ਪਿਛਲੇ ਕੁਝਕੁ ਹਫਤਿਆਂ ਵਿਚ ਸਰੀ ਵਿਚ 9280-168 ਸਟਰੀਟ ਤੇ ਬਨਣ ਵਾਲੇ ਫੀਊਨਰਲ ਹੋਮ (ਸਮਸ਼ਾਨਘਾਟ) ਦਾ ਵਿਰੋਧ ਪੜ੍ਹਨ ਤੇ ਸੁਨਣ ਵਿਚ ਆਇਆ ਹੈ। ਆਓ ਇਸ ਦੇ ਪਿਛੋਕੜ ਵਿਚ ਇਸ ਦੀ ਘਾਟ ਅਤੇ ਭਵਿੱਖ ਵਿਚ ਆਉਣ ਵਾਲੀ ਲੋੜ ਤੇ ਕੁਝ ਕੁ ਵਿਚਾਰ ਕਰੀਏ।ਪਿਛਲੇ ਦੋ ਦਹਾਕਿਆਂ ਤੋਂ ਵੱਧ 2002 ਵਿਚ 7410 ਹੌਪਕੋਟ ਸਟਰੀਟ, ਡੈਲਟਾ ਵਿਚ ਇਕ ਫੀਊਨਰਲ ਹੋਮ ਫਾਈਵ ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਵਲੋਂ Non profit ਦੇ ਅਧਾਰ ਤੇ ਕਮਿਉਨਿਟੀ ਦੀਆਂ ਧਾਰਮਿਕ ਤੇ ਸਮਾਜਿਕ ਲੋੜਾਂ ਪੂਰੀਆਂ ਕਰਨ ਲਈ ਬਣਾਇਆ ਗਿਆ ਸੀ।ਇਸ ਸੁਸਾਇਟੀ ਦੀਆਂ ਸੇਵਾਵਾਂ ਦਾ ਮੁੱਖ ਆਧਾਰ ਪੰਜਾਬ ਦੀ ਵਿਰਾਸਤੀ ਪਹਿਚਾਣ “ਪੰਜ ਦਰਿਆ” ਤੇ ਅਧਾਰਿਤ ਸੀ ਜਿਸ ਦੀ ਸ਼ੁਰੂਆਤ ਉਨੀ ਸੌ ਸੱਤਰਵਿਆਂ ਤੇ ਅੱਸੀਵਿਆਂ ਵਿਚ ਫਰੇਜ਼ਰ ਸਟਰੀਟ ਸਥਿਤ ਹੈਮਿਲਟਨ ਮਾਰਚੂਅਰੀ ਦੇ ਵਧ ਰਹੇ ਖਰਚਿਆਂ ਕਰਕੇ ਉਦੋਂ ਹੋਈ ਜਦੋਂ ਉਸ ਦੇ ਪ੍ਰਾਈਵੇਟ ਮਾਲਕਾਂ ਨੇ ਸਸਕਾਰ ਸਮੇਂ ਹੋਣ ਵਾਲੇ ਖਰਚਿਆਂ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ।ਇਹ ਖਰਚਾ 1970 ਤੋਂ ਲੈ ਕੇ 1990ਵਿਆਂ ਤੀਕ ਵਧ ਕੇ ਦਸ ਹਜ਼ਾਰ ਡਾਲਰ ਤੀਕ ਪਹੁੰਚ ਚੁਕਿਆ ਸੀ।
ਵੈਨਕੁਵਰ ਏਰੀਏ ਵਿਚ ਸਥਾਪਿਤ ਧਾਰਮਿਕ ਸੰਸਥਾਵਾਂ ਨੇ 1991 ਵਿਚ ਆਪਣੀ ਕਮਿਉਨਿਟੀ ਦਾ ਆਪਣਾ ਫੀਊਨਰਲ ਹੋਮ ਬਨਾਉਣ ਤੇ ਚਲਾਉਣ ਦਾ ਤਹੱਈਆ ਕੀਤਾ ਤੇ ਤਕਰੀਬਨ 12 ਸਾਲਾਂ ਦੀ ਸਖਤ ਮਿਹਨਤ ਪੈਸੇ ਧੇਲੇ ਦੀ ਭਰਪਾਈ ਤੇ ਕਮਿਉਨਿਟੀ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਨਾਲ ਕਾਰਜਸ਼ੀਲ ਤੇ ਮਿਹਨਤ ਨੂੰ ਬੂਰ ਪਿਆ ਤੇ ਇਹ ਸੇਵਾਵਾਂ ਡੈਲਟਾ ਸਥਿਤ ਰਿਵਰਸਾਈਡ ਫੀਊਨਰਲ ਹੋਮ ਵਿਚ ਸ਼ੁਰੂ ਹੋਈਆਂ। ਅੱਜ ਹਜ਼ਾਰਾਂ ਹੀ ਪਰਿਵਾਰਾਂ ਅਤੇ ਸਕੇ ਸੰਬੰਧੀਆਂ ਦੇ ਸਸਕਾਰ ਇਸ ਜਗ੍ਹਾ ਤੇ ਹੋ ਚੁੱਕੇ ਹਨ।ਇਸ ਦੀ ਖੂਬੀ ਮਲਟੀ-ਕਲਚਰਲ ਤੇ ਮਲਟੀ-ਰੀਲੀਜੀਅਸ ਹੋਣ ਵਿਚ ਹੈ ਤੇ ਪਹਿਲ ਦੇ ਅਧਾਰ ਤੇ ਹੀ ਪਹੁੰਚ ਕਰਨ ਵਾਲਿਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਕਮਿਉਨਿਟੀ ਦੀ ਅਬਾਦੀ ਜਿਵੇਂ ਜਿਵੇਂ ਵਧਦੀ ਗਈ ਪ੍ਰਬੰਧਕਾਂ ਨੂੰ ਇਕ ਹੋਰ ਫੀਊਨਰਲਹੋਮ ਬਨਾਉਣ ਦੀ ਲੋੜ ਮਹਿਸੂਸ ਹੋਣ ਲੱਗੀ।ਸਾਲ 2013-14 ਦੇ ਦੁਰਾਨ ਸਰੀ ਵਿਚ ਕੋਈ ਯੋਗ ਜਗ੍ਹਾ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਢਾਈ ਤਿੰਨ ਏਕੜ ਤੋਂ ਜ਼ਿਆਦਾ ਜਗ੍ਹਾ ਕਿਤੇ ਵੀ ਨਹੀ ਸੀ ਮਿਲ ਰਹੀ ਜਾਂ ਫਿਰ ਜ਼ਿਆਦਾ ਕਰਕੇ ਐਗਰੀਕਲਚਰ ਦੇ ਫਰੀਜ਼ ਜ਼ੋਨ ਵਿਚ ਹੀ ਹੁੰਦੀ ਸੀ। ਪ੍ਰਬੰਧਕਾਂ ਨੂੰ 2017 ਵਿਚ ਇਹ ਦੋ ਪ੍ਰਾਪਰਟੀਆਂ 9280 ਤੇ 9350-168 ਸਟਰੀਟ ਦੀ ਦੱਸ ਪਈ ਜਿਨ੍ਹਾਂ ਵਿਚ ਦੋ ਘਰ ਬਣੇ ਹੋਏ ਸਨ ਤੇ ਹੁਣ ਵੀ ਕਿਰਾਏ ਉਤੇ ਚੜ੍ਹੇ ਹੋਏ ਹਨ। ਇਸ ਜਗ੍ਹਾ ਬਾਰੇ ਸਿਟੀ ਹਾਲ ਤੋਂ ਪੁਛ ਪੜਤਾਲ ਕਰਨ ਤੇ ਪਤਾ ਚੱਲਿਆ ਕਿ ਇਥੇ ਅਜੇ ਵਾਟਰ ਤੇ ਸੀਊਅਰ ਦੀਆਂ ਸਹੂਲਤਾਂ ਨਹੀਂ ਹਨ ਪਰ ਇਹ ਜਗ੍ਹਾ ਤੇ ਇਕੋ ਬਿਜ਼ਨੈੱਸ ਅਦਾਰੇ ਨੂੰ ਸਿਟੀ ਵਲੋਂ ਮਨਜ਼ੂਰੀ ਮਿਲ ਸਕੇਗੀ।ਮਲਟੀ ਫੈਮਿਲੀ ਪਰਾਜੈਕਟ ਵਗੈਰਾ ਹਰਗਿਜ਼ ਨਹੀਂ ਬਣਾਏ ਜਾ ਸਕਣਗੇ। ਇੰਜ ਫਾਈਵ ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਨੇ ਇਹ ਦੋ ਘਰਾਂ ਵਾਲੀ ਪਰਾਪਰਟੀ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਖਰੀਦੀ ਸੀ।
ਫਾਈਵ ਰਿਵਰਜ਼ ਮੈਨੇਜਮੈਂਟ ਸਰਵਿਸਜ਼ ਸੁਸਾਇਟੀ ਦੀ ਕਮੇਟੀ ਨੇ ਜਦੋਂ ਦੇਖਿਆ ਕਿ 2017 ਤੋਂ ਲੈ ਕੇ ਹਰੇਕ ਸਾਲ ਫੀਊਨਰਲ ਸਰਵਿਸਜ਼ (ਸਸਕਾਰਾਂ) ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਵੇਂ ਕਿ 2017 ਵਿਚ 795, 2018 ਵਿਚ 879, 2020 ਵਿਚ 884 ਅਤੇ 2021 ਵਿਚ 1075 ਤੀਕ ਇਹ ਗਿਣਤੀ ਪਹੁੰਚ ਚੁਕੀ ਹੈ ਜੇ ਕੋਈ ਹੋਰ ਦੂਸਰਾ ਫੀਊਨਰਲਹੋਮ ਨਾ ਬਣਿਆ ਤਾਂ ਕਮਿਉਨਿਟੀ ਦੀ ਇਸ ਜਰੂਰੀ ਲੋੜ ਨੂੰ ਪੂਰਾ ਕਰਨ ਵਿਚ ਤਕਲੀਫ ਆ ਸਕਦੀ ਹੈ।ਫਾਈਵ ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਦੀ ਕਮੇਟੀ ਨੇ ਸਰੀ ਸਥਿਤ ਜਗ੍ਹਾ ਬਾਰੇ ਸਰੀ ਸਿਟੀ ਹਾਲ ਨਾਲ ਇਸ ਨੂੰ ਡੀਵੈਲਪ ਕਰਨ ਵਾਸਤੇ ਅਗੱਸਤ 2019 ਵਿਚ ਹੀ ਗੱਲਬਾਤ ਕੀਤੀ ਸੀ। ਇਸ ਜਗ੍ਹਾ ਨੂੰ ਡੀਵੈਲਪ ਕਰਨ ਵਾਸਤੇ ਜੋ ਜੋ ਚੈਲੰਜ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਸੀ ਉਸ ਤੋਂ ਸਿਟੀ ਹਾਲ ਨੇ ਜਾਣੂੰ ਕਰਵਾਇਆ ਜਿਵੇਂ ਕਿ ਇਹ ਦੋਵੇਂ ਜਗ੍ਹਾ ਜਨਰਲ ਐਗਰੀਕਲਚਰਲ ਜ਼ੋਨ (ਅ-1) ਵਿਚ Flood prone, Steep prone, Streamside area & Green infrastructure area ਵਿਚ ਹਨ। ਸਿਟੀ ਸਟਾਫ ਨੇ ਸਾਨੂੰ ਦੱਸਿਆ ਕਿ ਉਪਰ ਦੱਸੀਆਂ ਜ਼ਰੂਰਤਾਂ ਦੇ ਨਾਲ ਨਾਲ ਸੀਊਅਰ ਤੇ ਵਾਟਰ ਸੁਪਲਾਈ ਵੀ ਨਹੀਂ ਹਨ, ਪਾਰਕਿੰਗ ਤੇ ਟਰੈਫਿਕ ਦਾ ਖਿਆਲ ਵੀ ਰੱਖਣਾ ਹੈ। ਫੀਉਨਰਲਹੋਮ ਬਨਾਉਣ ਬਾਰੇ ਸਿਟੀ ਹਾਲ ਨੇ ਸੰਕੇਤਕ ਰੂਪ ਵਿਚ ਦੱਸਿਆ ਕਿ ਦੋਹਾਂ ਪ੍ਰਾਰਟੀਆਂ ਨੂੰ ਇਕ ਪ੍ਰਾਪਰਟੀ ਕਰਕੇ ਰੀਜ਼ੋਨਿੰਗ ਕਰਵਾਉਣ ਲਈ ਅਪਲਾਈ ਕਰਨਾ ਪਵੇਗਾ। ਜੂਨ 2022 ਤੋਂ ਬਾਦ ਰੀਜ਼ੋਨਿੰਗ ਕਰਵਾਉਣ ਲਈ ਫਾਈਵ ਰਿਵਰਜ਼ ਮੈਨੇਜਮੈਂਟ ਸਰਵਿਸਜ਼ ਸੁਸਾਇਟੀ ਦੀ ਕਮੇਟੀ ਨੇ ਪੂਰੀ ਲਗਨ ਨਾਲ ਤਿਆਰੀਆਂ ਅਰੰਭ ਕਰ ਦਿਤੀਆਂ।
ਸਿਟੀ ਕੌਂਸਲ ਨੇ 30 ਅਕਤੂਬਰ 2023 ਦੀ ਮੀਟਿੰਗ ਵਿਚ 9280 ਤੇ 9350-168 ਸਟਰੀਟ ਸਥਿਤ ਫੀਊਨਰਲਹੋਮ ਪਰੋਜੈਕਟ ਦੀ ਡੀਵੈਲਪਮੈਂਟ ਪਰਮਿਟ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਪਲੈਨਿੰਗ ਸਟਾਫ ਨੂੰ ਇਸ ਡੀਵੈਲਪਮੈਂਟ ਪਰਾਜੈਕਟ ਨੂੰ ਮੁੜ ਤੋਂ ਵਿਚਾਰਨ ਲਈ ਕਿਹਾ ਕਿਉਂਕਿ ਸਿਟੀ ਕੌਂਸਲ ਨੇ ਅਨੁਭਵ ਕੀਤਾ ਕਿ ਸਰੀ ਸ਼ਹਿਰ ਵਿਚ ਇਕ ਹੋਰ ਫੀਊਨਰਲ ਹੋਮ ਦੀ ਸਖਤ ਲੋੜ ਹੈ।ਇਸ ਬਾਰੇ ਸਾਰੀ ਦੀ ਸਾਰੀ ਰੀਪੋਰਟ ਤਿਆਰ ਕਰਕੇ ਸਿਟੀ ਕੌਂਸਲ ਕੋਲ ਵਾਪਸ ਲਿਆਂਦੀ ਜਾਵੇ ਤਾਂ ਕਿ ਪਲੈਨਿੰਗ ਡੀਪਾਰਟਮੈਂਟ ਵਲੋਂ ਚਾਹੁਣ ਵਾਲੇ ਸਾਰੇ ਮਸਲੇ ਪੂਰੇ ਹੋਏ ਹੋਣ ਤੇ ਹੀ ਪਰੌਜੈਕਟ ਦੀ ਰੀਜ਼ੋਨਿੰਗ ਐਪਲੀਕੇਸ਼ਨ ਨੂੰ ਸਹੀ ਤਰੀਕੇ ਨਾਲ ਵਿਚਾਰਿਆ ਜਾ ਸਕੇਗਾ।
ਪਲੈਨਿੰਗ ਡੀਪਾਰਟਮੈਂਟ ਦੇ ਵਲੋਂ ਫੀਉਨਰਲ ਪਰਾਜੈਕਟ ਸੰਬੰਧੀ ਸਾਰੇ ਮਸਲੇ ਤਕੱਲੀਬਖਸ਼ ਪੂਰੇ ਹੋਣ ਉਪਰੰਤ ਧੲਵੲਲੋਪਮੲਨਟ ਫਰੋਪੋਸੳਲ ਰਾਹੀਂ ਪਬਲਿਕ ਜਾਣਕਾਰੀ ਦੇਣ ਲਈ 9280-168 ਤੇ ਬੋਰਡ ਲਾਉਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਪਬਲਿਕ Public information meeting ਲਈ ਕਿਹਾ ਜੋ ਕਿ 28 ਜਨਵਰੀ ਦਿਨ ਮੰਗਲਵਾਰ ਨੂੰ ਸ਼ਾਮ ਦੇ 5:50 ਤੋਂ 8:30 ਵਜੇ ਤੀਕ ਮਿਰਾਜ ਬੈਂਕੁਇਟ ਹਾਲ ਵਿਚ 17767-64 ਐਵੇਨੀਊ ਤੇ ਰੱਖੀ ਹੋਈ ਹੈ।ਇਥੇ ਪਹੁੰਚ ਕੇ ਆਪ ਇਸ ਪਰਾਜੈਕਟ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ।
ਹੁਣ ਜਿਵੇਂ ਜਿਵੇਂ ਫੀਊਨਰਲਹੋਮ ਪਰੋਜੈਕਟ ਦੀ ਰੀਜ਼ੋਨਿੰਗ ਪ੍ਰੀਕਿਰਆ ਸ਼ੁਰੂ ਹੋਈ ਹੈ ਤਾਂ ਕੁਝਕੁ ਸਰੀ ਵਾਸੀਆਂ ਵਲੋਂ ਇਸ ਜਗ੍ਹਾ ਉਤੇ ਬਨਣ ਤੇ ਸੁਆਲ ਉਠਾਏ ਗਏ ਹਨ ਜੋ ਕਿ ਵੈਨਕੁਵਰ ਸਨ ਤੇ ਪਰੋਵਿੰਨਸ ਤੇ ਰੈੱਡ ਐਫ ਐਮ ਰੇਡੀਓ ਤੋਂ ਵੀ ਸੁਣੇ ਗਏ ਹਨ ਤੇ ਬੜੀ ਹੀ ਹੁਸ਼ਿਆਰੀ ਨਾਲ ਇਸ ਨੂੰ ਰੈਜ਼ੀਡੈਂਸ਼ੀਅਲ਼ ਨੇਬਰਹੁੱਡ (ਰਿਹਾਸ਼ੀ ਇਲਾਕੇ) ਵਿਚ ਹੋਣ ਦਾ ਹਵਾਲਾ ਦੇ ਕੇ ਇਸ ਖਿਲਾਫ ਇਕ Online ਪਟੀਸ਼ਨ 4 ਅਪ੍ਰੈਲ 2024 ਨੂੰ ਸ਼ੁਰੂ ਕੀਤੀ। ਜਿਸ ਵਿਚ ਸਿਟੀ ਪਲੈਨਰ ਰੌਬਰਟ ਔਰਡਲਹਾਈਡ ਅਤੇ ਸਰੀ ਦੀ ਸਿਟੀ ਕੌਸਲ ਦੇ ਸਾਰੇ ਮੈਂਬਰਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਨੂੰ ਰੀਜ਼ੋਨ ਨਾ ਕੀਤਾ ਜਾਵੇ, ਭਾਵ ਕਿ ਨਾ-ਮਨਜ਼ੂਰ ਕਰਕੇ ਇਥੇ ਹੀ ਬੰਦ ਕਰ ਦਿੱਤਾ ਜਾਵੇ।
ਪਹਿਲੀ ਗੱਲ ਤਾਂ ਇਹ ਕਿ ਇਸ ਪਟੀਸਨ ਵਿਚ ਜੋ ਨਕਸ਼ਾ ਬਣਾ ਕੇ ਸਰੀ ਦੇ ਆਮ ਨਾਗਰਿਕਾਂ ਨੂੰ ਜੋ ਪ੍ਰਭਾਵ ਦਿੱਤਾ ਗਿਆ ਹੈ ਕਿ ਇਸ ਬਨਣ ਵਾਲੇ ਫੀਊਨਰਲਹੋਮ ਦੇ ਆਲੇ ਦੁਆਲੇ ਘਰ ਹੀ ਘਰ ਬਣੇ ਹੋਏ ਹਨ ਅਜਿਹਾ ਬਿਲਕੁਲ ਨਹੀੰ ਹੈ ਤੇ ਸਰਾਸਰ ਝੂਠ ਹੈ ਜਿਸ ਦੀ ਫੋਟੋ ਆਪ ਜੀ ਦੀ ਜਾਣਕਾਰੀ ਇਸ ਆਰਟੀਕਲ ਨਾਲ ਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸਰੀ ਸਿਟੀ ਹਾਲ ਵਲੋਂ ਫੀਊਨਰਲ ਹੋਮ ਨੇੜੇ ਬਣੇ ਹੋਏ ਘਰਾਂ ਨੂੰ ਦਰਸਾਉਂਦੀ ਹੋਈ ਫੋਟੋ ਵੀ ਛਾਪੀ ਜਾ ਰਹੀ ਹੈ। ਆਪ ਜੀ ਦੀ ਜਾਣਕਾਰੀ ਵਾਸਤੇ ਦੱਸਣਾ ਜਰੂਰੀ ਹੀ ਕਿ ਇਹ ਪ੍ਰੌਜੈਕਟ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਦੇ ਨੌਰਥ ਤੇ ਈਸਟ ਵਿਚ ਸਰਪੈਨਟਾਈਨ ਰਿਵਰ ਵਗਦਾ ਹੈ, ਸਾਊਥ ਵਿਚ ਬੌਥਵੈਲ ਕਰੀਕ ਹੈ ਤੇ ਈਸਟ ਵਿਚ 168 ਰੋਡ ਹੈ। ਇਹ ਸਾਰੀ ਜਗ੍ਹਾ ਤੇ ਇਸ ਵੇਲੇ ਰਹਿਣ ਵਾਸਤੇ ਦੋ ਘਰ ਜੋ ਸੁਸਾਇਟੀ ਨੇ ਕਿਰਾਏ ਤੇ ਚਾੜ੍ਹੇ ਹੋਏ ਤੇ ਬਾਕੀ ਸਾਰੇ ਦਾ ਸਾਰਾ ਲਾਟ ਖਾਲੀ ਪਿਆ ਹੈ।ਇਹ ਦੋ ਘਰ ਢਾਹ ਕੇ ਹੀ ਫੀਊਨਰਲਹੋਮ ਬਨਾਇਆ ਜਾਣਾ ਹੈ। ਲਾਟ ਦੇ ਤਿੰਨੀਂ ਪਾਸੇ ਰਿਵਰ ਤੇ ਕਰੀਕ ਤੌਂ 30 ਮੀਟਰ ਜਗ੍ਹਾ Setback ਵਜੋਂ ਸਿਟੀ ਮੁਤਾਬਿਕ ਛੱਡਣੀ ਪੈਣੀ ਹੈ। ਇਸ ਤੋਂ ਇਲਾਵਾ ਉੱਚੇ ਉੱਚੇ ਦਰੱਖਤ ਹਨ ਤੇ ਉਹ ਵੀ ਦਰਿਆ ਕੰਢੇ ਲੱਗੇ ਹੋਏ। ਫਿਰ ਦਰਿਆ ਦੀ ਵੀ ਕੋਈ ਨ ਕੋਈ ਚੁੜਾਈ ਵੀ ਹੈ ਤੇ ਇਸੇ ਤਰ੍ਹਾਂ ਦਰਿਆ ਦੇ ਦੂਜੇ ਪਾਸੇ ਵੀ ਘਰਾਂ ਦੀ ਡੀਵੈਲਮੈਂਟ ਵਿਚਕਾਰ ਵੀ Setback ਹੋਵੇਗੀ।ਹੁਣ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਅਖੌਤੀ ਪਟੀਸ਼ਨ ਦੀ ਪ੍ਰਭਾਵਿਤ ਫੋਟੋ ਵਿਚ ਕਿੰਨੀ ਕੁ ਸਚਾਈ ਹੈ।“ਹੱਥ ਕੰਗਨ ਨੂੰ ਆਰਸੀ ਕਿਆ” ਉਧਰ ਨੂੰ ਡਰਾਈਵ ਕਰਕੇ ਖੁਦ ਤਸੱਲੀ ਕੀਤੀ ਜਾ ਸਕਦੀ ਹੈ।
ਜਿਥੋਂ ਤੀਕ ਸਊਥ ਸਾਈਡ ਦੀ ਗੱਲ ਹੈ ਉਧਰ 92A ਐਵੇਨੀਊ ਦੇ ਦੱਖਣ ਵਿਚ 168 ਸਟਰੀਟ ਤੋਂ ਦੂਜੇ ਪਾਸੇ ਪੱਛਮ ਵਿਚ ਕੁਝ ਘਰ ਜ਼ਰੂਰ ਬਣੇ ਹੋਣੇ ਹਨ ਜੋ ਕਿ ਭੱਠੀਆਂ ਦੀ ਚਿਮਨੀ ਤੋਂ ਅੰਦਾਜਨ 200-250 ਮੀਟਰ ਦੀ ਦੂਰੀ ਤੇ ਹੋਣਗੇ ਪਰ ਇਹਨਾਂ ਨੇ ਪਟੀਸ਼ਨ ਵਾਲੀ ਡਰਾਇੰਗ ਵਿਚ South ਸਾਈਡ ਤੇ ਵੀ ਜਿਥੇ ਘਰ ਦਿਖਾਏ ਹਨ ਉਹ ਉਥੇ ਬਿਲਕੁਲ ਨਹੀਂ ਹਨ। ਸਰੀ ਵਾਸੀਆਂ ਨੂੰ ਗਲਤ ਜਾਣਕਾਰੀ ਦੇ ਕੇ ਵੱਧ ਤੋਂ ਵੱਧ ਦਸਖਤ ਪ੍ਰਾਜੈਕਟ ਦੇ ਖਿਲਾਫ ਕਰਵਾ ਲੈਣ ਲਈ ਹੀ ਕੀਤਾ ਗਿਆ ਹੈ। ਇਹਨਾਂ ਵਲੋਂ ਆਨਲਾਈਨ ਪਟੀਸ਼ਨ ਵਿਚ ਲਾਈ ਹੋਈ ਫੋਟੋ ਜੋ ਕਿ ਇਸ ਆਰਟੀਕਲ ਵਿਚ ਦਿਖਾਈ ਗਈ ਹੈ ਅਤੇ ਜੋ ਫੋਟੋ ਸਿਟੀ ਪਲੈਨਿੰਗ ਡੀਪਾਰਟਮੈਂਟ ਵਲੋਂ ਦਿਖਾਈ ਹੋਈ ਹੈ ਤੋਂ ਪਾਠਕ ਖੁਦ ਅੰਦਾਜ਼ਾ ਲਗਾ ਸਕਦੇ ਹਨ ਕਿ ਕਿਵੇਂ ਗਲਤ ਪ੍ਰਚਾਰ ਕੀਤਾ ਹੋਇਆ ਹੈ।ਇਹ ਦੋਵੇਂ ਫੋਟੋਆਂ ਜਾਣਕਾਰੀ ਵਾਸਤੇ ਲਗਾਈਆਂ ਜਾ ਰਹੀਆਂ ਹਨ ਕਿ ਇਹਨਾਂ ਵਲੋਂ ਫੀਊਨਰਲਹੋਮ ਰੈਜ਼ੀਡੈਂਸ਼ੀਅਲ ਘਰਾਂ ਵਿਚ ਹੋਣ ਦਾ ਨਿਰਾ ਗਲਤ ਪ੍ਰਾਪੇਗੰਡਾ ਹੀ ਹੈ।
ਫੀਊਨਰਲਹੋਮ ਪਰੋਜੈਕਟ ਵਿਰੁੱਧ ਹੁਣ ਇਹ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਦੰਦਾਂ ਦੀ ਕੈਵਟੀ ਫਿਲੰਿਗ, ਗੋਡਿਆਂ ਦੀ ਸਰਜੀਕਲ ਰੀਪਲੇਸਮੈਂਟ ਅਤੇ ਦੇਹ ਦੇ ਅਗਨਭੇਟ ਕਰਨ ਨਾਲ ਵਾਤਾਵਰਨ ਵਿਚ ਜਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਅਤੇ ਫੀਊਨਰਲਹੋਮ ਨੇੜੇ ਰਹਿਣ ਵਾਲਿਆਂ ਦੀ ਸਿਹਤ ਨੂੰ ਪ੍ਰਭਾਵਤ ਕਰਦੀਆਂ ਹਨ ਤੇ ਇਸ ਨੂੰ ਫੀਊਨਰਲਹੋਮ ਕਮਸ਼ੀਅਲ ਜਾਂ ਇੰਨਡਸਟਰੀਅਲ ਜਗ੍ਹਾ ਤੇ ਹੀ ਹੋਣਾ ਚਾਹੀਦਾ ਹੈ। ਵੈਨਕੁਵਰ, ਬਰਨਬੀ, ਰਿਚਮੰਡ, ਡੈਲਟਾ ਅਤੇ ਸਰੀ ਵਿਚ ਬਹੁਤ ਸਾਰੇ Crematorium ਰੈਜ਼ੀਡੈਂਨਸ਼ੀਅਲ਼ ਜਗ੍ਹਾ ਉੱਤੇ ਇਕ ਅੱਧੇ ਬਲਾਕ ਤੇ ਵੀ ਬਣੇ ਹੋਏ ਹਨ।ਹੁਣ ਇਹ ਸੁਆਲ ਵੀ ਉਠਦਾ ਕਿ ਕੀ ਕਮਸ਼ੀਅਲ ਜਾਂ ਇੰਨਡਸਟਰੀਅਲ ਥਾਵਾਂ ਤੇ ਫੀਊਨਰਲਹੋਮ ਲਾਗੇ ਕੰਮ ਕਰਨ ਵਾਲੇ ਕਾਮੇ ਕੋਈ ਵੱਖਰੀ ਕਿਸਮ ਦੇ ਇਨਸਾਨ ਹਨ। ਸਰੀ ਸਥਿਤ ਵੈਲੀਵੀਊ ਫੀਊਨਰਲ ਹੋਮ ਵੀ ਤਾਂ ਰੈਜ਼ੀਡੈਂਸ਼ੀਅਲ਼ ਏਰੀਏ ਵਿਚ ਹੀ ਆਉਂਦਾ ਹੈ। ਉਥੇ ਤਾਂ ਜੁ ਨਵੇਂ ਘਰ ਵੀ ਬਣੇ ਹਨ ਉਨ੍ਹਾਂ ਦੇ ਏਰੀਏ ਨੂੰ “Chimney Hights” ਦਾ ਨਾਂਅ ਦਿੱਤਾ ਹੋਇਆ ਹੈ।ਜੇਕਰ ਇਹਨਾਂ ਦਾ ਵਿਰੋਧ ਕਰਨ ਵਾਲਿਆਂ ਵਲੋਂ Environmentally safe ਨਹੀਂ ਹਨ ਕਿਉਂ ਥਾਂ ਥਾਂ ਤੇ ਇਹ ਘਰਾਂ ਵਿਚ ਅੱਧੇ ਅੱਧੇ ਬਲਾਕ ਤੇ ਹੀ ਕਿਉਂ ਬਣੇ ਹੋਏ ਹਨ। ਕੈਨੇਡਾ ਅਮਰੀਕਾ ਵਿਚ ਫੀਊਨਰਲਹੋਮ ਬਾਰੇ ਫੈਡਰਲ ਲੈਵਲ ਤੇ ਕੋਈ ਵੀ Minimum setback (ਦੂਰੀ) ਨੀਯਤ ਨਹੀਂ ਕੀਤੀ ਹੋਈ।ਬਰਿਟਸ਼ ਕੋਲੰਬੀਆ ਦੇ ਸੂਬਾਈ ਲੈਵਲ ਤੇ ਵੀ ਸੈੱਟਬੈਕ (ਦੂਰੀ) ਸੰਬੰਧੀ ਕੋਈ ਰੂਲ ਜਾਂ ਰੈਗੂਲੇਸ਼ਨ ਨਹੀਂ ਹਨ।ਐਨਾ ਜ਼ਰੂਰ ਹੈ ਕਿ ਸੜਕ ਤੋਂ 50 ਗਜ਼ ਦੀ ਦੀ ਦੂਰੀ ਹੋਣੀ ਚਾਹੀਦੀ ਹੈ।ਘਰਾਂ ਦੇ ਸੰਬੰਧ ਵਿਚ ਲੋਕਲ ਲੈਵਲ ਤੇ ਵੀ ਕੁਝ ਰੂਲ ਬਣੇ ਹੋਏ ਮਿਲਦੇ ਹਨ ਜਿਨ੍ਹਾਂ ਵਿਚ ਦੋ ਮੰਜਲਾਂ ਤੇ ਤਿੰਨ ਮੰਜਲਾਂ ਬਿਲਡਿੰਗ ਬਾਰੇ 7.5 ਅਤੇ 25.0 ਮੀਟਰ ਸੈਟ ਬੈਕ ਦੀ ਦੂਰੀ ਕ੍ਰਿਮੀਟੋਰੀਅਲ ਦੀ ਬਾਊਂਡਰੀ ਲਾਈਨ ਤੋਂ ਨੀਯਤ ਕੀਤੀ ਹੋਈ ਹੈ।ਬਰਿਟਿਸ਼ ਕੋਲੰਬੀਆ ਵਿਚ ਸਾਰਾ ਕੁਝ Cemetery and Funeral Services Act ਦੇ ਅਧੀਨ ਹੀ ਸਾਰੇ ਸ਼ਮਸ਼ਾਨਘਾਟ ਬਣਾਏ ਤੇ ਚਲਾਏ ਜਾਂਦੇ ਹਨ।
ਬਰਿਟਿਸ਼ ਕੋਲੰਬੀਆ ਦੀ ਸੁਬਾਈ ਸਰਕਾਰ ਵਲੋਂ Funeral Home and Cremations ਦੀ ਦੇਖ ਰੇਖ, ਪੁੱਛ ਪੜਤਾਲ ਅਤੇ ਸੁਪਰਵੀਜ਼ਨ ਲਈ ਛੋਨਸੁਮੲਰ ਫਰੋਟੲਚਟੋਿਨ ਭਛ ਨੂੰ ਨਿਯੁਕਤ ਕੀਤਾ ਹੋਇਆ ਹੈ।ਇਹ ਏਜੰਸੀ ਫੀਊਨਰਲਹੋਮ ਤੇ ਕਰੀਮੇਟੋਰੀਅਮਾਂ ਉਤੇ ਬਹੁਤ ਸਖਤ ਨਿਗ੍ਹਾ ਰੱਖਦੀ ਹੈ ਤੇ ਬਿਨਾਂ ਦੱਸਿਆਂ ਇੰਨਸਪੈਕਸ਼ਨ ਕਰਦੀ ਹੈ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਜੁਰਮਾਨੇ ਦੇ ਨਾਲ ਨਾਲ ਲਾਇਸੈਂਸ ਵੀ ਕੈਂਸਲ ਕਰ ਸਕਦੀ ਹੈ। Cremator/retort ਵਿਚ ਇਸ ਤਰ੍ਹਾਂ ਦੇ ਚੈਂਬਰ ਬਣੇ ਹੋਏ ਹੁੰਦੇ ਹਨ ਜਿਨਾਂ ਰਾਹੀਂ ਮ੍ਰਿਤਕ ਦੇਹ ਵਿਚੋਂ ਅੱਗ ਨਾਲ ਨਿਕਲਣ ਵਾਲੀਆਂ ਗੈਸਾਂ ਦਾ ਅਸਰ ਚਿਮਨੀ ਤੀਕ ਪਹੁੰਚਣ ਤਾਈ ਬਹੁਤ ਘਟਾ ਦਿੱਤਾ ਜਾਂਦਾ ਹੈ। ਦਾਹ ਸੰਸਕਾਰ ਸਮੇਂ ਕਰੀਮੇਸ਼ਨ ਚੈਂਬਰ ਦਾ ਤਾਪਮਾਨ ਤਕਰੀਬਨ 750 ਤੋਂ 1150 ਸੈਂਟੀਗਰੇਡ ਹੁੰਦਾ ਹੈ ਅਤੇ ਬਾਹਰਵਾਰ ਜਾਣ ਸਮੇਂ ਇਹ ਤਾਪਮਾਨ 450-600 ਸੈਂਟੀਗਰੇਡ ਰਹਿ ਜਾਂਦਾ ਹੈ। ਪੜਚੋਲਾਂ ਦੱਸਦੀਆਂ ਹਨ ਇਸ ਤਰ੍ਹਾਂ ਦੇ Low emission ਨਾਲ ਹੀਊਮਨ ਹੈਲਥ ਤੇ ਕੋਈ ਖਾਸ ਅਸਰ ਨਹੀਂ ਪੈਂਦਾ ਖਾਸ ਕਰਕੇ ਜਦੋਂ Cremator/retort ਬਨਾਉਣ ਵਾਲੀਆਂ ਕੰਪਨੀਆਂ ਵਲੋਂ Emission ਸੰਬੰਧੀ ਲਿਖਤੀ ਪੱਤਰ ਦਿੱਤਾ ਜਾਂਦਾ ਹੈ ਤਾਂ ਕਿਤੇ ਜਾ ਕੇ ਦਾਹ ਸਸਕਾਰ ਕਰਨ ਦੀ ਇਜਾਜ਼ਤ ਮਿਲਦੀ ਹੈ।ਬੀ.ਸੀ. ਸਰਕਾਰ ਦੇ ਰੂਲਜ਼ ਐੈਂਡ ਰੇਗੁਲੇਸ਼ਨਜ਼ ਵਾਤਾਵਰਨ Environment ਪੱਖੋਂ ਪੂਰੇ ਹੋਣ ਤੇ ਪਰਖ ਪੜਤਾਲ ਕਰਕੇ ਹੀ ਸਿਟੀ ਕੌਂਸਲ ਇਸ ਪ੍ਰਾਜੈਕਟ ਦੀ ਪ੍ਰਵਾਨਗੀ ਦੇਵੇਗੀ।
ਸਰੀ ਨਿਵਾਸੀਆਂ ਲਈ ਏਸ ਫੀਊਨਰਲ ਹੋਮ ਦੀ ਉਸਾਰੀ ਕਿਉਂ ਜਰੂਰੀ ਹੈ।ਇਕ ਤਾਂ ਇਹ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ 2019 ਤੇ 2020 ਵਿਚ ਸਾਲਾਂ ਸਮੇਂ ਰੀਕਾਰਡ ਅਨੁਸਾਰ ਰਿਵਰਸਾਈਡ ਫੀਊਨਰਲ ਹੋਮ ਡੈਲਟਾ ਵਿਚ ਹੋਣ ਵਾਲੇ ਸਸਕਾਰਾਂ ਦੀ ਗਿਣਤੀ 900 ਤੋਂ ਘੱਟ ਹੁੰਦੀ ਸੀ। ਤੁਸੀਂ ਸਾਰੇ ਹੈਰਾਨ ਹੋਵੋਗੇ ਕਿ 2024 ਵਿਚ ਸਸਕਾਰਾਂ ਦੀ ਗਿਣਤੀ ਵੱਧ ਕੇ 1208 ਤੀਕ ਪਹੁੰਚ ਚੁਕੀ ਹੈ। ਦੇਹ ਸਸਕਾਰਾਂ ਦੇ ਵਾਧੇ ਕਰਕੇ ਸਸਕਾਰਾਂ ਵਿਚ ਉਡੀਕ ਕਰਨ ਲਈ ਵੀ ਤਕਰੀਬਨ ਦੋ ਹਫਤੇ ਦਾ ਟਾਈਮ ਲੱਗ ਜਾਂਦਾ ਹੈ। ਜਨਵਰੀ 12, 2024 ਦੇ ਵੈਨਕੁਵਰ ਸੰਨ ਵਿਚ ਛਪੀ ਖਬਰ ਅਨੁਸਾਰ ਸਰੀ ਦੇ Annie dale -Tynehead neighbourhood ਵਿਚ highway 1 ਤੇ 176 ਸਟਰੀਟ ਤੇ ਇਕ ਵੱਡੀ ਪੱਧਰ ਤੇ ਡੀਵੈਲਪਮੈਂਟ ਹੋ ਰਹੀ ਹੈ ਜਿਸ ਵਿਚ ਆਉਂਦੇ ਸਾਲਾਂ ਵਿਚ ਤੀਹ ਹਜ਼ਾਰ ਦੇ ਕਰੀਬ ਅਬਾਦੀ ਵਧਣ ਦੇ ਅਨੁਮਾਨ ਹਨ। ਸਰੀ ਵਿਚ ਫੀਊਨਰਲ ਹਾਲ ਬਨਣ ਵਿਚ ਵੀ ਹਾਲੇ ਕੁਝ ਸਾਲ ਹੋਰ ਲੱਗਣੇ ਹਨ। ਤੁਸੀਂ ਹੁਣ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਸਰੀ ਵਿਚ ਫੀਊਨਰਲ ਹੋਮ ਦੀ ਮੰਨਜੂਰੀ ਹੋਰ ਲੇਟ ਹੁੰਦੀ ਹੈ ਤਾਂ ਸਰੀ ਵਿਚ ਵਧਣ ਵਾਲੀ ਅਬਾਦੀ ਨਾਲ ਡੈਲਟਾ ਵਾਲਾ ਰਿਵਰਸਾਈਡ ਫੀਊਨਰਲ ਹੋਮ ਤੇ ਸਾਨੂੰ ਸਸਕਾਰ ਕਰਨ ਸਮੇਂ ਕਿੰਨੀ ਕੁ ਉਡੀਕ ਕਰਨੀ ਪਵੇਗੀ।ਟਰੈਫਿਕ ਦੇ ਵਧ ਜਾਣ ਨਾਲ ਸਸਕਾਰ ਸਮੇਂ ਸਰੀ ਤੋਂ ਡੈਲਟਾ ਜਾਣ ਵੇਲੇ ਤਕਰੀਬਨ Rush hour ਸਮੇਂ ਇਕ ਘੰਟਾ ਆਉਣ ਤੇ ਇਕ ਘੰਟਾ ਜਾਣ ਦਾ ਟਾਈਮ ਲੱਗ ਹੀ ਜਾਂਦਾ ਹੈ। ਸਰੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬਾਂ ਵਿਚ ਇਸ ਰਿਵਰਸਾਈਡ ਫੀਊਨਰਲ ਹੋਮ ਸਰੀ ਵਿਚ 9280-168 ਸਟਰੀਟ ਉਤੇ 12 ਏਕੜ ਦੀ ਜਗ੍ਹਾ ਦੇ ਹੱਕ ਵਿਚ ਪਟੀਸ਼ਨ ਤੇ ਵੱਧ ਤੋਂ ਵੱਧ ਦਸਤਖਤ ਕਰੋ ਤਾਂ ਕਿ ਸਰੀ ਸਿਟੀ ਕੌਂਸਲ ਬਿਨਾ ਕਿਸੇ ਝਿਜਕ ਦੇ ਇਸ ਦੀ ਮੰਨਜੂਰੀ ਦੇ ਸਕੇ।
ਫਾਈਵ ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਵਲੋਂ ਆਪ ਸਭ ਨੂੰ ਨਿਮਰਤਾ ਸਹਿਤ ਇਕ ਹੋਰ ਵੀ ਬੇਨਤੀ ਹੈ ਕਿ 28 ਜਨਵਰੀ ਨੂੰ ਸ਼ਾਮ ਦੇ ਸਾਢੇ ਪੰਜ ਵਜੇ ਹੋ ਰਹੀ ਪਬਲਿਕ ਇਨਫਰਮੇਸ਼ਨ ਮੀਟਿੰਗ ਵਿਚ ਹੁੰਮਹੁਮਾ ਕੇ ਵੱਡੀ ਗਿਣਤੀ ਵਿਚ ਮਿਰਾਜ ਬੈਂਕੁਇਟ ਹਾਲ 17767-64 ਐਵੀਨਿਊ, ਸਰੀ ਤੇ ਜਰੂਰ ਪਹੁੰਚੋ। ਧਾਰਮਿਕ ਸੁਸਾਇਟੀਆਂ ਵਲੋਂ ਸਰੀ ਵਿਚ ਬਣਾਏ ਜਾ ਰਹੇ ਕਮਿਉਨਿਟੀ ਪ੍ਰਾਜੈਕਟ ਬਾਰੇ ਜਰੂਰੀ ਜਾਣਕਾਰੀ ਲਓ ਅਤੇ ਸਰੀ ਕੌਂਸਲ ਵਲੋਂ ਇਸਦੀ ਫੀਊਨਰਲ ਤੇ ਕਰੀਮੇਟੋਰੀਅਮ ਦੀ ਰੀਜ਼ੋਨਿੰਗ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ।
-
ਸੁਰਿੰਦਰ ਸਿੰਘ ਜੱਬਲ, ਲੇਖਕ
sjabal@hotmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.