Babushahi Special: ਬਠਿੰਡਾ: ਛਲੇਡਾ ਬਣੇ ਕੈਨੇਡਾ ਨੇ ਡੰਗਿਆ ਅਜੀਤ ਰੋਡ ਦਾ ਰੌਣਕ ਮੇਲਾ
ਅਸ਼ੋਕ ਵਰਮਾ
ਬਠਿੰਡਾ,31 ਦਸੰਬਰ2024: ਕੈਨੇਡੀਅਨ ਸਰਕਾਰ ਵੱਲੋਂ ਉੱਥੇ ਜਾਣ ਵਾਲੇ ਆਮ ਲੋਕਾਂ ਅਤੇ ਸਟੱਡੀ ਵੀਜ਼ਾ ਤੇ ਸਿੱਖਿਆ ਹਾਸਲ ਕਰਨ ਵਾਲਿਆਂ ਤੇ ਲਾਈਆਂ ਸਖਤ ਪੇਸ਼ਬੰਦੀਆਂ ਕਾਰਨ ਕੈਨੇਡਾ ਜਾਣ ਦੇ ਘਟੇ ਰੁਝਾਨ ਨੇ ਬਠਿੰਡਾ ਦੀ ਅਜੀਤ ਰੋਡ ਤੇ ਆਈਲੈਟਸ ਸਮੇਤ ਸਮੁੱਚੇ ਕੰਮ ਕਾਰ ਨੂੰ ਅਜਿਹੀ ਸੱਟ ਮਾਰੀ ਕਿ ਹੁਣ ਤਾਂ ਦੁਕਾਨਾਂ ਵਿਹਲੀਆਂ ਹੋਣ ਦੀ ਨੌਬਤ ਆ ਗਈ ਹੈ। ਦੁਕਾਨਾਂ ਦੇ ਬਾਹਰ ਲੱਗੇ ‘ਟੂਲੈਟ’ ਦੇ ਬੋਰਡ ਇਸ ਖਿੱਤੇ ’ਚ ਆਏ ਮੰਦਵਾੜੇ ਦੀ ਗਵਾਹੀ ਭਰਦੇ ਹਨ। ਸਭ ਤੋਂ ਵੱਡੀ ਮਾਰ ਆਈਲੈਟਸ ਅਦਾਰਿਆਂ ਨੂੰ ਪਈ ਹੈ ਜਿੰਨ੍ਹਾਂ ਦੇ ਬੰਦ ਹੋਣ ਵਾਲਿਆਂ ਦੀ ਗਿਣਤੀ ਕਾਫੀ ਵੱਡੀ ਹੈ। ਇੰਨ੍ਹਾਂ ’ਚ ਕਈ ਨਾਮੀ ਅਦਾਰੇ ਸ਼ਾਮਲ ਹਨ ਜਿੰਨ੍ਹਾਂ ਨੇ ਬਠਿੰਡਾ ’ਚ ਕੰਮ ਤੋਂ ਤੌਬਾ ਕਰ ਲਈ ਹੈ ਜਦੋਂਕਿ ਚੰਡੀਗੜ੍ਹ ਨਾਲ ਸਬੰਧਤ ਇੱਕ ਵੱਡੀ ਕੰਪਨੀ ਨੇ ਤਾਂ ਦਿਓ ਕੱਦ ਇਮਾਰਤ ਖਾਲੀ ਕਰਕੇ ਇਸੇ ਹੀ ਥਾਂ ਤੇ ਉੱਪਰ ਵਾਲੇ ਪੈਸੇ ਛੋਟਾ ਜਿਹਾ ਹਿੱਸਾ ਕਿਰਾਏ ਤੇ ਲੈ ਲਿਆ ਹੈ।
ਸ਼ਹਿਰ ਦੇ ਤਕਰੀਬਨ ਵਿਚਕਾਰ ਸਥਿਤ ਅਜੀਤ ਰੋਡ ਉਹ ਸੜਕ ਹੈ ਜਿੱਥੇ ਇਮੀਗ੍ਰੇਸ਼ਨ ਅਤੇ ਆਈਲੈਟਸ ਦੀ ਪੜ੍ਹਾਈ ਕਰਵਾਉਣ ਵਾਲਿਆਂ ਦਾ ਗੜ੍ਹ ਹੁੰਦੀ ਸੀ ਪਰ ਹੁਣ ਇੱਥੇ ਦਿਨ ਦਿਹਾੜੇ ਉੱਲੂ ਬੋਲਣ ਲੱਗੇ ਹਨ। ਕੈਨੇਡਾ ਹਕੂਮਤ ਦੇ ਇਸ ਫੈਸਲੇ ਦੀ ਮਾਰ ਹੇਠ ਇਕੱਲੇ ਵਿਦੇਸ਼ਾਂ ਨੂੰ ਭੇਜਣ ਵਾਲਿਆਂ ਦਾ ਕਾਰੋਬਾਰ ਹੀ ਪ੍ਰਭਾਵਿਤ ਨਹੀਂ ਹੋਇਆ ਬਲਕਿ ਇੱਥੇ ਆਉਣ ਵਾਲੇ ਬੱਚਿਆਂ ਦੀ ਬਦੌਲਤ ਸਟੇਸ਼ਨਰੀ , ਫੋਟੋਸਟੇਟ, ਖਾਣ ਪੀਣ ਵਾਲੀਆਂ ਵਸਤਾਂ, ਰੈਡੀਮੇਡ ਕੱਪੜਿਆਂ, ਗਿਫਟ ਆਈਟਮਾਂ, ਮੋਬਾਇਲ ਫੋਨ ਅਤੇ ਫਾਸਟ ਫੂਡ ਤੋਂ ਇਲਾਵਾ ਪੇਇੰਗ ਗੈਸਟ ਰੱਖਕੇ ਕਮਾਈ ਕਰਨ ਲਈ ਸ਼ੁਰੂ ਕੀਤੇ ਕਾਰੋਬਾਰ ਤੇ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਬਿਨਾਂ ਆਈਲੈਟਸ ਅਦਾਰਿਆਂ ਅਤੇ ਹੋਰ ਵੱਖ ਵੱਖ ਪ੍ਰਕਾਰ ਦੀਆਂ ਦੁਕਾਨਦਾਰੀਆਂ ਕਾਰਨ ਚਾਹ ਦੀਆਂ ਰੇਹੜੀਆਂ , ਕੱਪੜੇ ਪ੍ਰੈਸ ਕਰਨ ਜਾਂ ਧੋਣ ਵਾਲਿਆਂ ,ਪੀਜ਼ ਬਰਗਰ ਅਤੇ ਕਈ ਅਦਾਰਿਆਂ ’ਚ ਸੁਰੱਖਿਆ ਲਈ ਤਾਇਨਾਤ ਗਾਰਡਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।
ਦਰਅਸਲ ਸਾਢੇ ਤਿੰਨ ਦਹਾਕੇ ਤੱਕ ਪਹਿਲਾਂ ਅਜੀਤ ਰੋਡ ਸ਼ਹਿਰ ਦੀਆਂ ਹੋਰਨਾਂ ਸੜਕਾਂ ਵਾਂਗ ਇੱਕ ਸਧਾਰਨ ਜਿਹੀ ਸੜਕ ਸੀ ਜਿੱਥੇ ਵੱਖ ਵੱਖ ਤਰਾਂ ਦੀਆਂ ਦੁਕਾਨਾਂ ਚੱਲ ਰਹੀਆਂ ਸਨ। ਸਾਲ 1990 ਉਪਰੰਤ ਸਿੱਖਿਆ ਢਾਂਚੇ ’ਚ ਆਈਆਂ ਤਬਦੀਲੀਆਂ ਅਤੇ ਮੁਕਾਬਲੇਬਾਜੀ ਦੀਆਂ ਪ੍ਰੀਖਿਆਵਾਂ ਦੌਰਾਨ ਚੰਗ ਹਾਸਲ ਕਰਨ ਲਈ ਇਸ ਸੜਕ ਤੇ ਕੋਚਿੰਗ ਸੈਂਟਰਾਂ ਦਾ ਕੰਮ ਸ਼ੁਰੂ ਹੋਇਆ ਸੀ ਜੋ ਹੌਲੀ ਹੌਲੀ ਵਿੱਦਿਅਕ ਹੱਬ ਦਾ ਰੂਪ ਧਾਰਨ ਕਰ ਗਿਆ। ਪੰਜਾਬ ’ਚ ਘਟੇ ਰੁਜਗਾਰ ਕਾਰਨ ਮੁੰਡੇ ਕੁੜੀਆਂ ’ਚ ਬਣੇ ਵਿਦੇਸ਼ ਖਾਸ ਤੌਰ ਤੇ ਕੈਨੇਡਾ ਜਾਕੇ ਵੱਸਣ ਦੇ ਰੁਝਾਨ ਕਾਰਨ ਇੱਥੇ ਆਈਲੈਟਸ ਕਰਵਾਉਣ ਵਾਲੇ ਸੈਂਟਰ ਖੁੱਲ੍ਹਣੇ ਸ਼ੁਰੂ ਹੋ ਗਏ ਜਿੰਨ੍ਹਾਂ ਨੇ ਦੇਖਦਿਆਂ ਹੀ ਦੇਖਦਿਆਂ ਸਨਅਤ ਦਾ ਰੂਪ ਧਾਰਨ ਕਰ ਲਿਆ। ਇੰਨ੍ਹਾਂ ਸੈਂਟਰਾਂ ਦੀ ਬਦੌਲਤ ਪੰਜਾਬ ਦੇ ਵੱਖ ਵੱਖ ਭਾਗਾਂ ਤੋਂ ਆਈਲੈਟਸ ਕਰਨ ਲਈ ਆਉਣ ਵਾਲੇ ਮੁੰਡੇ ਕੁੜੀਆਂ ਦੇ ਰਹਿਣ ਦੀ ਸਮੱਸਿਆ ਦੂਰ ਕਰਨ ਲਈ ਇਸ ਸੜਕ ਦੇ ਨਜ਼ਦੀਕ ਪੀਜੀ ਖੁੱਲ੍ਹ ਗਏ।
ਤਕਰੀਬਨ ਪਿਛਲੇ ਸਾਲ ਤੱਕ ਤਾਂ ਇਹ ਸਥਿਤੀ ਸੀ ਕਿ ਅਜੀਤ ਰੋਡ ਦੀਆਂ ਗਲੀਆਂ ’ਚ ਹਰ ਚੌਥੇ ਘਰ ’ਚ ਪੀਜੀ ਦਾ ਧੰਦਾ ਚੱਲ ਰਿਹਾ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਮੁੰਡੇ ਕੁੜੀਆਂ ਰਹਿੰਦੇ ਸਨ। ਇੰਨ੍ਹਾਂ ਪੀਜੀਜ਼ ਕਾਰਨ ਹੀ ਅਜੀਤ ਰੋਡ ਤੇ ਹਰ ਵਕਤ ਰੌਣਕ ਮੇਲਾ ਬਣਿਆ ਰਹਿੰਦਾ ਸੀ ਜਿਸ ਦੇ ਚੱਲਦਿਆਂ ਆਵਾਜਾਈ ’ਚ ਵਿਘਨ ਅਤੇ ਜਾਮ ਦੀ ਸਥਿਤੀ ਤਕਰੀਬਨ ਹਰ ਵਕਤ ਹੀ ਬਣੀ ਰਹਿੰਦੀ ਸੀ। ਇੱਕ ਵਾਰ ਤਾਂ ਆਵਾਜਾਈ ਦੀ ਸਥਿਤੀ ਐਨੀ ਗੰਭੀਰ ਹੋ ਗਈ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਅਜੀਤ ਰੋਡ ਵਨ ਵੇਅ ਕਰਕੇ ਸਖਤ ਪਹਿਰਾ ਲਾਉਣਾ ਪਿਆ ਸੀ। ਪੁਲਿਸ ਦੇ ਫੈਸਲੇ ਕਾਰਨ ਦੁਕਾਨਦਾਰਾਂ ਦੀ ਗਾਹਕੀ ਵੱਡੀ ਪੱਧਰ ਤੇ ਪ੍ਰਭਾਵਿਤ ਹੋਈ ਪਰ ਪੀਜੀ ਮੁੰਡੇ ਕੁੜੀਆਂ ਕਰਕੇ ਢੋਲ ਢਮੱਕੇ ਤੇ ਰਤਾ ਅਸਰ ਨਹੀਂ ਪਿਆ ਸੀ। ਹਾਲਾਂਕਿ ਪੀਜੀ ਮੁੰਡਿਆਂ ਕਾਰਨ ਅਵਾਰਾਗਰਦੀ ਅਤੇ ਹੋਰ ਘਟਨਾਵਾਂ ਹੀ ਵਾਪਰਦੀਆਂ ਰਹਿੰਦੀਆਂ ਸਨ ਪਰ ਅਜੀਤ ਰੋਡ ਆਪਣੀ ਰਸ ਤੋਰੇ ਤੁਰਦੀ ਆ ਰਹੀ ਸੀ।
ਦੱਸਣਯੋਗ ਹੈ ਕਿ ਸਾਲ 2017 ਤੋਂ ਪੰਜਾਬ ਵਿੱਚ ਸਟੱਡੀ ਵੀਜ਼ੇ ਦੇ ਰੁਝਾਨ ਨੇ ਜ਼ੋਰ ਫੜਨਾ ਸ਼ੁਰੂ ਕੀਤਾ ਸੀ। ਜਦੋਂ ਪਹਿਲੋਂ ਪਹਿਲ ਗਏ ਵਿਦਿਆਰਥੀ ਦੂਸਰੇ ਮੁਲਕਾਂ ਵਿੱਚ ਨੌਕਰੀ ਕਰਨ ਲੱਗ ਪਏ ਹਨ ਤਾਂ ਹੁਣ ਉਨ੍ਹਾਂ ਦੇ ਮਾਪੇ ਵੀ ਪਿੱਛੇ-ਪਿੱਛੇ ਵਿਦੇਸ਼ ਜਾਣ ਲੱਗੇ ਸਨ। ਕਰੋਨਾ ਮਹਾਮਾਰੀ ਕਾਰਨ ਇਸ ਹਨੇਰੀ ਨੂੰ ਕੁਝ ਸਮਾਂ ਠੱਲ੍ਹ ਪਈ ਸੀ ਪਰ ਮਗਰੋਂ ਇਹ ਰਫ਼ਤਾਰ ਮੁੜ ਤੇਜ਼ੀ ਫੜ ਗਈ ਸੀ। ਬੇਸ਼ੱਕ ਸਾਲ 2022 ਦੌਰਾਨ ਸੱਤਾ ’ਚ ਆਈ ‘ਆਮ ਆਦਮੀ ਪਾਰਟੀ ’ ਸਰਕਾਰ ਨੇ ‘ਵਤਨ ਵਾਪਸੀ’ ਦੇ ਏਜੰਡੇ ’ਤੇ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਪੰਜਾਬੀ ਪਾਸਪੋਰਟ ਬਣਾਉਣ ਵਿੱਚ ਕੋਈ ਢਿੱਲ ਨਹੀਂ ਦਿਖਾ ਰਹੇ ਸਨ। ਇਕੱਲੇ ਬਠਿੰਡਾ ’ਚ ਹਰ ਹਫਤੇ ਤਿੰਨ ਦਰਜਨ ਥਾਵਾਂ! ਤੇ ਆਈਲੈਟਸ ਦੀ ਪ੍ਰੀਖਿਆ ਹੁੰਦੀ ਰਹੀ ਹੈ। ਹੁਣ ਕੈਨੇਡਾ ਸਰਕਾਰ ਦੇ ਸਖਤ ਨਿਯਮਾਂ ਨੇ ਆਈਲੈਟਸ ਕਾਰੋਬਾਰੀਆਂ ਦੇ ਨਾਲ ਨਾਲ ਮਾਪਿਆਂ ਅਤੇ ਬੱਚਿਆਂ ਦੀਆਂ ਰੀਝਾਂ ਨੂੰ ਡੰਗ ਮਾਰਿਆ ਹੈ।
ਬੰਦ ਹੋਏ ਵੱਡੀ ਗਿਣਤੀ ਆਈਲੈਟਸ ਸੈਂਟਰ
ਆਈਲੈਟਸ ਐਂਡ ਇਮੀਗਰੇਸ਼ਨ ਸੈਂਟਰ ਐਸੋਸੀਏਸ਼ਨ ਦੇ ਆਗੂ ਰਾਜਕਰਨ ਸਿੰਘ ਬਰਾੜ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ ਦੀਆਂ ਸਖਤ ਪੇਸ਼ਬੰਦੀਆਂ ਕਾਰਨ ਆਈਲੈਟਸ ਅਤੇ ਵੀਜ਼ਾ ਲਗਵਾਉਣ ਦਾ ਕੰਮ ਇਸ ਵਕਤ ਇੱਕ ਤਰਾਂ ਨਾਲ ਆਖਰੀ ਸਾਹਾਂ ਤੇ ਪੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ 90 ਦੇ ਕਰੀਬ ਆਈਲੈਟਸ ਸੈਂਟਰ ਇਕੱਲੇ ਬਠਿੰਡਾ ਸ਼ਹਿਰ ’ਚ ਬੰਦ ਹੋਏ ਹਨ । ਉਨ੍ਹਾਂ ਦੱਸਿਆ ਕਿ ਜੋ ਚੱਲ ਰਹੇ ਹਨ ਉਨ੍ਹਾਂ ’ਚ ਬੱਚਿਆਂ ਦੀ ਗਿਣਤੀ ’ਚ ਅੱਧੀ ਵੀ ਨਹੀਂ ਰਹਿ ਗਈ ਹੈ।