ਭਾਈ ਗੁਰਮੀਤ ਸਿੰਘ ‘ਸ਼ਾਂਤ’ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸ਼੍ਰੋਮਣੀ ਰਾਗੀ ਪੁਰਸਕਾਰ” ਨਾਲ ਸਨਮਾਨਿਤ
ਨਵੀਂ ਦਿੱਲੀ 19 ਜੁਲਾਈ,2025 - ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਪਵਿੱਤਰ ਮੌਕ਼ੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ 'ਸ਼ਾਂਤ' ਜੀ , ਜੋ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਹਨ ਨੂੰ “ਸ਼੍ਰੋਮਣੀ ਰਾਗੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਇਹ ਸਨਮਾਨ 11 ਲੱਖ ਰੁਪਏ ਦੀ ਰਾਸ਼ੀ ਸਮੇਤ, ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਹੋਏ ਵਿਸ਼ੇਸ਼ ਸਮਾਗਮ ਵਿੱਚ ਦਿੱਤਾ ਗਿਆ।
ਹਰਮੀਤ ਸਿੰਘ ਕਾਲਕਾ ਨੇ ਇਸ ਮੌਕੇ ਤੇ ਕਿਹਾ ਕਿ ਭਾਈ ਗੁਰਮੀਤ ਸਿੰਘ ‘ਸ਼ਾਂਤ’ ਨੇ ਰਾਗਾਂ ਦੀ ਪ੍ਰਚੀਨ ਪਰੰਪਰਾ ਨੂੰ ਨਿਭਾਉਂਦੇ ਹੋਏ ਗੁਰਬਾਣੀ ਕੀਰਤਨ ਨੂੰ ਆਤਮਕ ਸ਼ਾਂਤੀ, ਰਸ ਅਤੇ ਰਾਗਾਤਮਕਤਾ ਨਾਲ ਜੋੜਿਆ ਹੈ। ਉਨ੍ਹਾਂ ਦੀ ਸੇਵਾ ਸਿੱਖ ਕਲਾ, ਸੰਸਕ੍ਰਿਤੀ ਅਤੇ ਸੰਗੀਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਗੁਰਮਤਿ ਸੰਗੀਤ ਦੀ ਉਤਸ਼ਾਹਨਾ, ਪ੍ਰਸਾਰ ਅਤੇ ਸਿੱਖ ਮਰਿਆਦਾ ਅਨੁਸਾਰ ਕੀਰਤਨ ਕਰਨ ਵਾਲੇ ਸ਼ਖ਼ਸੀਅਤਾਂ ਨੂੰ ਮਾਨਤਾ ਦੇਣ ਲਈ ਵਚਨਬੱਧ ਰਹੀ ਹੈ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ, ਧਾਰਮਿਕ ਆਗੂ, ਕੀਰਤਨੀ ਜਥੇ ਅਤੇ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਰਹੀ!