ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਹੋਈ
- ਮੈਰੀਟੋਰੀਅਸ ਟੀਚਰਜ਼ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਾਂਗੇ : ਕੈਬਨਿਟ ਸਬ ਕਮੇਟੀ
- ਜੇਕਰ ਸਰਕਾਰ ਨੇ ਸਿੱਖਿਆ ਵਿੱਚ ਰੈਗੂਲਰ ਕਰਨ ਸੰਬੰਧੀ ਹੋਰ ਦੇਰੀ ਕੀਤੀ ਤਾਂ ਜਲਦ ਕਰਾਂਗੇ ਤਿੱਖੇ ਐਕਸ਼ਨ : ਡਾ. ਟੀਨਾ ਸੀਨੀਅਰ ਮੀਤ ਪ੍ਰਧਾਨ
- ਪਿਛਲੇ 10 ਸਾਲਾਂ ਵਿੱਚ ਸਾਡਾ ਤਨਖਾਹ ਵਾਧਾ ਸਿਰਫ਼ 2326 ਰੁਪਏ ਹੋਇਆ : ਸੁਣ ਕੇ ਹੈਰਾਨ ਹੋਈ ਕੈਬਨਿਟ ਸਬ-ਕਮੇਟੀ
ਚੰਡੀਗੜ੍ਹ, 8 ਜਨਵਰੀ 2025 - ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਕੈਬਨਿਟ ਸਬ-ਕਮੇਟੀ ਨਾਲ ਸਿਵਲ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਈ , ਮੀਟਿੰਗ ਤਕਰੀਬਨ 25 ਮਿੰਟ ਚੱਲੀ , ਇਸ ਮੀਟਿੰਗ ਵਿੱਚ ਯੂਨੀਅਨ ਆਗੂਆਂ ਵੱਲੋਂ ਜ਼ੋਰਦਾਰ ਢੰਗ ਨਾਲ ਮੰਗ ਰੱਖੀ ਗਈ ਕਿ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਜਿਸ ਤੇ ਕੈਬਨਿਟ ਸਬ-ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2018 ਦੀ ਪਾਲਿਸੀ ਤਹਿਤ ਇਸ ਸੰਬੰਧੀ ਬਣੀ ਕਮੇਟੀ ਵਿੱਚ ਮੈਰੀਟੋਰੀਅਸ ਸਕੂਲਾਂ ਦੇ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਨਿਯਮ ਬਣਾਏ ਜਾਣਗੇ , ਇਸ ਸੰਬੰਧੀ ਉਹਨਾਂ ਕਿਹਾ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੇ ਨਤੀਜੇ ਬਹੁਤ ਅਹਿਮ ਹਨ , ਜ਼ਰੂਰ ਇਹਨਾਂ ਟੀਚਰਾਂ ਦੀਆਂ ਮੰਗਾਂ ਤੇ ਗੌਰ ਕੀਤੀ ਜਾਵੇਗੀ ।
ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਹਨਾਂ ਦੀ ਤਨਖ਼ਾਹ ਵਿੱਚ ਸਿਰਫ਼ 2326 ਰੁਪਏ ਦਾ ਵਾਧਾ ਹੋਇਆ ਹੈ , ਨਤੀਜੇ ਉਹਨਾਂ ਅਹਿਮ ਦਿੱਤੇ ਪਰ ਸ਼ੋਸ਼ਣ ਦਾ ਸ਼ਿਕਾਰ ਹੋਏ । ਕੈਬਨਿਟ ਸਬ-ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਗੱਲ ਤੇ ਹੈਰਾਨਗੀ ਪ੍ਰਗਟ ਕੀਤੀ ਕਿ ਇਹ ਤਾਂ ਮੈਰੀਟੋਰੀਅਸ ਟੀਚਰਾਂ ਨਾਲ ਬਹੁਤ ਧੱਕਾ ਹੋਇਆ ਹੈ , ਉਹਨਾਂ ਕਿ ਜਲਦ ਉਹਨਾਂ ਦੇ ਤਨਖਾਹ ਵਾਧੇ ਤੇ ਪਿਛਲੇ ਬਕਾਏ ਜਾਰੀ ਕੀਤੇ ਜਾਣਗੇ ਤੇ ਇਸ ਕਾਰਜ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ । ਯੂਨੀਅਨ ਆਗੂਆਂ ਨੇ ਕਿਹਾ ਕਿ ਚੰਗੇ ਨਤੀਜੇ ਦੇਣ ਦੇ ਬਾਵਜੂਦ ਉਹਨਾਂ ਦਾ ਆਰਥਿਕ ਸ਼ੋਸ਼ਣ ਹੋਣ ਦੇ ਨਾਲ-ਨਾਲ ਮਾਨਸਿਕ ਸ਼ੋਸ਼ਣ ਵੀ ਹੋ ਰਿਹਾ ਹੈ , ਚੰਗੇ ਨਤੀਜੇ ਦੇਣ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੋਈ ਹੱਲਾਸ਼ੇਰੀ ਪ੍ਰਦਾਨ ਨਹੀਂ ਕੀਤੀ ਜਾਂਦੀ ਜਿਸ ਤੇ ਵਿੱਤ ਮੰਤਰੀ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਤੇ ਵਿਦਿਆਰਥੀਆਂ ਦਾ ਜਲਦ ਸਨਮਾਨ ਕੀਤਾ ਜਾਵੇਗਾ, ਉਹਨਾਂ ਮੌਕੇ ਤੇ ਅਧਿਕਾਰੀਆਂ ਨੂੰ ਇਸ ਸੰਬੰਧੀ ਲੋੜੀਂਦੇ ਨਿਰਦੇਸ਼ ਦਿੱਤੇ । ਸਿੱਖਿਆ ਸਕੱਤਰ ਕੇ. ਕੇ . ਯਾਦਵ ਨੇ ਕੈਬਨਿਟ ਸਬ-ਕਮੇਟੀ ਦੀ ਮੌਜੂਦਗੀ ਵਿੱਚ ਇਸ ਗੱਲ ਦਾ ਯਕੀਨ ਦਿਵਾਇਆ ਕਿ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਨੂੰ ਲੈ ਕੇ ਜਲਦੀ ਰਣਨੀਤੀ ਬਣਾਈ ਜਾ ਰਹੀ ਹੈ ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਡਾ.ਟੀਨਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਹੋਰ ਦੇਰੀ ਕੀਤੀ ਤਾਂ ਤਿੱਖੇ ਐਕਸ਼ਨ ਕੀਤੇ ਜਾਣਗੇ । ਜਨਰਲ ਸਕੱਤਰ ਡਾ. ਅਜੇ ਕੁਮਾਰ ਨੇ ਕਿਹਾ ਕਿ ਜਲਦ ਸੂਬਾ ਪੱਧਰੀ ਮੀਟਿੰਗ ਵਿੱਚ ਅਗਲੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕ ਰਹੇ ਹਾਂ ਤਾਂ ਕਿ ਸਰਕਾਰ ਸਾਡੀਆਂ ਹੱਕੀਂ ਮੰਗਾਂ ਤੇ ਤੁਰੰਤ ਮੋਹਰ ਲਾਵੇ । ਇਸ ਸਮੇਂ ਮੀਟਿੰਗ ਵਿੱਚ ਵਿੱਤ ਸਕੱਤਰ ਬਸੰਤ ਗਰਗ ਮੈਰੀਟੋਰੀਅਸ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਡਾ. ਮਨਿੰਦਰ ਸਰਕਾਰੀਆ ਤੇ ਸਹਾਇਕ ਪ੍ਰੋਜੈਕਟ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ ਵੀ ਮੌਜੂਦ ਰਹੇ , ਯੂਨੀਅਨ ਦੇ ਸੂਬਾ ਆਗੂ ਬੂਟਾ ਸਿੰਘ ਮਾਨ ਤੇ ਐਸ਼ਪ੍ਰੀਤ ਕੌਰ ਵੀ ਹਾਜ਼ਰ ਰਹੇ ।