ਡਿਪਟੀ ਕਮਿਸ਼ਨਰ ਜਲੰਧਰ ਨੇ ਬਰਲਟਨ ਪਾਰਕ ֹ’ਚ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ
- ਪਾਰਕ ਦੀ ਦਿੱਖ ਸੰਵਾਰਨ ਲਈ ਵਿਦਿਆਰਥੀ ਕਰ ਸਕਣਗੇ ਆਪਣੀ ਕਲਾ ਦਾ ਪ੍ਰਦਰਸ਼ਨ
ਜਲੰਧਰ, 21 ਜਨਵਰੀ 2025: ਬਰਲਟਨ ਪਾਰਕ ਦੇ ਸੁੰਦਰੀਕਰਨ ਅਤੇ ਦਿੱਖ ਸੰਵਾਰਨ ਦੇ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕਾਲਜਾਂ ਦੇ ਫਾਈਨ ਆਰਟਸ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਰੂਪ-ਰੇਖਾ ਉਲੀਕੀ ਗਈ ਹੈ, ਜਿਸ ਨਾਲ ਜਿਥੇ ਵਿਦਿਆਰਥੀਆਂ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੇ ਡਿਜ਼ਾਈਨ ਪਾਰਕ ਦੀ ਖੂਬਸੂਰਤੀ ਦਾ ਹਿੱਸਾ ਬਣਨਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਹਾਇਕ ਕਮਿਸ਼ਨਰ (ਯੂ.ਟੀ.) ਸੁਨੀਲ ਫੋਗਟ ਸਮੇਤ ਬਰਲਟਨ ਪਾਰਕ ֹ’ਚ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਲਟਨ ਪਾਰਕ ਨੂੰ ਸਪੋਰਟਸ ਹੱਬ ਦੇ ਨਾਲ-ਨਾਲ ਸ਼ਹਿਰ ਵਿੱਚ ਖਿੱਚ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਰਲਟਨ ਪਾਰਕ ਦੀ ਨੁਹਾਰ ਬਦਲਣ ਦੇ ਇਸ ਪ੍ਰਾਜੈਕਟ ਰਾਹੀਂ ਨੌਜਵਾਨਾਂ ਨੂੰ ਆਪਣੀ ਕਲਾ, ਹੁਨਰ ਤੇ ਰਚਨਾਤਮਕਤਾ ਦਿਖਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਬਰਲਟਨ ਪਾਰਕ ਦੇ ਅੰਦਰ ਅਤੇ ਬਾਹਰ ਆਕਰਸ਼ਕ ਵਾਲ ਪੇਟਿੰਗ ਤੋਂ ਇਲਾਵਾ ਸਕਲਪਚਰ ਅਤੇ ਲੈਂਡਸਕੇਪਿੰਗ ਕਰਵਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਵਾਲ ਪੇਂਟਿੰਗਜ਼ ਲਈ ਪਹਿਲੇ ਪੜਾਅ ਵਿੱਚ ਵਿਦਿਆਰਥੀਆਂ ਵਿੱਚ ਮੁਕਾਬਲੇ ਕਰਵਾਏ ਜਾਣਗੇ ਅਤੇ ਚੁਣੇ ਗਏ ਡਿਜ਼ਾਈਨ ਬਰਲਟਨ ਪਾਰਕ ਦੀਆਂ ਦੀਵਾਰਾਂ ’ਤੇ ਪੇਂਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਕਲਪਚਰ ਅਤੇ ਲੈਂਡਸਕੇਪਿੰਗ ਲਈ ਵੀ ਵਿਦਿਆਰਥੀਆਂ ਦੇ ਆਈਡੀਆਜ਼ ਨੂੰ ਸ਼ਾਮਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਰਕ ਦੇ ਸੁੰਦਰੀਕਰਨ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਦੀ ਪ੍ਰਸ਼ਾਸਨ ਵੱਲੋਂ ਹੌਸਲਾ ਅਫਜ਼ਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਨਾ ਸਿਰਫ਼ ਪਾਰਕ ਨੂੰ ਸੁੰਦਰ ਬਣਾਉਣਾ ਹੈ, ਸਗੋਂ ਲੋਕਾਂ ਖਾਸ ਕਰ ਨੌਜਵਾਨਾਂ ਵਿੱਚ ਸਮੂਹਿਕ ਭਾਗੀਦਾਰੀ ਦੀ ਭਾਵਨਾ ਨੂੰ ਵਧਾਉਣਾ ਵੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਲਟਨ ਪਾਰਕ ਨੂੰ ਸਪੋਰਟਸ ਹੱਬ ਦੇ ਨਾਲ-ਨਾਲ ਇਸ ਰਾਹੀਂ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਦੇ ਵੀ ਮੌਜੂਦ ਸਨ।