸ ਆਹਲੂਵਾਲੀਆ
ਮੇਅਰ ਦਾ ਕਾਰਜਕਾਲ 11 ਮਹੀਨੇ ਦਾ ਕੀਤਾ ਗਿਆ
ਚੰਡੀਗੜ੍ਹ, 7 ਜਨਵਰੀ, 2025: ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 24 ਜਨਵਰੀ ਨੂੰ ਚੋਣ ਕਰਵਾਉਣ ਦੀ ਨੋਟੀਫਿਕੇਸ਼ਨ ਦੇ ਖਿਲਾਫ਼ ਆਮ ਆਦਮੀ ਪਾਰਟੀ (ਆਪ) ਕੋਰਟ ਜਾਵੇਗੀ। ਬੀਜੇਪੀ ਵਲੋਂ ਚੰਡੀਗੜ੍ਹ ਨਗਰ ਨਿਗਮ ਵਿੱਚ ਲੋਕਤੰਤਰ ਦਾ ਘਾਣ ਕਰਨ ਲਈ ਇੱਕ ਫਿਰ ਤੋਂ ਸਰਕਾਰੀ ਅਫ਼ਸਰਾਂ ਰਾਂਹੀ ਸਾਜਿਸ ਰਚੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ।
ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ ਅਫਸਰਾਂ ਤੇ ਦਬਾਅ ਪਾ ਕੇ ਮੇਅਰ ਦਾ ਕਾਰਜਕਾਲ 11 ਮਹੀਨੇ ਕਰ ਦਿੱਤਾ ਗਿਆ, ਜਦ ਕਿ ਕਨੂੰਨ ਮੁਤਾਬਿਕ ਮੇਅਰ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ। ਮੇਅਰ ਕੁਲਦੀਪ ਕੁਮਾਰ ਦਾ ਕਾਰਜਕਾਲ 19 ਫਰਵਰੀ, 2025 ਨੂੰ ਪੂਰਾ ਹੋਣ ਹੈ। ਪਰ ਬੀਜੇਪੀ ਵਲੋਂ ਇਸ ਨੂੰ ਇੱਕ ਸਾਜਿਸ ਦੇ ਤਹਿਤ ਇੱਕ ਮਹੀਨਾ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੇਅਰ ਚੋਣ ਦੌਰਾਨ ਬੀਜੇਪੀ ਦੁਆਰਾ ਪ੍ਰੀਜਾਇਡਿੰਗ ਅਫਸਰ ਅਨਿਲ ਮਸੀਹ ਰਾਂਹੀ ਕੁਲਦੀਪ ਕੁਮਾਰ ਦੀਆਂ ਵੋਟਾਂ ਨੂੰ ਗਲਤ ਤਰੀਕੇ ਨਾਲ ਰੱਦ ਕਰਵਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ। ਜਿਸਦੇ ਖਿਲਾਫ਼ ਮਾਣਯੋਗ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਗਈ ਸੀ। ਮਾਣਯੋਗ ਸੁਪਰੀਮ ਕੋਰਟ ਵਲੋਂ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦੇ ਹੋਏ, ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਗਿਆ ਸੀ।
ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਇਸ ਵਾਰ ਵੀ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਦੀ ਸਾਜਿਸ ਰੱਚ ਚੁੱਕੀ ਹੈ, ਇਸ ਨੂੰ ਕਿਸੇ ਵੀ ਹਾਲ ਵਿੱਚ ਬਰਦਾਸਤ ਨਾਲ ਕੀਤਾ ਜਾਵੇਗਾ। ਬੀਜੇਪੀ ਪੂਰੇ ਦੇਸ਼ ਅੰਦਰ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ। ਜਿਸ ਦੀਆਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸੂਬਿਆਂ ਤੋਂ ਕਈਂ ਉਦਾਹਰਣਾਂ ਸਾਹਮਣੇ ਆ ਚੁੱਕੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਦੁਆਰਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਸੀਕਰੇਟ ਬੈਲਟ ਪੇਪਰ ਦੀ ਜਗ੍ਹਾਂ ਹੱਥ ਖੜੇ ਕਰਕੇ ਵੋਟ ਪਾਉਣ ਦੀ ਮੰਗ ਨੂੰ ਖਾਰਜ ਕਰਨਾ ਵੀ ਮੰਦਭਾਗਾ ਹੈ। ਪਿਛਲੇ ਸਾਲ ਸੀਕਰੇਟ ਬੈਲਟ ਪੇਪਰ ਰਾਂਹੀ ਹੋਈ ਵੋਟਿੰਗ ਦੌਰਾਨ ਹੀ ਪ੍ਰੀਜਾਇੰਡਿੰਗ ਅਫਸਰ ਅਨਿਲ ਮਸੀਹ ਵਲੋਂ ਮੇਅਰ ਕੁਲਦੀਪ ਕੁਮਾਰ ਦੀਆਂ ਵੋਟਾਂ ਨੂੰ ਪੈਨੱ ਦੇ ਨਿਸ਼ਾਨ ਲਗਾ ਕੇ ਰੱਦ ਕਰ ਦਿੱਤਾ ਗਿਆ ਸੀ। ਸੀਕਰੇਟ ਬੈਲਟ ਪੇਪਰ ਰਾਂਹੀ ਫਿਰ ਤੋਂ ਚੋਣ ਕਰਵਾਉਣਾ ਇੱਕ ਫਿਰ ਤੋਂ ਵੱਡੀ ਸਾਜਿਸ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਸਾਰੀ ਸਾਜਿਸ ਦੇ ਖਿਲਾਫ਼ ਆਮ ਆਦਮੀ ਪਾਰਟੀ ਵਲੋਂ ਕੋਰਟ ਦਾ ਰੁੱਖ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵਾਸੀਆਂ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।