Babushahi Special: ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ: ਬਾਦਲ ਦਾ ਘੋੜਾ 21 ਕਰੋੜ ਪਵਾ ਗਿਆ ਮੁੱਲ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ2025: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਰਨ ਕੌਮਾਂਤਰੀ ਪੱਧਰ ਤੇ ਚਰਚਿਤ ਪਿੰਡ ਬਾਦਲ ਦੇ ਘੋੜੇ ‘ਡੇਵਿਡ’ ਨੇ ਲਗਜ਼ਰੀ ਕਾਰਾਂ ਦੇ ਸ਼ੌਕੀਨਾਂ ਦੀ ਮੜਕ ਭੰਨ ਦਿੱਤੀ ਜੋ ਕੌਮੀ ਪੱਧਰ ਦੇ ਮੁਕਤਸਰ ਮੇਲੇ ’ਚ ਅਹਿਮ ਹਸਤੀਆਂ, ਵਿਦੇਸ਼ੀਆਂ ਅਤੇ ਧਨਾਢ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਵਾਂਗ ਪਿੰਡ ਬਾਦਲ ਦੇ ਇਸ ਘੋੜੇ ਦਾ ਮੁੱਲ 21 ਕਰੋੜ ਦੱਸਿਆ ਗਿਆ ਹੈ ਜਿਸ ਨੂੰ ਇੱਕ ਨਜ਼ਰ ਨਾਲ ਦੇਖਣ ਲਈ ਲੋਕ ਤਰਲੋਮੱਛੀ ਹੋ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗੇ ਕੌਮੀ ਪੱਧਰ ਦੇ ਘੋੜਾ ਮੇਲੇ ਨਾਲ ਜੁੜੇ ਇਹ ਤੱਥ ਹਨ ਜਿਸ ’ਚ ਦੇਸ਼ ਵਿਦੇਸ਼ ਤੋਂ ਘੋੜਿਆਂ ਦੇ ਪਾਲਕ ਅਤੇ ਕਾਰੋਬਾਰੀ ਘੋੜੇ ਖਰੀਦਣ ਤੇ ਵੇਚਣ ਲਈ ਪੁੱਜਦੇ ਹਨ। ਮਾਰਵਾੜੀ ਨਸਲ ਨਾਲ ਸਬੰਧਤ ਇਹ ਘੋੜਾ ਜਿਸਦਾ ਨਾਮ ਡੇਵਿਡ ਹੈ ਸੰਜਮ ਸਟੱਡ ਫਾਰਮ ਬਾਦਲ ਦਾ ਹੈ।
ਮੁਕਤਸਰ ਪਸ਼ੂ ਮੇਲੇ ਦੌਰਾਨ ਡੇਵਿਡ ਦੀ ਸਰਦਾਰੀ ਸਾਹਮਣੇ ਆਈ ਹੈ। ਮੇਲਾ ਮਾਘੀ ਮੌਕੇ ਲੱਗਣ ਵਾਲੀ ਭਾਰਤ ਦੀ ਮਸ਼ਹੂਰ ਘੋੜਾ ਮੰਡੀ ਵਿੱਚ ਦੇਸ਼ ਭਰ ’ਚੋਂ ਘੋੜਾ ਵਪਾਰੀ ਵੱਖ-ਵੱਖ ਨਸਲਾਂ ਦੇ ਘੋੜੇ ਲੈ ਕੇ ਪੁੱਜੇ ਹਨ ਜਿੱਥੇ ਡੇਵਡ ਆਪਣੀ ਕੀਮਤ ਅਤੇ ਸ਼ਰੀਰਕ ਦਿੱਖ ਦੇ ਨਾਲ ਨਾਲ ਕੱਦ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮਾਰਵਾੜੀ ਨਸਲ ਦੇ ਘੋੜੇ ‘ਡੇਵਿਡ’ ਦੇ ਪਾਲਕ ਵਿਕਰਮਜੀਤ ਸਿੰਘ ਵਿੱਕੀ ਬਰਾੜ ਨੇ ਦੱਸਿਆ ਕਿ ਇਸ ਘੋੜੇ ਦੀ ਕੀਮਤ 21 ਕਰੋੜ ਹੈ । ਵਿੱਕੀ ਬਰਾੜ ਦਾ ਕਹਿਣਾ ਸੀ ਕਿ ਜਦੋਂ ਇਸ ਘੋੜੇ ਦਾ ਜਨਮ ਹੋਇਆ ਤਾਂ ਉਦੋਂ ਹੀ ਇਸਦੀ ਕੀਮਤ ਇੱਕ ਕਰੋੜ ਤੱਕ ਲੱਗ ਗਈ ਸੀ ਜੋ ਕਿ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਅਸਲ ਵਿੱਚ ਘੋੜੇ ਦੀ ਕੀਮਤ ਦਾ ਸਬੰਧ ਉਸ ਦੀ ਨਸਲ, ਕੱਦ ਅਤੇ ਮਾਂ ਬਾਪ ਦੇ ਜੀਨਜ਼ ਨਾਲ ਹੋਣਾ ਮੰਨਿਆ ਜਾਂਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ 38 ਮਹੀਨਿਆਂ ਦਾ ਘੋੜਾ ‘ਡੇਵਿਡ’ 72 ਇੰਚ ਉੱਚਾ ਹੈ, ਜੋ ਭਾਰਤ ਵਿੱਚ ਸਭ ਤੋਂ ਵੱਧ ਹੈ। ਇਸ ਮੇਲੇ ’ਚ ਘੋੜੇ ਘੋੜੀਆਂ ਦੇਖਣ ਲਈ ਰਾਜਸਥਾਨ ਤੋਂ ਆਏ ਨੌਜਵਾਨ ਜਸਵਿੰਦਰਜੀਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਡੇਵਿਡ ਦੀ ਕੀਮਤ ਦੇ ਬਰਾਬਰ ਕੌਮਾਂਤਰੀ ਮਾਪਦੰਡਾਂ ਵਾਲੀਆਂ ਅੱਧੀ ਦਰਜਨ ਲਗਜ਼ਰੀ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਨਸਲ ਦੇ ਅਧਾਰ ਤੇ ਡੇਵਿਡ ਦੀ ਕੀਮਤ ਦਾ ਮੁਕਾਬਲਾ ਕੀਤਾ ਜਾਏ ਤਾਂ ਵੀ ਉਸ ਦੀ ਕੋਈ ਬਰਾਬਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਪੂਰੇ ਭਾਰਤ ’ਚ ਇਹ ਕੀਮਤ ਸਭ ਤੋਂ ਵੱਧ ਹੈ। ਦੇਖਣ ’ਚ ਆਇਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਸ ਪ੍ਰਸਿੱਧ ਮੇਲੇ ਵਿੱਚ ਦਿੱਲੀ, ਗੁਜਰਾਤ, ਮਹਾਰਾਸ਼ਟਰ ਤੇ ਰਾਜਸਥਾਨ ਦੇ ਵਪਾਰੀ ਆਏ ਹੋਏ ਹਨ ਅਤੇ ਲੱਖਾਂ ਰੁਪਏ ਦੇ ਘੋੜਿਆਂ ਦੀ ਖਰੀਦੋ-ਫਰੋਖਤ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੇਲੇ ਦੌਰਾਨ ਜ਼ਿਆਦਾ ਵਪਾਰ ਨੁੱਕਰੇ ਤੇ ਮਾਰਵਾੜੀ ਨਸਲ ਦੇ ਘੋੜਿਆਂ ਦਾ ਹੁੰਦਾ ਹੈ ਜਦੋਂਕਿ ਕਾਠੀਆਵਾੜ ਤੇ ਸਿੰਧੀ ਨਸਲ ਦੇ ਘੋੜੇ ਬਹੁਤ ਘੱਟ ਆਉਂਦੇ ਹਨ। ਇਸ ਮੇਲੇ ’ਚ ਸ਼ਮਲ ਹੋਣ ਵਾਲੇ ਘੋੜਾ ਪਾਲਕਾਂ ਨੇ ਮੰਡੀ ਨੂੰ ਸਥਾਈ ਰੂਪ ਦੇਣ ਅਤੇ ਟੈਂਟ ਵਗੈਰ੍ਹਾ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ’ਤੇ ਬੇਲੋੜਾ ਖਰਚਾ ਨਾ ਪਵੇ। ਘੋੜਾ ਮੰਡੀ ਦੇ ਪ੍ਰਬੰਧਕ ਸੁਖਪਾਲ ਸਿੰਘ ਭਾਟੀ ਨੇ ਦੱਸਿਆ ਕਿ ਕਰੀਬ ਤਿੰਨ ਹਜ਼ਾਰ ਘੋੜੇ ਮੰਡੀ ’ਚ ਆ ਚੁੱਕੇ ਹਨ। ਇਹ ਘੋੜਾ ਮੰਡੀ 20 ਜਨਵਰੀ ਤੱਕ ਲੱਗੇਗੀ। ਮੰਡੀ ’ਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤੇ ਹੋਰ ਸੂਬਿਆਂ ਦੇ ਘੋੜਾ ਪਾਲਕ ਆਉਂਦੇ ਹਨ। ਇਸ ਦੌਰਾਨ ਕੁੱਝ ਘੋੜਾ ਪਾਲਕਾਂ ਵੱਲੋਂ ਆਪਣੇ ਘੋੜਿਆਂ ਦੀ ਸਿਰਫ ਪ੍ਰਦਰਸ਼ਨੀ ਲਾਈ ਜਾਂਦੀ ਹੈ ਜਦੋਂ ਕਿ ਕੁੱਝ ਲੋਕ ਘੋੜੇ ਵੇਚ ਵੀ ਦਿੰਦੇ ਹਨ।
ਡੀਸੀ ਵੱਲੋਂ ਵੀ ਘੋੜਿਆਂ ਬਾਰੇ ਚਰਚਾ
ਏਸ਼ੀਆ ਦਾ ਸਭ ਤੋਂ ਵੱਡਾ ਘੋੜਿਆਂ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਦੌਰਾਨ ਲੱਗਦਾ ਹੈ ਜਿੱਥੇ ਦੂਸਰੇ ਸੂਬਿਆਂ ਤੋਂ ਵੀ ਘੋੜੇ ਆਉਂਦੇ ਹਨ। ਡਿਪਟੀ ਕਮਿਸ਼ਨਰ ਰਜੇਸ਼ ਤ੍ਰਿਪਾਠੀ ਨੇ ਮੇਲੇ ਦਾ ਪੈਦਲ ਦੌਰਾ ਕੀਤਾ ਅਤੇ ਘੋੜਿਆਂ ਦੀਆਂ ਨਸਲਾਂ ਤੇ ਖੁਰਾਕ ਤੋਂ ਇਲਾਵਾ ਪੰਛੀਆਂ ਤੇ ਕੁੱਤਿਆਂ ਆਦਿ ਬਾਰੇ ਜਾਣਕਾਰੀ ਲਈ। ਉਨ੍ਹਾਂ ਮੰਡੀ ਵਿੱਚ ਸੁਰੱਖਿਆ ਅਤੇ ਲਾਊਡ ਸਪੀਕਰ ਆਦਿ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਮੇਲੇ ਦੌਰਾਨ ਤਲਵੰਡੀ ਦੇ ਭਾਈ ਡੱਲਾ ਸਟੱਡ ਫਾਰਮ, ਬਰਕੰਦੀ ਦੇ ਯਾਦਵਿੰਦਰ ਸਟੱਡ ਫਾਰਮ ਦਾ 64 ਇੰਚ ਕੱਦ ਵਾਲਾ ਨੁੱਕਰਾ ਘੋੜਾ ਸਿਕੰਦਰ, ਹਰਿਆਣਾ ਦੇ ਚੌਧਰੀ ਸਟੱਡ ਫਾਰਮ ਦਾ ਘੋੜਾ ਗੁਨਵਾਣ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਪਾਬੰਦੀ ਹਟਣ ਕਾਰਨ ਲੱਗੀਆਂ ਰੌਣਕਾਂ
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਸੂਬੇ ਵਿੱਚ ਘੋੜਿਆਂ ਦੇ ਮੇਲਿਆਂ ’ਤੇ ਲਾਈ ਪਾਬੰਦੀ ਹਟਾਉਣ ਮਗਰੋਂ ਮਾਘੀ ਮੇਲੇ ਮੌਕੇ ਮੁਕਤਸਰ ਵਿੱਚ ਘੋੜਾ ਮੇਲਾ ਲੱਗਣ ਲਈ ਰਾਹ ਪੱਧਰਾ ਹੋਇਆ ਹੈ। ਘੋੜਿਆਂ ਨੂੰ ‘ਗਲੈਂਡਰ’ ਨਾਂ ਦੀ ਬਿਮਾਰੀ ਹੋਣ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸੂਬਾ ਸਰਕਾਰ ਨੇ ਅਜਿਹੇ ਮੇਲਿਆਂ ’ਤੇ ਰੋਕ ਲਾ ਦਿੱਤੀ ਸੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਭ ਤੋਂ ਪਹਿਲਾਂ ਮਈ 2023 ਵਿੱਚ ਘੋੜਿਆਂ ਵਿੱਚ ‘ਗਲੈਂਡਰ’ ਨਾਂ ਦੀ ਬਿਮਾਰੀ ਦੇ ਮਾਮਲੇ ਬਠਿੰਡਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਸਨ ਜਿੱਥੇ ਇੱਕ ਘੋੜੇ ਦੀ ਮੌਤ ਹੋ ਗਈ ਸੀ। ਘੋੜਿਆਂ ਦੇ ਮਾਲਕ ਇਸ ਤੋਂ ਕਾਫ਼ੀ ਪ੍ਰੇਸ਼ਾਨ ਸਨ ਕਿਉਂਕਿ ਕਾਰੋਬਾਰ ਠੱਪ ਹੋਣ ਕਾਰਨ ਉਨ੍ਹਾਂ ਨੂੰ ਵਿੱਤੀ ਘਾਟਾ ਝੱਲਣਾ ਪੈ ਰਿਹਾ ਸੀ ਜਿਸ ਤੋਂ ਹੁਣ ਰਾਹਤ ਮਿਲੀ ਹੈ।