ਸਤਲੁਜ ਦੇ ਵਧੇ ਪਾਣੀ ਤੋਂ ਲੋਕਾਂ 'ਚ ਡਰ, ਘਰਾਂ ਦੀਆਂ ਛੱਤਾਂ 'ਤੇ ਚੜ੍ਹਾਇਆ ਸਾਮਾਨ; ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼
ਬਲਜੀਤ ਸਿੰਘ
ਪੱਟੀ, ਤਰਨਤਾਰਨ - ਹਰੀਕੇ ਨੇੜੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਦਰਿਆ ਕੰਢੇ ਵਸੇ ਲੋਕਾਂ ਵਿੱਚ ਭਾਰੀ ਡਰ ਦਾ ਮਾਹੌਲ ਹੈ। ਡੁੱਬਣ ਦੇ ਖ਼ਤਰੇ ਨੂੰ ਦੇਖਦੇ ਹੋਏ ਲੋਕਾਂ ਨੇ ਆਪਣਾ ਕੀਮਤੀ ਸਾਮਾਨ ਘਰਾਂ ਦੀਆਂ ਛੱਤਾਂ 'ਤੇ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ 2023 ਵਿੱਚ ਵੀ ਇਸੇ ਜਗ੍ਹਾ 'ਤੇ ਘੜੁੰਮ ਪਿੰਡ ਨੇੜੇ ਬੰਨ੍ਹ ਟੁੱਟ ਗਿਆ ਸੀ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਫਿਰ ਉਸੇ ਜਗ੍ਹਾ ਤੋਂ ਬੰਨ੍ਹ ਕਮਜ਼ੋਰ ਹੋ ਰਿਹਾ ਹੈ ਅਤੇ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਇਸ ਡਰ ਕਾਰਨ ਉਨ੍ਹਾਂ ਨੇ ਆਪਣਾ ਸਾਰਾ ਸਮਾਨ ਕੋਠਿਆਂ ਉੱਪਰ ਚੜ੍ਹਾ ਲਿਆ ਹੈ।
ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ, ਹੜ੍ਹ ਪੀੜਤ ਲੋਕਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ। ਉਨ੍ਹਾਂ ਨੂੰ ਨਾ ਤਾਂ ਖਾਣ-ਪੀਣ ਦਾ ਕੋਈ ਸਾਮਾਨ ਮਿਲਿਆ ਹੈ ਅਤੇ ਨਾ ਹੀ ਪਸ਼ੂਆਂ ਲਈ ਚਾਰੇ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ।
ਹੜ੍ਹ ਪੀੜਤ ਕਿਸਾਨਾਂ ਨੇ ਆਪਣੀ ਪੀੜਾ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਦਾ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਨੂੰ ਨਾ ਤਾਂ ਦਿਨੇ ਚੈਨ ਹੈ ਅਤੇ ਨਾ ਹੀ ਰਾਤ ਨੂੰ ਨੀਂਦ ਆ ਰਹੀ ਹੈ। ਉਨ੍ਹਾਂ ਦੇ ਮਨਾਂ ਵਿੱਚ ਸਿਰਫ਼ ਇੱਕ ਹੀ ਡਰ ਹੈ ਕਿ ਜੇਕਰ 2023 ਵਾਂਗ ਫਿਰ ਬੰਨ੍ਹ ਟੁੱਟ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ। ਉਹ ਦੱਸਦੇ ਹਨ ਕਿ ਅਜੇ ਤੱਕ ਉਹ ਪਿਛਲੇ ਸਾਲ ਖਰਾਬ ਹੋਈਆਂ ਜ਼ਮੀਨਾਂ ਦੀ ਭਰਪਾਈ ਵੀ ਨਹੀਂ ਕਰ ਸਕੇ ਸਨ ਕਿ ਹੁਣ ਫਿਰ ਪਾਣੀ ਦਾ ਇਹ ਡਰ ਉਨ੍ਹਾਂ ਨੂੰ ਸਤਾ ਰਿਹਾ ਹੈ।