ਰਾਏਕੋਟ : ਪੱਤਰਕਾਰ ਸੁਸ਼ੀਲ ਵਰਮਾ ਦੇ ਭਰਾ ਦਲੀਪ ਕੁਮਾਰ ਵਰਮਾ(ਦੀਪ) ਦੀ ਅੰਤਿਮ ਅਰਦਾਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ
- ਦੀਪ ਦਾ ਵਿਛੋੜਾ ਅਕਹਿ ਤੇ ਅਸਹਿ/ਦੁੱਖ ਵੰਡਾਉਣ ਨਾਲ ਘੱਟ ਜਾਂਦਾ ਹੈ/ਮੌਤ ਇੱਕ ਅਟੱਲ ਸੱਚਾਈ - ਲਖਵਿੰਦਰ ਸਿੰਘ ਸਪਰਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 21 ਫਰਵਰੀ2025 - ਅੱਜ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਰਾਏਕੋਟ ਤੋਂ ਨੇੜਲੇ ਪਿੰਡ ਤਾਜਪੁਰ ਵਿਖੇ ਪੱਤਰਕਾਰ ਸੁਸ਼ੀਲ ਕੁਮਾਰ ਵਰਮਾ ਦੇ ਛੋਟੇ ਭਰਾ ਦਲੀਪ ਕੁਮਾਰ ਵਰਮਾ (ਦੀਪ) ਨਮਿਤ ਅੰਤਿਮ ਅਰਦਾਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।
ਪਿੰਡ ਤਾਜਪੁਰ ਦੇ ਗੁਰਦੁਆਰਾ ਸਾਹਿਬ, ਖੰਗੂੜਾ ਪੱਤੀ ਵਿਖੇ ਦਲੀਪ ਕੁਮਾਰ ਵਰਮਾ(ਦੀਪ) ਨਮਿਤ ਹੋਈ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਕ ਪਾਰਟੀਆਂ/ਧਾਰਮਿਕ ਜਥੇਬੰਦੀਆਂ/ਸਮਾਜਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਪੱਤਰਕਾਰਾਂ/ ਰਿਸ਼ਤੇਦਾਰਾਂ/ਦੋਸਤਾਂ-ਮਿੱਤਰਾਂ-ਸਨੇਹੀਆਂ ਵੱਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਕੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁੱਖ ਵੰਡਾਇਆ ਗਿਆ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਸਪਰਾ (ਰਾਏਕੋਟ)ਨੇ ਵਿਛੜੀ ਰੂਹ ਨੂੰ ਭਾਵੁਕ ਹੁੰਦਿਆਂ ਕਿਹਾ ਕਿ ਇਸ ਵਿਛੋੜੇ ਦਾ ਦਰਦ ਸਾਨੂੰ ਹਮੇਸ਼ਾਂ ਰੜਕਦਾ ਰਹੇਗਾ।ਦੀਪ ਦਾ ਵਿਛੋੜਾ ਅਸਹਿ ਤੇ ਅਕਹਿ ਹੈ।ਅੱਜ ਦੇ ਇਕੱਠ ਨੇ ਇਸ ਅੰਤਿਮ ਅਰਦਾਸ ਮੌਕੇ ਸ਼ਾਮਿਲ ਹੋ ਕੇ ਦੁਖੀ ਪ੍ਰੀਵਾਰ ਦੇ ਦੁੱਖ ਨੂੰ ਵੰਡਾਉਣ ਦਾ ਯਤਨ ਕੀਤਾ ਹੈ, ਕਿਉਂ ਕਿ ਦੁੱਖ ਵੰਡਾਉਣ ਨਾਲ ਘੱਟ ਹੋ ਜਾਂਦਾ ਹੈ।ਦੁੱਖ ਦੇ ਸਮੇਂ ਭਾਣਾ ਮੰਨਣ ਲਈ ਕਿਹਾ ਜਾਂਦਾ ਹੈ, ਕਿਉਂ ਕਿ ਇਸ ਤੋਂ ਬਿਨਾਂ ਇਨਸਾਨ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਤੇ ਮੌਤ ਇੱਕ ਅਟੱਲ ਸੱਚਾਈ ਵੀ ਹੈ।ਪਰ ਭਾਣਾ ਮੰਨਣਾ ਔਖਾ ਬਹੁਤ ਹੈ।ਲਖਵਿੰਦਰ ਸਿੰਘ ਸਪਰਾ(ਰਾਏਕੋਟ)ਨੇ ਅੰਤਿਮ ਅਰਦਾਸ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ 'ਚ ਵੀ ਪਰਿਵਾਰ ਦਾ ਸਾਥ ਦੇਣ।