ਪਿੰਡ ਚਾਂਦਹੇੜੀ 'ਚ ਡਿੰਮ ਬਿਜਲੀ ਸਪਲਾਈ ਨੇ ਲੋਕਾਂ ਨੂੰ ਵਖਤ ਪਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਜਨਵਰੀ 2025: ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਪਿੰਡ ਚਾਂਦਹੇੜੀ ਅਤੇ ਹੋਰਨਾਂ ਪਿੰਡਾਂ ਵਿੱਚ ਪਿਛਲੇ ਦੋ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਡਿੰਮ ਆ ਰਹੀ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀ ਗੁਰਵਿੰਦਰ ਸਿੰਘ, ਸੁਰਜਣ ਸਿੰਘ, ਨੈਬ ਸਿੰਘ, ਜਸਵਿੰਦਰ ਸਿੰਘ, ਹਜ਼ਾਰਾ ਸਿੰਘ, ਰਾਜੀਵ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਸ਼ਰਮਾ ਤੇ ਵਿਪਨ ਕੁਮਾਰ ਸ਼ਰਮਾ ਆਦਿ ਨੇ ਵਿਰੋਧ ਕਰਦਿਆਂ ਦੱਸਿਆ ਕਿ ਪਿਛਲੇ ਕਈ ਹਫਤੇ ਤੋਂ ਬਿਜਲੀ ਦੀ ਸਪਲਾਈ ਦੇ ਕੱਟ ਲੱਗ ਰਹੇ ਸਨ, ਪਰ ਹੁਣ ਪਿਛਲੇ ਤਿੰਨ ਦਿਨ੍ਹਾਂ ਤੋਂ ਪਿੰਡ ਵਿੱਚ ਬਿਜਲੀ ਦੀ ਸਪਲਾਈ ਬਿਲਕੁਲ ਡਿੰਮ ਆ ਰਹੀ ਹੈ, ਜਿਸ ਨਾਲ ਨਾ ਤਾਂ ਕੋਈ ਬਲਬ ਬਲਦਾ ਹੈ ਅਤੇ ਨਾ ਹੀ ਪਾਣੀ ਦੀ ਸਪਲਾਈ ਹੀ ਪਿੰਡ ਵਿੱਚ ਹੋ ਰਹੀ ਹੈ। ਉਨ੍ਹਾ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਫੋਨ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ, ਪਰ ਫਿਰ ਵੀ ਕੋਈ ਹੱਲ ਨਹੀਂ ਹੋ ਸਕਿਆ।
ਉਨ੍ਹਾਂ ਦੱਸਿਆ ਕਿ ਟੁੱਟੀਆਂ ਵਿੱਚ ਪਾਣੀ ਵੀ ਮੋਟਰਾਂ ਰਾਹੀਂ ਆਉਂਦਾ ਹੈ ਅਤੇ ਬਿਜਲੀ ਦੀ ਘੱਟ ਸਪਲਾਈ ਵਿੱਚ ਉਹ ਪਾਣੀ ਵਾਲੀ ਮੋਟਰ ਵੀ ਨਹੀਂ ਚਲਾ ਸਕਦੇ ਅਤੇ ਉਨ੍ਹਾਂ ਨੂੰ ਮਜ਼ਬੂਰੀ ਵਸ ਨਲਕਿਆਂ ਦਾ ਦੂਸ਼ਿਤ ਪਾਣੀ ਪੀਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਸਪਲਾਈ ਘੱਟ ਹੋਣ ਨਾਲ ਦਿਨ ਢਲਦੇ ਹੀ ਘਰਾਂ ਵਿੱਚ ਰਾਤ ਵੇਲੇ ਹਨੇਰਾ ਛਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਰਾਤ ਦਾ ਖਾਣਾ ਵੀ ਮੋਮਬੱਤੀ ਦੇ ਚਾਨਣੇ ਵਿੱਚ ਖਾਉਣਾ ਪੈ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਅਤੇ ਪਾਣੀ ਦੀ ਘਾਟ ਨਾਲ ਜਿਥੇ ਉਨ੍ਹਾਂ ਨੂੰ ਰੋਜਾਨਾਂ ਦੇ ਕੰਮ ਠੱਪ ਹਨ, ਉੱਥੇ ਹੀ ਪਸ਼ੂਆਂ ਦੀ ਹਾਲਤ ਵੀ ਬਹੁਤ ਮਾੜੀ ਹੋਈ ਪਈ ਹੈ। ਚਾਰੇ ਵਾਲੀ ਮਸ਼ੀਨ ਨੂੰ ਹੱਥਾਂ ਨਾਲ ਗੇੜ ਕੇ ਪਸ਼ੂਆਂ ਲਈ ਚਾਰਾ ਟੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਬਿਜਲੀ ਦੀ ਸਪਲਾਈ ਨੂੰ ਦਰੁੱਸਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ।
ਇਸ ਸਬੰਧੀ ਜਦੋਂ ਜੇਈ ਰਾਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਇਹ ਸਮੱਸਿਆ ਆ ਰਹੀ ਹੈ ਪਰ ਫਿਰ ਵੀ ਉਹ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਹਨ ।