EXCLUSIVE: ਕੁੜੀਆਂ ਚਿੜੀਆਂ ਨਹੀਂ : ਮੰਜ਼ਿਲ ਦੇ ਮੱਥੇ ਲੱਗਦੀ ਤਖਤੀ ਉਨ੍ਹਾਂ ਦੇ ਜੋ ਘਰੋਂ ਬਣਾਕੇ ਤੁਰਦੇ ਨਕਸ਼ਾ ਸਫਰਾਂ ਦਾ
ਅਸ਼ੋਕ ਵਰਮਾ
ਬਠਿੰਡਾ,28 ਅਗਸਤ2025:‘ਸ਼ੁਕਰੀਆ ਧੀ ਰਾਣੀਏ, ਤੂੰ ਪੰਜਾਬ ਦਾ ਸਿਰ ਉੱਚਾ ਕਰ ਦਿੱਤਾ ਹੈੇ।’ ਸਾਡੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਤੇਰਾ ਧੰਨਵਾਦ ਕਰ ਸਕੀਏ।’ ਇਹ ਕਹਿਣਾ ਉਨ੍ਹਾਂ ਲੋਕਾਂ ਦਾ ਹੈ ਜਿੰਨ੍ਹਾਂ ਖਾਤਰ ਅੰਮ੍ਰਿਤਸਰ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸ਼ੂਕਦੇ ਪਾਣੀ ਦੀਆਂ ਬੇਲਗਾਮ ਛੱਲਾਂ ਦੀ ਪਰਵਾਹ ਨਾਂ ਕਰਦਿਆਂ ਸੇਵਾ ਕਾਰਜਾਂ ’ਚ ਜੁਟੀ ਹੋਈ ਹੈ। ਅਜੋਕੇ ਹਾਲਾਤਾਂ ਦੌਰਾਨ ਜਦੋਂ ਅਫਸਰਸ਼ਾਹੀ ਖੁਦ ਨੂੰ ਆਮ ਲੋਕਾਂ ਤੋਂ ਉੱਪਰ ਸਮਝਣ ਲੱਗੀ ਹੈ ਤਾਂ ਸਾਕਸ਼ੀ ਸਾਹਨੀ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਹੈ, ਉਸ ’ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁਰਅਤ ਨਹੀਂ ਪੈਂਦੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਇਹ ਨਿਵੇਕਲਾ ਰੰਗ ਸਾਹਮਣੇ ਆਇਆ ਹੈ। ਵੀਡੀਓ ’ਚ ਉਹ ਹੜ੍ਹਾਂ ਦੇ ਪਾਣੀ ਵਿਚਕਾਰ ਦੀ ਕਾਹਲੀ ਕਾਹਲੀ ਬਿਨਾਂ ਕਿਸੇ ਡਰ ਭੈਅ ਤੋਂ ਕਿਧਰੇ ਜਾਂਦੀ ਨਜ਼ਰ ਆ ਰਹੀ ਹੈ।

ਹੈਰਾਨੀ ਵਾਲੀ ਗੱਲ ਹੈ ਕਿ ਇੰਨੀਂ ਦਿਨੀਂ ਬਾਰਸ਼ਾਂ ਦੇ ਪਾਣੀ ’ਚ ਫਿਰਦੇ ਸੱਪ ਸਲੂਤੀਆਂ ਵੀ ਇਸ ਧੀ ਦਾ ਹੌਂਸਲਾ ਤੋੜ ਨਹੀਂ ਕਰ ਸਕੇ ਹਨ। ਬੇਸ਼ੱਕ ਸਰਕਾਰ ਦੇ ਆਦੇਸ਼ਾਂ ਤਹਿਤ ਹਰ ਅਧਿਕਾਰੀ ਹੜ੍ਹਾਂ ਨਾਲ ਨਜਿੱਠਣ ’ਚ ਲੱਗਿਆ ਹੋਇਆ ਹੈ ਪਰ ਸਾਕਸ਼ੀ ਸਾਹਨੀ ਜਿਸ ਦਲੇਰੀ ਨਾਲ ਕੰਮ ਕਰ ਰਹੀ ਹੈ ਉਸ ਨੂੰ ਦੇਖ ਕੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਪੁਰਸ਼ ਅਫਸਰ ਤੇ ਮੁਲਾਜਮ ਦੰਗ ਰਹਿ ਜਾਂਦੇ ਹਨ। ਅੰਮ੍ਰਿਤਸਰ ਜਿਲ੍ਹੇ ਚੋਂ ਹਾਸਲ ਜਾਣਕਾਰੀ ਅਨੁਸਾਰ ਲੋਕ ਉਨ੍ਹਾਂ ਦੇ ਸੇਵਾ ਕਾਰਜਾਂ ਤੋਂ ਸੰਤੁਸ਼ਟ ਵੀ ਨਜ਼ਰ ਆਉਂਦੇ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕੁੱਝ ਮਹੀਨੇ ਪਹਿਲਾਂ ਜਦੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦਾ ਮਹੌਲ ਬਣਿਆ ਸੀ ਤਾਂ ਉਹ ਸੋਸ਼ਲ ਮੀਡੀਆ ਰਾਹੀਂ ਸ਼ਹਿਰ ਵਾਸੀਆਂ ਨਾਲ ਸੰਪਰਕ ’ਚ ਰਹੇ ਸਨ। ਇਸ ਤੋਂ ਪਹਿਲਾਂ ਕਦੇ ਅਜਿਹੀਆਂ ਪ੍ਰਸਥਿਤੀਆਂ ਦੇ ਬਹੁਤੀ ਰੂਬਰੂ ਨਾਂ ਹੋਣ ਵਾਲੀ ਸਾਕਸ਼ੀ ਸਾਹਨੀ ਨੇ ਹਰ ਚੁਣੌਤੀ ਦਾ ਸਫਲਤਪੂਰਵਕ ਸਾਹਮਣਾ ਕੀਤਾ ਸੀ।
ਇਹੋ ਕਾਰਨ ਹੈ ਕਿ ਹੁਣ ਉਹ ਲੋਕ ਸੇਵਾ ਨੂੰ ਤਰਜੀਹ ਦੇਣਾ ਆਪਣਾ ਪਰਮ ਅਗੇਤ ਫਰਜ਼ ਸਮਝਦੀ ਹੈ। ਹੁਣ ਉਹ ਔਰਤਾਂ ਅਤੇ ਸਮਾਜ ਦੇ ਹਰ ਵਰਗ ਲਈ ਮਿਸਾਲ ਇੱਕ ਤਰਾਂ ਨਾਲ ਮਿਸਾਲ ਬਣ ਗਈ ਹੈ। ਦਿੱਲੀ ’ਚ ਆਈਆਰਐਸ ਅਧਿਕਾਰੀ ਸੁਨੀਲ ਸਾਹਨੀ ਅਤੇ ਅਧਿਆਪਕਾ ਅਨੀਤਾ ਸਾਹਨੀ ਦੇ ਘਰ ਜਨਮ ਲੈਣ ਵਾਲੀ ਸਾਕਸ਼ੀ ਸਾਹਨੀ ਆਮ ਕੁੜੀਆਂ ਵਰਗੀ ਸੀ। ਪਿਤਾ ਦੇ ਤਬਾਦਲਿਆਂ ਕਾਰਨ ਉੁਸ ਨੂੰ ਵੱਖ ਵੱਖ ਥਾਵਾਂ ਤੋਂ ਸਿੱਖਿਆ ਹਾਸਲ ਕਰਨੀ ਪਈ। ਬਾਰ੍ਹਵੀਂ ਕਲਾਸ ਪਾਸ ਕਰਨ ਉਪਰੰਤ ਸਾਕਸ਼ੀ ਸਾਹਨੀ ਵਕੀਲ ਬਣਨਾ ਚਾਹੁੰਦੀ ਸੀ ਜਿਸ ਕਰਕੇ ਉਸਨੇ ਯੂਨੀਵਰਸਿਟੀ ਆਫ ਲਾਅ ਹੈਦਰਾਬਦ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਸਾਕਸ਼ੀ ਸਾਹਨੀ ਦੀ ਸਿਵਲ ਸੇਵਾਵਾਂ ’ਚ ਆਉਣ ਲਈ ਪਹਿਲੀ ਕੋਸ਼ਿਸ਼ ਸਫਲ ਨਾਂ ਹੋ ਸਕੀ ਸੀ। ਮਹੱਤਵਪੂਰਨ ਤੱਥ ਹੈ ਕਿ ਜਦੋਂ ਸਾਕਸ਼ੀ ਸਾਹਨੀ ਨੇ ਦੂਸਰੀ ਵਾਰ ਬੁਲੰਦ ਹੌਂਸਲੇ ਨਾਲ ਪ੍ਰੀਖਿਆ ਦਿੱਤੀ ਅਤੇ ਪੂਰੇ ਮੁਲਕ ਚੋਂ ਛੇਵਾਂ ਰੈਂਕ ਹਾਸਲ ਕਰਨ ’ਚ ਸਫਲਤਾ ਪ੍ਰਾਪਤ ਕਰ ਲਈ।

ਸਾਲ 2015 ਦੌਰਾਨ ਪੰਜਾਬ ਕਾਡਰ ’ਚ ਸ਼ਾਮਲ ਹੋਣ ਵਾਲੀ ਸਾਕਸ਼ੀ ਸਾਹਨੀ ਨੂੰ ਆਪਣੀ ਮੁਢਲੀ ਸਿਖਲਾਈ 40 ਮੁਕਤਿਆਂ ਦੀ ਧਰਤੀ ਅਖਵਾਉਂਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਕਸ਼ੀ ਸਾਹਨੀ ਨੂੰ ਪਹਿਲੀ ਪੋਸਟਿੰਗ ਸਿਆਸਤ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਬਠਿੰਡਾ ’ਚ ਐਸਡੀਐਮ ਵਜੋਂ ਮਿਲੀ ਸੀ ਜਿੱਥੇ ਉਨ੍ਹਾਂ ਨੇ ਦਿਖਾ ਦਿੱਤਾ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਜਿਸ ਦੀ ਲੋਕ ਹੁਣ ਵੀ ਚਰਚਾ ਕਰਦੇ ਹਨ। ਇਸ ਦੌਰਾਨ ਉਨ੍ਹਾਂ ਕੋਲ ਐਡੀਸ਼ਨਲ ਡਿਪਟੀ ਕਮਿਸ਼ਨਰ (ਜਰਨਲ) ਦਾ ਚਾਰਜ ਵੀ ਰਿਹਾ ਹੈ। ਸਾਕਸ਼ੀ ਸਾਹਨੀ ਨੇ ਏਡੀਸੀ (ਜਰਨਲ) ਮੋਹਾਲੀ ਵਜੋਂ ਵੀ ਕੰਮ ਕੀਤਾ ਹੈ। ਉਸ ਪਿੱਛੋਂ ਸਾਕਸ਼ੀ ਸਾਹਨੀ ਨੂੰ ਪਟਿਆਲਾ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਜਿੱਥੇ ਉਨ੍ਹਾਂ ਕਰੀਬ 7 ਮਹੀਨੇ ਤੱਕ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਸਾਕਸ਼ੀ ਸਾਹਨੀ ਦੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤੀ ਕਰ ਦਿੱਤੀ ਜਿੱਥੇ ਵੀ ਉਨ੍ਹਾਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ ।
ਪੰਜਾਬ ਦੇ ਪ੍ਰਸ਼ਾਸ਼ਕੀ ਹਲਕਿਆਂ ’ਚ ਪਹਿਲੀ ਵਾਰ ਹੋਇਆ ਕਿ ਇੱਕ ਮਹਿਲਾ ਨੂੰ ਲੁਧਿਆਣਾ ਅਤੇ ਪਟਿਆਲਾ ਵਰਗੇ ਵੱਡੇ ਜਿਲਿ੍ਹਆਂ ਦੀ ਕਮਾਨ ਦਿੱਤੀ ਗਈ ਸੀ ਜਿੱਥੇ ਉਨ੍ਹਾਂ ਪ੍ਰਸ਼ਾਸ਼ਕ ਵਜੋਂ ਆਪਣੀ ਯੋਗਤਾ ਦਾ ਬਾਖੂਬੀ ਮੁਜ਼ਾਹਰਾ ਕੀਤਾ। ਇਸ ਦੌਰਾਨ ਸਾਕਸ਼ੀ ਸਾਹਨੀ 14 ਸਤੰਬਰ 2024 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਬਣੇ। ਸਾਕਸ਼ੀ ਸਾਹਨੀ ਦਾ ਪ੍ਰਤੀਕਰਮ ਸੀ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇੱਥੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਖਾਸ ਤੌਰ ਤੇ 177 ਸਾਲ ਬਾਅਦ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਹੋਣ ਦਾ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਣੇ ਜੰਗੀ ਹਾਲਾਤਾਂ ਨੇ ਉਨ੍ਹਾਂ ਨੂੰ ਚੁਣੌਤੀਆਂ ਨਾਲ ਲੜਨਾ ਸਿਖਾਇਆ ਹੈ। ਹਰ ਕੰਮ ਪੂਰੇ ਯੋਜਨਾਬੱਧ ਢੰਗ ਨਾਲ ਕਰਨ ਅਤੇ ਲੋਕ ਮਸਲਿਆਂ ਦੇ ਪੁਖਤਾ ਹੱਲ ਕੱਢਣ ਵਾਲੇ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਦੇ ਅਹੁਦੇ ਨੂੰ ਜਿਲ੍ਹੇ ਦਾ ਮੁੱਖ ਸੇਵਾਦਾਰ ਮੰਨਦੇ ਹਨ ਅਤੇ ਇਸ ਤੇ ਪਹਿਰਾ ਵੀ ਦਿੰਦੇ ਹਨ।
ਸੇਧ ਲੈਣ ਹੋਰ ਅਧਿਕਾਰੀ
ਸਿਦਕ ਫੋਰਮ ਦੇ ਪ੍ਰਧਾਨ ਅਤੇ ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਬਠਿੰਡਾ ’ਚ ਤਾਇਨਾਤ ਰਹੀ ਇਸ ਧੀ ਵੱਲੋਂ ਕੀਤੀ ਜਾ ਰਹੀ ਸੇਵਾ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਿਸ ਤਰਾਂ ਚੁਣੌਤੀਆਂ ਨਾਲ ਨਿਪਟਿਆ ਜਾ ਰਿਹਾ ਹੈ ਉਸ ਤੋਂ ਹੋਰਨਾਂ ਅਫਸਰਾਂ ਨੂੰ ਸੇਧ ਲੈਣੀ ਚਾਹੀਦੀ ਹੈ।