ਹਮਾਂਯੂਪੁਰ ਦਰੱਖਤ ਕਟਾਈ ਮਾਮਲਾ ਹੋਰ ਉਲਝਿਆ: ਪੁਰਾਣੇ ਸਰਪੰਚ ਤੇ ਪੰਚਾਇਤ ਸਕੱਤਰ ਨੇ ਆਪਣਾ ਪੱਖ ਰੱਖਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਜਨਵਰੀ 2025: ਲਾਲੜੂ ਨੇੜਲੇ ਪਿੰਡ ਹਮਾਂਯੂਪੁਰ 'ਚ ਕਰੀਬ 300 ਦਰੱਖਤਾਂ ਦੀ ਕਟਾਈ (ਸਫੈਦੇ ਦੇ ਦਰੱਖਤ) ਦਾ ਮਾਮਲਾ ਨਿੱਤ ਉਲਝਣ ਦੇ ਨਾਲ-ਨਾਲ ਨਵੇਂ -ਨਵੇਂ ਸਵਾਲਾਂ ਨੂੰ ਜਨਮ ਦੇ ਰਿਹਾ ਹੈ । ਨਵੇਂ ਸਰਪੰਚ ਵੱਲੋਂ ਇਸ ਮਾਮਲੇ ਵਿਚ ਪ੍ਰੈੱਸ ਨੂੰ ਬਕਾਇਦਾ ਲਿਖਤੀ ਸਪੱਸ਼ਟੀਕਰਨ ਦੇਣ ਤੋਂ ਬਾਅਦ ਪੁਰਾਣੇ ਸਰਪੰਚ ਤੇ ਉਸ ਸਮੇਂ ਦੇ ਪੰਚਾਇਤ ਸਕੱਤਰ ਨੇ ਵੀ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ ਜਦਕਿ ਜੰਗਲਾਤ ਅਧਿਕਾਰੀ ਡੇਰਾਬੱਸੀ ਨੇ ਕਿਹਾ ਕਿ ਦਰੱਖਤ ਕੱਟਣ ਤੋਂ ਪਹਿਲਾਂ ਉਨ੍ਹਾਂ ਦੇ ਮਹਿਕਮੇ ਕੋਲ ਦਰੱਖਤਾਂ ਦੀ ਰਾਖਵੀਂ ਕੀਮਤ ਜਾਨਣ ਬਾਰੇ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ । ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਸਮੇਂ ਵਿੱਚ ਦਰੱਖਤ ਵੱਢਣ ਦੀ ਕੋਈ ਘਟਨਾ ਨਹੀਂ ਹੋਈ ਤੇ ਜੇ ਇਹ ਹੋਈ ਹੁੰਦੀ ਤਾਂ ਉਸ ਸਮੇਂ ਕੋਈ ਨਾ ਕੋਈ ਜ਼ਰੂਰ ਬੋਲਦਾ ਜਾਂ ਇਹ ਮਾਮਲਾ ਹੁਣ ਵਾਂਗ ਮੀਡੀਆ ਵਿਚ ਜ਼ਰੂਰ ਆਉਂਦਾ।
ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਪੰਚੀ ਦਾ ਕਾਰਜਕਾਲ ਤਾਂ ਕਰੀਬ ਸਾਲ ਪਹਿਲਾਂ ਹੀ ਖਤਮ ਹੋ ਗਿਆ ਸੀ ਤੇ ਜੇ ਇਹ ਦਰੱਖਤ ਉਸ ਸਮੇਂ ਦੇ ਵੱਢੇ ਹੋਏ ਹੁੰਦੇ ਤਾਂ ਹੁਣ ਤੱਕ ਇਹ ਦਰੱਖਤ ਦੁਬਾਰਾ ਕਈ-ਕਈ ਫੁੱਟ ਦੇ ਹੋ ਜਾਂਦੇ ਪਰ ਇਹ ਦਰੱਖਤ ਹੁਣ ਤੱਕ ਸਿਰਫ ਮੁੰਢ (ਤਾਜ਼ਾ ਕੱਟੇ ਦਰੱਖਤ) ਹੀ ਨਜ਼ਰ ਆਉਂਦੇ ਹਨ । ਦੂਜੇ ਪਾਸੇ ਤਤਕਾਲੀਨ ਪੰਚਾਇਤ ਸਕੱਤਰ ਮਨਦੀਪ ਸਿੰਘ ਦਰਦੀ ਦਾ ਕਹਿਣਾ ਹੈ ਕਿ ਉਹ ਮਾਰਚ 2024 ਤੋਂ ਅਕਤੂਬਰ 2024 ਤੱਕ (ਨਵੀਂ ਪੰਚਾਇਤ ਬਨਣ ਦਾ ਸਮਾਂ ) ਇਸ ਪਿੰਡ ਦੇ ਪੰਚਾਇਤ ਸਕੱਤਰ ਰਹੇ ਹਨ ਤੇ ਇਸ ਸਮੇਂ ਦੌਰਾਨ ਉਨ੍ਹਾਂ ਕੋਲ 32 ਪਿੰਡਾਂ ਦਾ ਚਾਰਜ ਸੀ । ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਤੇ ਉਨ੍ਹਾਂ ਨੂੰ ਵੀ ਇਹ ਮਸਲਾ ਹੁਣੇ ਅਖ਼ਬਾਰਾਂ ਵਿਚ ਖ਼ਬਰਾਂ ਛੱਪਣ ਤੋਂ ਬਾਅਦ ਹੀ ਪਤਾ ਲੱਗਾ ,ਜਿਸ ਉਪਰੰਤ ਇਹ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ । ਇਸੇ ਤਰ੍ਹਾਂ ਜੰਗਲਾਤ ਅਧਿਕਾਰੀ ਡੇਰਾਬੱਸੀ, ਜੈ ਸਿੰਘ ਨੇ ਦੱਸਿਆ ਕਿ ਦਰੱਖਤ ਵੱਢਣ ਦਾ ਅੰਦਾਜ਼ਾ ਵੱਢੇ ਦਰੱਖਤ ਦੇ ਪੁੰਗਰਣ ਦੇ ਹਿਸਾਬ ਨਾਲ ਹੀ ਲਗਾਇਆ ਜਾਂਦਾ ਹੈ ,ਉਸ ਲਈ ਕੋਈ ਵੱਖਰੀ ਤਕਨੀਕ ਨਹੀਂ ਹੈ ।
ਦੂਜੇ ਪਾਸੇ ਨਵੇਂ ਸਰਪੰਚ ਦਲਬੀਰ ਸਿੰਘ ਹਮਾਂਯੂਪੁਰ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪੰਚਾਇਤ ਇਸ ਮਾਮਲੇ ਵਿਚ ਆਪਣਾ ਪੱਖ ਰੱਖ ਚੁੱਕੀ ਹੈ ਤੇ ਇਹ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਪੁਰਾਣੀ ਪੰਚਾਇਤ ਜਾਂ ਕਿਸੇ ਹੋਰ ਉਤੇ ਦਰੱਖਤ ਵੱਢਣ ਦਾ ਦੋਸ਼ ਨਹੀਂ ਲਗਾਇਆ ਤੇ ਉਨ੍ਹਾਂ ਖੁਦ ਇਸ ਮਾਮਲੇ ਦੀ ਸ਼ਿਕਾਇਤ ਬੀਡੀਪੀਓ ਤੇ ਪੁਲਿਸ ਨੂੰ ਦਿੱਤੀ ਹੈ ਤੇ ਉਹ ਇਸ ਮਾਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਵੀ ਕਰ ਰਹੇ ਹਨ । ਇਸ ਸਬੰਧੀ ਸੰਪਰਕ ਕਰਨ ਉਤੇ ਥਾਣਾ ਹੰਡੇਸਰਾ ਦੇ ਐਸਐਚਓ ਇੰਸਪੈਕਟਰ ਰਣਬੀਰ ਸਿੰਘ ਸੰਧੂ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਿਉਂ ਹੀ ਇਸ ਮਾਮਲੇ ਵਿਚ ਪੁਖ਼ਤਾ ਗੱਲ ਸਾਹਮਣੇ ਆਵੇਗੀ,ਉਹ ਪੱਤਰਕਾਰਾਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇਗੀ ।