
ਸਦੀਵੀਂ ਵਿਛੋੜੇ ’ਤੇ ਵਿਸ਼ੇਸ਼
’ਛਣਕਾਟਾ’ ਨਾਲ ਚਰਚਾ ’ਚ ਆਏ ਜਸਵਿੰਦਰ ਭੱਲਾ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸਨ
ਲੁਧਿਆਣਾ/ਮੁਹਾਲੀ: ਪੰਜਾਬ ਵਿਚ 1980ਵਿਆਂ ਦੇ ਦਹਾਕੇ ਦੇ ਅੰਤ ਵਿਚ ’ਛਣਕਾਟਾ’ ਨਾਲ ਹਾਸ ਰਸ ਕਲਾਕਾਰ ਵਜੋਂ ਚਰਚਾ ਵਿਚ ਆਏ ਜਸਵਿੰਦਰ ਸਿੰਘ ਭੱਲਾ ਬਹੁ ਪੱਖਸ਼ੀਅਤ ਦੇ ਮਾਲਕ ਸਨ।
ਜਸਵਿੰਦਰ ਭੱਲਾ ਅਸਲ ਵਿਚ ਡਾ. ਜਸਵਿੰਦਰ ਸਿੰਘ ਭੱਲਾ ਸਨ ਜਿਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ ਐਸ ਸੀ ਅਤੇ ਐਮ ਐਸ ਸੀ ਖੇਤੀਬਾੜੀ ਕੀਤੀ। ਇਸ ਉਪਰੰਤ ਪੀ ਐਚ ਡੀ ਕਰ ਕੇ ਉਹ ਐਕਸਟੈਂਸ਼ਨ ਵਿਭਾਗ ਵਿਚ ਬਤੌਰ ਸਹਾਇਕ ਪ੍ਰੋਫੈਸਰ ਪੜ੍ਹਾਉਣ ਲੱਗ ਪਏ। ਹੌਲੀ-ਹੌਲੀ ਤਰੱਕੀ ਹਾਸਲ ਕਰਦਿਆਂ ਉਹ ਵਿਭਾਗ ਦੇ ਮੁਖੀ ਬਣੇ ਤੇ 2020 ਵਿਚ ਸੇਵਾ ਮੁਕਤ ਹੋਏ।
ਇਕ ਅਧਿਆਪਕ ਵਜੋਂ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੇ ਵਿਦਿਆਰਥੀ ਅੱਜ ਵੀ ਬਹੁਤ ਯਾਦ ਕਰਦੇ ਹਨ। ਉਹਨਾਂ ਦੇ ਅਣਗਿਣਤ ਵਿਦਿਆਰਥੀ ਅੱਜ ਸਮਾਜ ਵਿਚ ਚੰਗੇ-ਚੰਗੇ ਰੁਤਬਿਆਂ ’ਤੇ ਬਿਰਾਜਮਾਨ ਹਨ।
ਅਧਿਆਪਕ ਵਜੋਂ ਪੇਸ਼ ਤੋਂ ਇਲਾਵਾ ਜਸਵਿੰਦਰ ਸਿੰਘ ਭੱਲਾ ਨੇ ਇਕ ਕਾਮੇਡੀਅਨ ਦੇ ਰੂਪ ਵਿਚ ਦੁਨੀਆਂ ਭਰ ਵਿਚ ਆਪਣਾ ਨਾਂ ਬਣਾਇਆ।
1988 ਤੋਂ 2009 ਤੱਕ ਉਹਨਾਂ ਲਗਾਤਾਰ ’ਛਣਕਾਟਾ’ ਦੇ ਸਿਰਲੇਖ ਹੇਠ ਆਡੀਓ ਕੈਸਟਾਂ ਜਾਰੀ ਕੀਤੀਆਂ ਜੋ ਪੰਜਾਬ ਵਿਚ ਬਹੁਤ ਮਕਬੂਲ ਹੋਈਆਂ।
ਪ੍ਰੋ. ਮੋਹਨ ਸਿੰਘ ਮੇਲੇ ਵਿਚ ਇਕ ਵਾਰ ਪੇਸ਼ਕਾਰੀ ਦੇਣ ਵੇਲੇ ਉਹ ਦੂਰਦਰਸ਼ਨ ਕੇਂਦਰ ਜਲੰਧਰ ਦੇ ਨੋਟਿਸ ਵਿਚ ਆਏ ਤੇ ਫਿਰ ਉਹਨਾਂ ਦੇ ਪ੍ਰੋਗਰਾਮ ਦੂਰਦਰਸ਼ਨ ’ਤੇ ਆਉਣ ਲੱਗੇ। ਹੌਲੀ-ਹੌਲੀ ਉਹਨਾਂ ਨੇ ਪੰਜਾਬੀ ਫਿਲਮਾਂ ਵਿਚ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ ਅਤੇ ਆਪਣੀ ਅਜਿਹੀ ਪਛਾਣ ਕਾਇਮ ਕਰ ਲਈ ਕਿ ਕਿਸੇ ਵੀ ਫਿਲਮ ਵਿਚ ਉਹਨਾਂ ਦੇ ਨਾ ਹੋਣ ’ਤੇ ਫਿਲਮ ਅਧੂਰੀ ਮੰਨੀ ਜਾਣ ਲੱਗ ਪਈ। ਉਹਨਾਂ ਨੇ ’ਚਾਚਾ ਚਤਰੇ’ ਦੇ ਰੂਪ ਵਿਚ ਵੱਖਰੀ ਪਛਾਣ ਵੀ ਹਾਸਲ ਕੀਤੀ।
ਉਹਨਾਂ ਨੇ ’’ਮਾਹੌਲ ਠੀਕ ਹੈ, ਜੀਜਾ ਜੀ, ਜੀਹਨੇ ਮੇਰਾ ਦਿਲ ਲੁੱਟਿਆ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਅਟ’’ ਸਮੇਤ ਅਣਗਿਣਤ ਫਿਲਮਾਂ ਵਿਚ ਕੰਮ ਕੀਤਾ ਤੇ ਲੋਕਾਂ ਦਾ ਮਨੋਰੰਜਨ ਕੀਤਾ। ਉਹਨਾਂ ਦੇ ਨਾਲ ਪੜ੍ਹਨ ਵਾਲੇ ਬਾਲ ਮੁਕੰਦ ਸ਼ਰਮਾ ਤੇ ਨੀਲੂ ਸ਼ਰਮਾ ਉਹਨਾਂ ਦੀਆਂ ਕੈਸਟਾਂ ਤੇ ਬਾਅਦ ਦੇ ਕਿਰਦਾਰਾਂ ਵਿਚ ਵੀ ਉਹਨਾਂ ਦੇ ਸਾਥੀ ਬਣੇ।
ਉਹਨਾਂ ਦਾ ਵਿਆਹ ਪਰਮਦੀਪ ਕੌਰ ਭੱਲਾ ਨਾਲ ਹੋਇਆ ਜੋ ਫਾਈਨ ਆਰਟਸ ਦੇ ਅਧਿਆਪਕ ਹਨ। ਉਹਨਾਂ ਦੇ ਪੁੱਤਰ ਪੁਖ਼ਰਾਜ ਭੱਲਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਜਦੋਂ ਕਿ ਧੀ ਅਰਸ਼ਦੀਪ ਕੌਰ ਨਾਰਵੇ ਵਿਆਹੀ ਹੋਈ ਹੈ।
ਉਹਨਾਂ ਦੇ ਸਦੀਵੀਂ ਵਿਛੋੜੇ ’ਤੇ ਬਾਬੂਸ਼ਾਹੀ ਨੈਟਵਰਕ ਦੇ ਮੁੱਖ ਸੰਪਾਦਕ ਬਲਜੀਤ ਬੱਲੀ ਤੇ ਸਮੁੱਚੀ ਟੀਮ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।