ਪੰਜਾਬ ਖੁਰਾਕ ਕਮਿਸ਼ਨ ਦੇ ਮੈਂਬਰ, ਵਿਜੇ ਦੱਤ ਨੇ ਸਰਕਾਰੀ ਰਾਸ਼ਨ ਡਿੱਪੂਆਂ ਦੀ ਅਚਾਨਕ ਕੀਤੀ ਚੈਕਿੰਗ
ਹਰਜਿੰਦਰ ਸਿੰਘ ਭੱਟੀ
- ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਦਿੱਤੀ ਜਾਣਕਾਰੀ
ਐਂਸ.ਏ.ਐੱਸ. ਨਗਰ 21 ਫਰਵਰੀ 2025: ਪੰਜਾਬ ਖੁਰਾਕ ਕਮਿਸ਼ਨ ਦੇ ਮੈਂਬਰ, ਸ਼੍ਰੀ ਵਿਜੇ ਦੱਤ ਨੇ ਅੱਜ ਐਸ ਏ ਐਸ ਨਗਰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿੱਪੂਆਂ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦਾ ਉਦੇਸ਼ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਅਧੀਨ ਚੱਲ ਰਹੀਆਂ ਭਲਾਈ ਸਕੀਮਾਂ ਨੂੰ ਲਾਗੂ ਕਰਨ ਦਾ ਮੁਲਾਂਕਣ ਕਰਨਾ ਸੀ।
ਸ਼੍ਰੀ ਵਿਜੇ ਦੱਤ ਨੇ ਸੈਕਟਰ 55 ਫੇਜ਼ 1 ਅਤੇ ਖਰੜ ਸਮੇਤ ਹੋਰ ਰਾਸ਼ਨ ਡਿੱਪੂਆਂ ਦੀ ਚੈਕਿੰਗ ਕੀਤੀ। ਉਨ੍ਹਾਂ ਨੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਚੈਕਿੰਗ ਦੌਰਾਨ ਸੰਬੰਧਤ ਅਧਿਕਾਰੀ ਵੀ ਮੌਜੂਦ ਸਨ।
ਸ਼੍ਰੀ ਦੱਤ ਨੇ ਸੂਚਿਤ ਕੀਤਾ ਕਿ ਸਰਕਾਰ ਤਿੰਨ ਮਹੀਨੇ ਲਈ, ਜਨਵਰੀ ਤੋਂ ਮਾਰਚ ਤੱਕ, ਕਣਕ ਵੰਡਣ ਦੀ ਯੋਜਨਾ ਚਲਾ ਰਹੀ ਹੈ। ਅੰਕੜਿਆਂ ਅਨੁਸਾਰ, ਜ਼ਿਲ੍ਹੇ ਵਿੱਚ ਲਗਭਗ 25% ਕਣਕ ਵੰਡੀ ਜਾ ਚੁੱਕੀ ਹੈ। ਇਸਦੇ ਨਾਲ-ਨਾਲ, ਸਰਕਾਰੀ ਰਾਸ਼ਨ ਡਿੱਪੂਆਂ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਅਤੇ ਇਲੈਕਟ੍ਰਿਕ ਤੋਲ ਮਸ਼ੀਨਾਂ ਦੀ ਸਥਾਪਨਾ ਨਾਲ ਰਾਸ਼ਨ ਵੰਡਣ ਦੀ ਪ੍ਰਕਿਰਿਆ ਹੋਰ ਜ਼ਿਆਦਾ ਪਾਰਦਰਸ਼ੀ ਹੋ ਗਈ ਹੈ, ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲੀ ਹੈ। ਸ਼੍ਰੀ ਵਿਜੇ ਦੱਤ ਨੇ ਕਿਹਾ ਕਿ ਉਹ ਲਗਾਤਾਰ ਅਚਾਨਕ ਦੌਰੇ ਕਰਦੇ ਰਹਿੰਦੇ ਹਨ ਅਤੇ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਕਿਸਮ ਦੀ ਗਲਤੀ ਪਾਉਣ 'ਤੇ ਸਖ਼ਤ ਕਦਮ ਉਠਾਉਣ ਦੀ ਹਦਾਇਤ ਦੇਣਗੇ। ਉਨ੍ਹਾਂ ਨੇ ਮੀਡੀਆ ਰਾਹੀਂ ਇਹ ਸੰਦੇਸ਼ ਵੀ ਜਾਰੀ ਕੀਤਾ ਕਿ ਜੋ ਲਾਭਪਾਤਰੀ ਅਜੇ ਤੱਕ ਆਪਣਾ ਕਣਕ ਨਹੀਂ ਲਈ ਗਈ, ਉਹ ਆਪਣੇ ਸੰਬੰਧਤ ਡਿੱਪੂ 'ਤੇ ਜਾ ਕੇ ਕਣਕ ਪ੍ਰਾਪਤ ਕਰ ਸਕਦੇ ਹਨ।
ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਹਦਾਇਤ ਦਿੱਤੀ ਹੈ ਕਿ ਪੰਜਾਬ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ (9876764545) ਜ਼ਿਲ੍ਹੇ ਦੇ ਸਾਰੇ ਸਰਕਾਰੀ ਰਾਸ਼ਨ ਡਿੱਪੂਆਂ 'ਤੇ ਦਰਸਾਇਆ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੀਆਂ ਯੋਜਨਾਵਾਂ ਨਾਲ ਸਬੰਧਤ ਕੋਈ ਸ਼ਿਕਾਇਤ ਹੈ, ਤਾਂ ਉਹ ਇਸ ਹੈਲਪਲਾਈਨ ਨੰਬਰ 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।