ਔਖ਼ੇ ਪੈਂਡਿਆਂ ਦਾ ਰਾਹੀ..... ਤਾਉਮਰ ਲੋਕ ਇਨਕਲਾਬ ਨੂੰ ਸਮਰਪਿਤ ਰਹੇ ਕਾਮਰੇਡ ਜਗਮੋਹਣ ਸਿੰਘ
- ਪਾਵੇਲ ਕੁੱਸਾ
70ਵਿਆਂ ਦਾ ਦਹਾਕਾ ਦੇਸ਼ ਤੇ ਪੰਜਾਬ ਅੰਦਰ ਇਨਕਲਾਬੀ ਤਰਥੱਲੀਆਂ ਦਾ ਦਹਾਕਾ ਸੀ। ਨਕਸਲਬਾੜੀ ਦੀ ਬਗਾਵਤ ਦੇ ਝੰਜੋੜੇ ਨਾਲ ਨੌਜਵਾਨ ਤੇ ਵਿਦਿਆਰਥੀ ਲਹਿਰ ਨੇ ਵੇਗ ਫੜਿਆ ਸੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਵੀ ਨੌਜਵਾਨ ਮੋਹਰੀ ਸਫਾਂ 'ਚ ਸਨ। ਲੁੱਟ ਤੇ ਵਿਤਕਰਿਆਂ ਅਧਾਰਿਤ ਇਸ ਰਾਜ ਤੇ ਸਮਾਜ ਨੂੰ ਬਦਲ ਕੇ ਇਨਕਲਾਬ ਲੈ ਆਉਣ ਦਾ ਸੁਪਨਾ ਲੱਖਾਂ ਨੌਜਵਾਨਾਂ ਦੀਆਂ ਅੱਖਾਂ ਚਮਕਿਆ ਸੀ ਤੇ ਇਸ ਆਦਰਸ਼ ਲਈ ਕਿੰਨ੍ਹਿਆਂ ਨੇ ਹੀ ਆਪਣੀਆਂ ਪੜ੍ਹਾਈਆਂ ਤੇ ਨੌਕਰੀਆਂ ਅਧਵਾਟੇ ਛੱਡ ਕੇ ਇਨਕਲਾਬੀ ਲਹਿਰ ਨੂੰ ਸਮਰਪਿਤ ਹੋ ਜਾਣ ਦੇ ਫੈਸਲੇ ਕੀਤੇ ਸਨ।
ਲਹਿਰ ਦੇ ਉਤਰਾਵਾਂ ਚੜ੍ਹਾਵਾਂ ਤੇ ਸੰਕਟਾਂ ਦੇ ਹਾਲਾਤਾਂ 'ਚ ਕਿੰਨੇ ਹੀ ਉਹ ਸਨ ਜਿਹੜੇ ਇਹਨਾਂ ਫੈਸਲਿਆਂ 'ਤੇ ਪੁੱਗ ਨਾ ਸਕੇ ਪਰ ਉਹ ਵੀ ਸਨ ਜਿਹੜੇ ਪੰਜ ਪੰਜ ਦਹਾਕਿਆਂ ਤੋਂ ਉਹਨਾਂ ਸੁਪਨਿਆਂ ਨੂੰ ਹਕੀਕਤ ਬਦਲ ਦੇਣ ਲਈ ਉਸੇ ਸਮਰਪਣ ਦੀ ਭਾਵਨਾ ਨਾਲ ਜੁਟੇ ਰਹੇ ਹਨ। ਕਾਮਰੇਡ ਜਗਮੋਹਣ ਸਿੰਘ ਵੀ ਉਹਨਾਂ ਪੁਰਾਣੇ ਇਨਕਲਾਬੀਆਂ 'ਚ ਸ਼ੁਮਾਰ ਹੁੰਦੇ ਹਨ ਜਿਨਾਂ ਨੇ ਜਵਾਨੀ ਵੇਲੇ ਲੋਕ ਇਨਕਲਾਬ ਦੇ ਮਹਾਨ ਮਿਸ਼ਨ ਨੂੰ ਜ਼ਿੰਦਗੀ ਦਾ ਮਕਸਦ ਬਣਾਇਆ ਤੇ ਇਸ ਮਕਸਦ ਖਾਤਿਰ ਜ਼ਿੰਦਗੀ ਜਿਉਣ ਦਾ ਰਾਹ ਫੜਿਆ। ਕਮਿਊਨਿਸਟ ਇਨਕਲਾਬੀ ਲਹਿਰ ਦੇ ਉਤਰਾਅ ਚੜ੍ਹਾਅ ਤੇ ਸੰਕਟ ਦੇ ਦੌਰ ਵੀ ਉਹਨਾਂ ਨੂੰ ਇਸ ਮਕਸਦ ਖਾਤਰ ਜਿਉਣ ਦੇ ਰਾਹ ਤੋਂ ਥਿੜਕਾ ਨਹੀਂ ਸਕੇ।
ਸਾਲ1950 ਦੇ ਵਰ੍ਹੇ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ 'ਚ ਜਨਮੇ ਕਾਮਰੇਡ ਜਗਮੋਹਣ ਸਿੰਘ 70ਵਿਆਂ ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਦੌਰਾਨ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ 'ਚ ਆਪਣੀ ਐਮਬੀਬੀਐਸ ਦੀ ਪੜ੍ਹਾਈ ਦੌਰਾਨ ਵਿਦਿਆਰਥੀ ਲਹਿਰ ਦੇ ਪ੍ਰਭਾਵ 'ਚ ਆਏ। 1972 ਦੇ ਮਹਾਨ ਮੋਗਾ ਘੋਲ ਦੌਰਾਨ ਹੋ ਰਹੇ ਐਕਸ਼ਨਾਂ ਚ ਉਹਨਾਂ ਨੇ ਜੋਸ਼ੀਲੀ ਸ਼ਮੂਲੀਅਤ ਕੀਤੀ। ਇਸ ਸ਼ੁਰੂਆਤੀ ਦੌਰ 'ਚ ਹੀ ਕਾਮਰੇਡ ਜਗਜੀਤ ਸੋਹਲ, ਸ਼ਹੀਦ ਦਇਆ ਸਿੰਘ ਤੇ ਮੁਖਤਿਆਰ ਪੂਹਲਾ ਵਰਗੇ ਕਮਿਊਨਿਸਟ ਇਨਕਲਾਬੀਆਂ ਨੇ ਉਹਨਾਂ ਦੀ ਜ਼ਿੰਦਗੀ ਦੀ ਸੇਧ ਉਲੀਕਣ 'ਚ ਅਹਿਮ ਰੋਲ ਨਿਭਾਇਆ। ਉਹ ਐਮਬੀਬੀਐਸ ਦੀ ਡਿਗਰੀ ਮੁਕੰਮਲ ਕਰਨ ਮਗਰੋਂ ਕੁਝ ਮਾਮੂਲੀ ਅਰਸਾ ਨੌਕਰੀ 'ਤੇ ਗਏ ਪਰ ਉਹਨਾਂ ਨੇ ਜਲਦੀ ਹੀ ਨੌਕਰੀ ਨੂੰ ਤਿਆਗ ਕੇ ਇਨਕਲਾਬ ਦੇ ਮਹਾਨ ਮਿਸ਼ਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਅਤੇ ਇੱਕ ਕੁਲਵਕਤੀ ਵਜੋਂ ਕਮਿਊਨਿਸਟ ਇਨਕਲਾਬੀ ਲਹਿਰ ਚ ਸ਼ਾਮਿਲ ਹੋ ਗਏ। ਡਾਕਟਰੀ ਪੇਸ਼ੇ 'ਚ ਜਾਣ ਦੀ ਥਾਂ ਉਹਨਾਂ ਨੇ ਪੇਸ਼ੇਵਰ ਇਨਕਲਾਬੀ ਵਾਲੀ ਕਠਿਨਾਈਆਂ ਭਰੀ ਜ਼ਿੰਦਗੀ ਦੀ ਚੋਣ ਕੀਤੀ। ਉਹ ਇਨਕਲਾਬੀ ਸਰਗਰਮੀ ਲਈ ਮਹਿਜ਼ "ਜ਼ਿੰਦਗੀ ਦੀਆਂ ਵਿਹਲੀਆਂ ਸ਼ਾਮਾਂ" ਗੁਜ਼ਾਰਨ ਵਾਲਿਆਂ ਚੋਂ ਨਹੀਂ ਸਨ , ਉਹਨਾਂ ਲਈ ਇਨਕਲਾਬ ਇਕ ਮਹਾਨ ਮਿਸ਼ਨ ਸੀ ਤੇ ਇਸ ਮਿਸ਼ਨ ਲਈ ਸਮਰਪਤ ਹੋ ਕੇ ਜਿਉਣ ਦੀ ਭਾਵਨਾ ਸੀ। ਲਗਭਗ ਪੰਜ ਦਹਾਕੇ ਤੋਂ ਉਹ ਆਖਰੀ ਸਾਹਾਂ ਤੱਕ ਲਹਿਰ ਵਿੱਚ ਡਟੇ ਰਹੇ।
ਕਾਮਰੇਡ ਜਗਮੋਹਣ ਸਿੰਘ ਨੇ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੇ ਫ਼ਲਸਫਾਨਾ ਸੱਚ ਦੇ ਮਾਰਗ ਨੂੰ ਮਨੁੱਖਤਾ ਦੀ ਮੁਕਤੀ ਦੇ ਮਾਰਗ ਵਜੋਂ ਦੇਖਿਆ ਅਤੇ ਇਸ ਰੌਸ਼ਨੀ ਵਿੱਚ ਭਾਰਤ ਅੰਦਰ ਨਵ-ਜਮਹੂਰੀ ਇਨਕਲਾਬ ਦੇ ਕਾਰਜ ਵਿੱਚ ਹਿੱਸਾ ਪਾਇਆ। ਉਹ ਮੁਲਕ ਅੰਦਰੋਂ ਸਾਮਰਾਜਵਾਦੀ ਦੇ ਚੋਰ-ਗੁਲਾਮੀ ਤੇ ਜਗੀਰਦਾਰੀ ਦੇ ਖਾਤਮੇ ਰਾਹੀਂ ਲੋਕ ਇਨਕਲਾਬ ਦੇ ਟੀਚੇ ਨੂੰ ਪਰਣਾਏ ਰਹੇ। ਦਹਾਕਿਆਂ ਲੰਮੀ ਇਸ ਸਿਆਸੀ ਜ਼ਿੰਦਗੀ ਦੌਰਾਨ ਉਹਨਾਂ ਨੇ ਪੰਜਾਬ ਅੰਦਰ ਕਮਿਊਨਿਸਟ ਇਨਕਲਾਬੀ ਸਰਗਰਮੀ ਦੇ ਵੱਖ-ਵੱਖ ਖੇਤਰਾਂ 'ਚ ਤੇ ਵੱਖ-ਵੱਖ ਪੱਧਰਾਂ 'ਤੇ ਜਿੰਮੇਵਾਰੀਆਂ ਓਟੀਆਂ ਤੇ ਨਿਭਾਈਆਂ। ਹੁਣ ਉਹ ਲੰਮੇ ਅਰਸੇ ਤੋਂ ਸੁਰਖ ਲੀਹ ਪ੍ਰਕਾਸ਼ਨ ਨਾਲ ਜੁੜੇ ਹੋਏ ਸਨ। ਇਸ ਪ੍ਰਕਾਸ਼ਨ ਰਾਹੀਂ ਜਿੱਥੇ ਉਹਨਾਂ ਨੇ ਇਨਕਲਾਬੀ ਲਹਿਰ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਲਿਖਤਾਂ ਦੀ ਛਪਾਈ ਤੇ ਵੰਡ-ਮੜਾਈ ਨੂੰ ਜਥੇਬੰਦ ਕਰਨ ਵਿੱਚ ਹਿੱਸਾ ਪਾਇਆ ਉੱਥੇ ਵੱਖ-ਵੱਖ ਮੌਕਿਆਂ 'ਤੇ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਉਠੇ ਗ਼ਲਤ ਰੁਝਾਨਾਂ ਵੇਲੇ ਵੀ ਉਹਨਾਂ ਨੇ ਠੀਕ ਵਿਚਾਰਾਂ ਦੇ ਪਸਾਰ ਲਈ ਪ੍ਰਕਾਸ਼ਨਾਵਾਂ ਜਥੇਬੰਦ ਕਰਨ ਵਿੱਚ ਯੋਗਦਾਨ ਪਾਇਆ। ਤਿੰਨ ਸੰਸਾਰਾਂ ਦੇ ਬਦਨਾਮ ਸੋਧਵਾਦੀ ਸਿਧਾਂਤ ਵੇਲੇ ਕੌਮਾਂਤਰੀ ਬਹਿਸ ਦੌਰਾਨ ਉਨਾਂ ਨੇ ਕਾ. ਹਰਭਜਨ ਸੋਹੀ ਦੀ ਦਸਤਾਵੇਜ਼ "ਮਾਓ ਵਿਚਾਰਧਾਰਾ ਦੀ ਰਾਖੀ ਕਰੋ" ਦੇ ਹੱਕ ਵਿੱਚ ਪੁਜੀਸ਼ਨ ਲਈ। ਇਸ ਦਸਤਾਵੇਜ ਨੂੰ ਤੇ ਇਸ ਦੀ ਸਮਝ ਨੂੰ ਇਨਕਲਾਬੀ ਘੇਰਿਆਂ ਤੱਕ ਪਹੁੰਚਾਉਣ ਵਿੱਚ ਭੂਮਿਕਾ ਨਿਭਾਈ।
ਮੈਡੀਕਲ ਦੀ ਪੜ੍ਹਾਈ ਰਾਹੀਂ ਮਨੁੱਖਤਾ ਦੀ ਸੇਵਾ ਦੇ ਸੀਮਤ ਸੰਕਲਪ ਤੋਂ ਅੱਗੇ ਜਾਂਦਿਆਂ ਉਹਨਾਂ ਨੇ ਸਮੁੱਚੀ ਮਨੁੱਖਤਾ ਦੀ ਮੁਕਤੀ ਦੇ ਮਹਾਨ ਕਮਿਊਨਿਸਟ ਉਦੇਸ਼ ਨਾਲ ਆਪਣੇ ਆਪ ਨੂੰ ਜੋੜ ਲਿਆ ਸੀ। ਦੁਨੀਆ ਦੇ ਕਈ ਮੁਲਕਾਂ ਅੰਦਰ ਸਮਾਜਵਾਦੀ ਉਸਾਰੀ ਦੇ ਤਜਰਬਿਆਂ 'ਚੋਂ ਸਿਹਤ ਸੰਭਾਲ ਦੇ ਖੇਤਰ ਦੀਆਂ ਸਮਾਜਵਾਦੀ ਪ੍ਰਾਪਤੀਆਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕੀਤਾ। ਇਸ ਨੂੰ ਉਹਨਾਂ ਨੇ ਸਮਾਜਵਾਦੀ ਪ੍ਰਬੰਧ ਦੀ ਉੱਤਮਤਾ ਅਤੇ ਮਨੁੱਖਤਾ ਮੁਖੀ ਹੋਣ ਦੇ ਇਕ ਅਹਿਮ ਸਬੂਤ ਵਜੋਂ ਲਿਆ। ਉਹਨਾਂ ਨੇ ਇਸ ਵਿਸ਼ੇ 'ਤੇ ਸੁਰਖ ਲੀਹ ਦੇ ਵਿਸ਼ੇਸ਼ ਕਾਲਮ "ਮਨੁੱਖੀ ਸਿਹਤ ਤੇ ਸਮਾਜਵਾਦ" ਲਈ ਉਹਨਾਂ ਨੇ ਕਈ ਲਿਖਤਾਂ ਲਿਖੀਆਂ ਤੇ ਅਨੁਵਾਦ ਕੀਤੀਆਂ।
ਇੱਕ ਡਾਕਟਰ ਵਜੋਂ ਵੀ ਉਹਨਾਂ ਨੇ ਆਪਣੀ ਯੋਗਤਾ ਇਨਕਲਾਬੀ ਲਹਿਰ ਦੇ ਲੇਖੇ ਲਾਈ। ਲਹਿਰ ਵਿੱਚ ਹੋਰਨਾਂ ਜਿੰਮੇਵਾਰੀਆਂ ਦੇ ਨਾਲ ਨਾਲ ਉਹਨਾਂ ਨੇ ਸਾਥੀਆਂ ਦੀ ਸਿਹਤ ਸੰਭਾਲ ਦੇ ਕਾਰਜਾਂ ਵਿੱਚ ਮੋਹਰੀ ਯੋਗਦਾਨ ਪਾਇਆ। ਉਹ ਹਮੇਸ਼ਾ ਇਨਕਲਾਬੀ ਲਹਿਰ ਦੇ ਸਾਥੀਆਂ ਦੇ ਇਲਾਜ 'ਚ ਸਹਾਇਤਾ ਲਈ ਤਤਪਰ ਰਹੇ। ਕਿਸਾਨ ਮਜ਼ਦੂਰ ਲਹਿਰ ਦੇ ਕਾਰਕੁੰਨਾਂ ਦਾ ਅਜਿਹਾ ਕਾਫੀ ਵੱਡਾ ਘੇਰਾ ਹੈ ਜਿਨ੍ਹਾਂ ਨੂੰ ਇਲਾਜ ਦੌਰਾਨ ਉਹਨਾਂ ਦਾ ਸਹਿਯੋਗ ਤੇ ਸਾਥ ਹਾਸਲ ਹੋਇਆ। ਇਸ ਘੇਰੇ ਨੂੰ ਉਹਨਾਂ ਦੇ ਜਾਣ ਦੀ ਘਾਟ ਵਿਸ਼ੇਸ਼ ਤੌਰ 'ਤੇ ਰੜਕ ਰਹੀ ਹੈ। ਅਜੋਕੇ ਸਮੇਂ 'ਚ ਡਾਕਟਰੀ ਪੇਸ਼ੇ ਦੇ ਵਪਾਰੀਕਰਨ ਦੇ ਦੌਰ ਅੰਦਰ ਅਜਿਹੀ ਨਿਸ਼ਕਾਮ ਸੇਵਾ ਭਾਵਨਾ ਰਾਹੀਂ ਡਾਕਟਰ ਜਗਮੋਹਣ ਸਿੰਘ ਦੇ ਕੰਮ ਨੇ ਸਾਬਤ ਕੀਤਾ ਕਿ ਲੁੱਟ ਰਹਿਤ ਸਮਾਜ ਉਸਾਰਨ 'ਚ ਜੁਟੇ ਇਨਕਲਾਬੀਆਂ ਦਾ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਹੈ। ਇਸ ਭੂਮਿਕਾ ਨੇ ਦਰਸਾਇਆ ਕਿ ਇਹ ਇਨਕਲਾਬੀ ਹਨ ਜਿਹੜੇ ਪੂੰਜੀਵਾਦੀ ਵਪਾਰੀਕਰਨ ਦੇ ਇਸ ਦੌਰ ਅੰਦਰ ਹਰ ਪੱਖੋਂ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਬੁਲੰਦ ਰੱਖ ਰਹੇ ਹਨ।
ਜਦੋਂ ਉਹ ਪ੍ਰਕਾਸ਼ਨ ਦੀਆਂ ਜਿੰਮੇਵਾਰੀਆਂ 'ਚ ਖੁੱਭੇ ਹੋਏ ਸਨ ਤਾਂ ਅਚਾਨਕ ਤਿੰਨ ਮਹੀਨੇ ਪਹਿਲਾਂ ਉਹਨਾਂ ਨੂੰ ਕੈਂਸਰ ਦੀ ਗੰਭੀਰ ਬਿਮਾਰੀ ਬਾਰੇ ਪਤਾ ਲੱਗਿਆ। ਜਦੋਂ ਤੱਕ ਲੱਛਣ ਸਾਹਮਣੇ ਆਏ ਉਦੋਂ ਤੱਕ ਬਿਮਾਰੀ ਗੰਭੀਰ ਰੂਪ ਵਿੱਚ ਸਰੀਰ ਅੰਦਰ ਫੈਲ ਚੁੱਕੀ ਸੀ । ਅਦਾਰਾ ਸੁਰਖ ਲੀਹ ਅਤੇ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਇਲਾਜ ਲਈ ਕੀਤੀਆਂ ਸਿਰ ਤੋੜ ਕੋਸ਼ਿਸ਼ਾਂ ਸਫ਼ਲ ਨਾ ਹੋ ਸਕੀਆਂ ਤੇ ਉਹ 5 ਜਨਵਰੀ 2024 ਨੂੰ ਕਾਫਲੇ ਚੋਂ ਵਿਛੜ ਗਏ। ਲਾਲ ਝੰਡੇ ਵਿੱਚ ਲਪੇਟੀ ਤੇ ਫੁੱਲਾਂ ਲੱਦੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਇਨਕਲਾਬੀ ਲਹਿਰ ਦੇ ਰਾਹੀਆਂ ਨੇ ਇਨਕਲਾਬੀ ਨਾਅਰਿਆਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਇਨਕਲਾਬ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਹੋਰ ਤਨਦੇਹੀ ਨਾਲ ਜੁਟਣ ਦੇ ਅਹਿਦ ਕੀਤੇ।
ਅਜੋਕੇ ਸਮੇਂ ਅੰਦਰ ਜਦੋਂ ਲੋਕਾਂ ਦੀ ਇਨਕਲਾਬੀ ਲਹਿਰ ਨੂੰ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਤਾਂ ਇਹ ਲੋਕਾਂ ਲੇਖੇ ਜ਼ਿੰਦਗੀ ਲਾਉਣ ਦੀ ਨਿਹਚਾ ਦੀ ਪਰਖ ਦਾ ਸਮਾਂ ਹੈ। ਅਜਿਹੇ ਸਮੇਂ ਕਾ. ਜਗਮੋਹਣ ਸਿੰਘ ਵਰਗੇ ਸਾਥੀਆਂ ਦੀ ਘਾਲਣਾ ਤੇ ਯੋਗਦਾਨ ਨੂੰ ਸਿਜਦਾ ਕਰਦਿਆਂ ਉਸ ਸਮਰਪਣ ਭਾਵਨਾ ਨੂੰ ਮਨਾਂ ਚ ਡੂੰਘੇ ਵਸਾਉਣ ਦੀ ਲੋੜ ਹੈ ਜਿਸ ਭਾਵਨਾ ਨਾਲ ਇਨਕਲਾਬੀ ਲਹਿਰ ਦੇ ਔਖੇ ਪੈਂਡਿਆਂ 'ਤੇ ਪੁੱਗਿਆ ਜਾ ਸਕਦਾ ਹੈ। ਉਤਰਾਵਾਂ ਚੜ੍ਹਾਵਾਂ ਤੇ ਸੰਕਟਾਂ ਦੇ ਸਮਿਆਂ 'ਚ ਅਡੋਲ ਖੜਿਆ ਜਾ ਸਕਦਾ ਹੈ। ਇਸ ਸਮਾਜ ਅੰਦਰ ਇਨਕਲਾਬੀ ਤਬਦੀਲੀ ਲਿਆਂਦੇ ਜਾ ਸਕਣ ਦੇ ਵਿਚਾਰ ਅੰਦਰ ਡੂੰਘਾ ਭਰੋਸਾ ਅਜਿਹੀ ਅਡੋਲਤਾ ਦਿੰਦਾ ਹੈ।
ਕਾਮਰੇਡ ਜਗਮੋਹਣ ਸਿੰਘ ਨੇ ਬਹੁਤ ਅਰਥ ਭਰਪੂਰ ਜ਼ਿੰਦਗੀ ਗੁਜ਼ਾਰੀ। ਉਹ ਜ਼ਿੰਦਗੀ ਦੇ ਸਾਹਾਂ ਚ ਰਚ ਕੇ ਜਿਉਂਏ ਤੇ ਉਹਨਾਂ ਦੀ ਇਹ ਕਰਨੀ ਸਦਾ ਜਿਉਂਦੀ ਰਹੇਗੀ। ਉਹਨਾਂ ਦੀ ਜ਼ਿੰਦਗੀ ਨਵੀਂ ਪੀੜੀ ਦੇ ਸਾਥੀਆਂ ਨੂੰ ਇਨਕਲਾਬੀ ਸਮਾਜਿਕ ਤਬਦੀਲੀ ਲਈ ਸੰਘਰਸ਼ ਦੇ ਰਾਹ 'ਤੇ ਅਜਿਹੀ ਅਰਥ ਭਰਪੂਰ ਤੇ ਸਾਰਥਕ ਜ਼ਿੰਦਗੀ ਗੁਜ਼ਾਰਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਬਠਿੰਡਾ ਵਿਖੇ ਲੋਕ ਲਹਿਰ ਦੇ ਕਾਫ਼ਲੇ ਦੇ ਰਾਹੀ ਜੁੜਨਗੇ।
-
ਪਾਵੇਲ ਕੁੱਸਾ , ਲੇਖਕ/ ਨੌਜਵਾਨ ਭਾਰਤ ਸਭਾ
............
+91 94170 54015
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.