ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਦੇ ਇਲਾਕੇ 'ਚ ਪਦਮਜੀਤ ਮਹਿਤਾ ਨੇ ਫੇਰਿਆ ਝਾੜੂ
ਅਸ਼ੋਕ ਵਰਮਾ
ਬਠਿੰਡਾ, 21 ਦਸੰਬਰ 2024: ਬਠਿੰਡਾ ਜ਼ਿਲ੍ਹੇ ਦੀ ਸਭ ਤੋਂ ਚਰਚਿਤ ਮੰਨੀ ਜਾ ਰਹੀ ਵਾਰਡ ਨੰਬਰ 48 ਦੀ ਉਪ ਚੋਣ ਲਈ ਅੱਜ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦਾ ਵਿਰੋਧ ਕਰਨ ਕਾਰਨ ਇਸ ਵਾਰਡ ਉਪਰ ਇੱਕੱਲੇ ਬਠਿੰਡਾ ਸ਼ਹਿਰ ਦੇ ਹੀ ਨਹੀਂ, ਬਲਕਿ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਵੱਡੀ ਗੱਲ ਇਹ ਵੀ ਹੈ ਕਿ ਸਮੁੱਚੇ ਪੰਜਾਬ ਨੂੰ ਜਾਪਦਾ ਸੀ ਕਿ ਇਸ ਵਾਰਡ ਦੀ ਚੋਣ ਮੌਕੇ ਵੱਡੀ ਪੱਧਰ ਤੇ ਗੜਬੜ ਹੋ ਸਕਦੀ ਹੈ ਪਰ ਬਠਿੰਡਾ ਪੁਲਿਸ ਵੱਲੋਂ ਕੀਤੇ ਕਰੜੇ ਸੁਰੱਖਿਆ ਪ੍ਰਬੰਧਾਂ ਕਾਰਨ ਅੱਜ ਇਲਾਕੇ ਵਿੱਚ ਚਿੜੀ ਵੀ ਨਹੀਂ ਫੜਕੀ ਹੈ। ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਇੰਨੇ ਕਰੜੇ ਪ੍ਰਬੰਧ ਕੀਤੇ ਗਏ ਸਨ ਕਿ ਕਿਸੇ ਬਾਹਰਲੇ ਵਿਅਕਤੀ ਨੂੰ ਪੋਲਿੰਗ ਬੂਥ ਦੇ ਨੇੜੇ ਵੀ ਢੁੱਕਣ ਨਹੀਂ ਦਿੱਤਾ ਗਿਆ।
ਐਸਪੀ ਸਿਟੀ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਵੱਡੇ ਪੁਲਿਸ ਅਧਿਕਾਰੀਆਂ ਦੀ ਜਿੰਮੇਵਾਰੀ ਸੁਰੱਖਿਆ ਵਾਸਤੇ ਲੱਗੀ ਹੋਈ ਸੀ ਜਿਸ ਦੇ ਚਲਦਿਆਂ ਅੱਜ ਪੂਰੇ ਅਮਨ ਅਮਾਨ ਨਾਲ ਵੋਟਾਂ ਪਈਆਂ।ਵਾਰਡ ਦੀ ਕੁੱਲ 4167 ਵੋਟਾਂ ਵਿਚੋਂ 2908 ਵੋਟਾਂ ਪੋਲ ਹੋਈਆਂ ਸਨ ਜਿਨ੍ਹਾਂ ਵਿੱਚੋਂ ਪਦਮਜੀਤ ਮਹਿਤਾ ਨੂੰ 1672 ਵੋਟਾਂ ਪਈਆਂ ਹਨ। ਦੂਸਰੇ ਨੰਬਰ ਤੇ ਵਿਧਾਇਕ ਗਿੱਲ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬਲਵਿੰਦਰ ਰਿਹਾ ਹੈ ਜਿਸ ਦੇ ਹੱਕ ਵਿੱਚ 843 ਵੋਟਰਾਂ ਨੇ ਵੋਟ ਪਾਈ ਹੈ। ਇਸ ਮਾਮਲੇ ਦਾ ਰੌਚਕ ਪਹਿਲੂ ਇਹ ਵੀ ਹੈ ਕਿ ਖੁਦ ਨੂੰ ਜੇਤੂ ਦੱਸਣ ਵਾਲੀ ਪੰਜਾਬ ਕਾਂਗਰਸ ਦੇ ਉਮੀਦਵਾਰ ਮੱਖਣ ਲਾਲ ਠੇਕੇਦਾਰ ਸਿਰਫ 181 ਵੋਟਾਂ ਹੀ ਲਿਜਾ ਸਕੇ ਹਨ ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਨੂੰ ਸਿਰਫ 92 ਵੋਟਾਂ ਪਈਆਂ ਹਨ। ਇਹਨਾਂ ਦੋਵਾਂ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ। ਜਿੱਤਣ ਤੋਂ ਬਾਅਦ ਪਦਮ ਮਹਿਤਾ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਭਰੋਸੇ ਉਪਰ ਖ਼ਰਾ ਉਤਰਨ ਦਾ ਭਰੋਸਾ ਦਿਵਾਇਆ।
ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਦਿਲਚਸਪੀ ਬਣਨ ਦਾ ਇੱਕ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਉਮੀਦਵਾਰਾਂ ਦੇ ਐਲਾਨ ਹੋਣ ਤੋਂ ਐਨ ਪਹਿਲਾਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ਼ੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਨੂੰ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ ਸੀ। ਸ਼ਮੂਲੀਅਤ ਦੀ ਸ਼ਰਤ ਅਨੁਸਾਰ ਅਮਨ ਅਰੋੜਾ ਨੇ ਬਿੰਦਰ ਨੂੰ ਵਾਰਡ ਨੰਬਰ 48 ਤੋਂ ਉਮੀਦਵਾਰ ਐਲਾਨ ਦਿੱਤਾ। ਇਸੇ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਆਪਣੇ ਪੁੱਤਰ ਪਦਮਜੀਤ ਮਹਿਤਾ ਲਈ ਟਿਕਟ ਲੈ ਆਏ। ਨਰਾਜ਼ ਹੋਏ ਗਿੱਲ ਨੇ ਪਾਰਟੀ ਉਮੀਦਵਾਰ ਦੀ ਹਮਾਇਤ ਤੋਂ ਪਾਸਾ ਵੱਟ ਲਿਆ। ਅੱਜ ਵੀ ਵਿਧਾਇਕ ਗਿੱਲ ਪੂਰਾ ਦਿਨ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬਿੰਦਰ ਦੇ ਪੋਲਿੰਗ ਬੂਥ ਤੇ ਬੈਠ ਕੇ ਵੋਟਰਾਂ ਨੂੰ ਬਿੰਦਰ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਆਖਦੇ ਦਿਖਾਈ ਦਿੱਤੇ।
ਕਿਓਂ ਹੋਈ ਵਾਰਡ ਦੀ ਜਿਮਨੀ ਚੋਣ
ਸਾਲ 2021 ਦੌਰਾਨ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਮੌਕੇ ਵਾਰਡ ਨੰਬਰ 48 ਤੋਂ ਕਾਂਗਰਸੀ ਆਗੂ ਜਗਰੂਪ ਗਿੱਲ ਨੇ ਚੋਣ ਜਿੱਤੀ ਸੀ। ਉਦੋਂ ਉਮੀਦ ਸੀ ਕਿ ਸ਼ਹਿਰੀ ਹਲਕੇ ਦੇ ਤੱਤਕਾਲੀ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਗਰੂਪ ਗਿੱਲ ਨੂੰ ਮੇਅਰ ਬਨਾਉਣਗੇ। ਇਸ ਦੇ ਉਲਟ ਪਹਿਲੀ ਵਾਰ ਚੋਣ ਜਿੱਤੀ ਸ਼ਰਾਬ ਕਾਰੋਬਾਰੀ ਦੀ ਪਤਨੀ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਜੋ ਗਿੱਲ ਦੀ ਨਰਾਜ਼ਗੀ ਦਾ ਕਾਰਨ ਬਣ ਗਿਆ। ਕੁੱਝ ਕਾਂਗਰਸੀਆਂ ਵੱਲੋਂ ਵਿੱਢੇ ਭੰਡੀ ਪ੍ਰਚਾਰ ਨੇ ਬਲਦੀ ਤੇ ਅਜਿਹਾ ਤੇਲ ਪਾਇਆ ਕਿ ਗਿੱਲ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰਕੇ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ। ਕੌਂਸਲਰ ਵਜੋਂ ਦਿੱਤੇ ਅਸਤੀਫੇ ਕਾਰਨ ਹੁਣ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ।