ਆਪ ਦੀ ਸਰਕਾਰ ,ਆਪ ਦੇ ਦੁਆਰ’ ਮੁਹਿੰਮ ਤਹਿਤ ਕੌਂਸਲ ਦਫ਼ਤਰ 'ਚ ਕੈਂਪ
- ਰੰਧਾਵਾ ਵੱਲੋਂ ਸ਼ਹਿਰ ਵਿਚਲੇ ਨਜਾਇਜ਼ ਕਬਜ਼ੇ ਜਲਦ ਛੁਡਵਾਉਣ ਦੀ ਹਦਾਇਤ
ਮਲਕੀਤ ਸਿੰਘ ਮਲਕਪੁਰ
ਲਾਲੜੂ, 21 ਜਨਵਰੀ 2025: ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਤ ਤਹਿਤ ਅੱਜ ਲਾਲੜੂ ਮਿਊਂਸਪਲ ਕਮੇਟੀ ਵਿਖੇ ਐਸ.ਡੀ.ਐਮ ਡੇਰਾਬਸੀ ਅਮਿਤ ਗੁਪਤਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦੀ ਅਗਵਾਈ ਵਿੱਚ ਲੋਕ ਸੁਵਿਧਾ ਕੈਂਪ ਲਾਇਆ ਗਿਆ। ਕੈਪ ਵਿੱਚ ਵਾਰਡ ਨੰ: 11,12,13 ਅਤੇ 14 ਨਗਰ ਕੌਂਸਲ ਲਾਲੜੂ ਦੇ ਨਿਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਲੈ ਕੇ ਪਹੁੰਚ ਕੀਤੀ ਗਈ। ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਜਨਤਕ ਮੁਸ਼ਕਿਲਾਂ ਸੁਣਨ ਪੁੱਜੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਲਾਏ ਜਾ ਰਹੇ ਕੈਪਾਂ ਨੂੰ ਪਿੰਡਾਂ, ਸ਼ਹਿਰਾਂ ਅਤੇ ਵਾਰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਇਨ੍ਹਾਂ ਕੈਂਪਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਸੁਖਾਵੇਂ ਢੰਗ ਨਾਲ ਨਿਪਟਾ ਰਹੇ ਹਨ।
ਇਹ ਕੈਂਪ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਕੰਮਾਂ ਦੇ ਨਿਪਟਾਰੇ ਲਈ ਬੇਹਤਰੀਨ ਮੰਚ ਸਾਬਿਤ ਹੋ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੈਂਪ ਵਿੱਚ ਹਾਜ਼ਰ ਹੋ ਕੇ ਹਲਕੇ ਦੇ ਲੋਕਾਂ ਦੇ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਕੈਂਪ ਵਿੱਚ ਪੰਜਾਬ ਸਰਕਾਰ ਦੇ ਵੱਖ- ਵੱਖ ਵਿਭਾਗਾਂ ਦੇ ਕੰਮਾਂ ਨਾਲ ਸਬੰਧਤ 113 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਦਾ ਮੌਕੇ ਤੇ ਹੱਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇੱਕ ਥਾਂ ‘ਤੇ ਹੀ ਲਗਪਗ ਸਾਰੇ ਵਿਭਾਗਾਂ ਦੀ ਮੌਜੂਦਗੀ ਆਮ ਲੋਕਾਂ ਲਈ ਲਾਹੇਵੰਦ ਹੈ। ਇਸ ਮੌਕੇ ਹਲਕਾ ਵਿਧਾਇਕ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਕੀਤੇ ਗਏ ਨਜਾਇਜ਼ ਕਬਜ਼ਿਆਂ ਸਬੰਧੀ ਪੜਤਾਲ ਕਰਵਾਈ ਜਾਵੇ ਅਤੇ ਜਲਦੀ ਛੁਡਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਅਤੇ ਹਰ ਸ਼ਹਿਰ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ 43 ਸੇਵਾਵਾਂ ਹੈਲਪ ਲਾਈਨ ਨੰਬਰ 1076 ’ਤੇ ਸੰਪਰਕ ਕਰਕੇ ਵੀ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵਧੀਕ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸੇਵਾਵਾਂ ਲਈ ਸੁਵਿਧਾ ਕੈਂਪ ਚ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ।