ਨਹੀਂ ਛਣਕੇਗਾ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਬਠਿੰਡਾ ’ਚ ਕੰਗਣ
ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ2025: ਕੰਗਨਾ ਰਣੌਤ ਦੀ ਫਿਲਮ ਬੇਸ਼ੱਕ 17 ਜਨਵਰੀ ਨੂੰ ਮੁਲਕ ਭਰ ਦੇ ਸਿਨੇਮਾ ਘਰਾਂ ’ਚ ਦਸਤਕ ਦੇਣ ਜਾ ਰਹੀ ਹੈ ਪਰ ਬਠਿੰਡਾ ਦੇ ਕਿਸੇ ਵੀ ਸਿਨੇਮਾ ਘਰ ਦੇ ਮਾਲਕ ਇਹ ਫਿਲਮ ਨਹੀਂ ਦਿਖਾਉਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮ ਦਾ ਵਿਰੋਧ ਕਰਨ ਤੋਂ ਬਾਅਦ ਬਠਿੰਡਾ ਦੇ ਮਲਟੀਪਲੈਕਸ ਮਾਲਕਾਂ ਨੇ ਐਮਰਜੈਂਸੀ ਫਿਲਮ ਦਿਖਾਉਣ ਤੋਂ ਪਾਸਾ ਵੱਟ ਲਿਆ ਹੈ। ਹਾਲਾਂਕਿ ਇਸ ਮੁੱਦੇ ਤੇ ਸਿਨੇਮਾ ਮਾਲਕ ਕੋਈ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਹੋਏ ਪਰ ਪ੍ਰਸ਼ਾਸ਼ਨਿਕ ਹਲਕਿਆਂ ਨੇ ਫਿਲਮ ਨਾਂ ਲੱਗਣ ਦੀ ਪੁਸ਼ਟੀ ਕਰ ਦਿੱਤੀ ਹੈ। ‘ਐਮਰਜੈਂਸੀ’ ਨਾਮ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਖਦ ਕੰਗਨਾ ਰਣੌਤ ਹਨ ਜੋ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਰਤੀ ਜੰਤਾ ਪਾਰਟੀ ਦੀ ਸੰਸਦ ਮੈਂਬਰ ਵੀ ਹੈ। ਇਸ ਫਿਲਮ ’ਚ ਕੰਗਨਾ ਭਾਰਤ ਦੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਸੀ ਤੇ ਸੈਂਸਰ ਬੋਰਡ ਨੂੰ ਇਸ ਫਿਲਮ ਦਾ ਸਰਟੀਫਿਕੇਟ ਜਾਰੀ ਨਾ ਕਰਨ ਦੀ ਮੰਗ ਕੀਤੀ ਸੀ। ਫਿਲਮ ਦਾ ਜਦੋਂ ਟਰੇਲਰ ਰਿਲੀਜ਼ ਹੋਇਆ ਸੀ ਤਾਂ ਉਦੋਂ ਵੀ ਵਿਵਾਦ ਹੋਇਆ ਸੀ ਅਤੇ ਸਿੱੱਖ ਹਲਕਿਆਂ ਤੇ ਸ਼੍ਰੋ੍ਰਮਣੀ ਕਮੇਟੀ ਨੇਵਿਵਾਦਿਤ ਸੀਨ ਕੱਟੇ ਜਾਣ ਦੀ ਮੰਗ ਜੋਰ ਸ਼ੋਰ ਨਾਲ ਉਠਾਈ ਸੀ। ਸਿੱਖ ਆਗੂਆਂ ਦਾ ਕਹਿਣਾ ਸੀ ਕਿ ਕੰਗਣਾ ਰਣੌਤ ਦੀ ਫਿਲਮ ਦੇ ਕਈ ਸੀਨਾਂ ਕਾਰਨ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ। ਕਈ ਬਦਲਾਅ ਕੀਤੇ ਜਾਣ ਤੋਂ ਬਾਅਦ ਹੁਣ ਕੰਗਨਾ ਦੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਤਾਂ ਐਸਜੀਪੀਸੀ ਨੇ ਇੱਕ ਵਾਰ ਫਿਰ ਪੰਜਾਬ ’ਚ ਫਿਲਮ ਨਾਂ ਲੱਗਣ ਦੇਣ ਦੀ ਚਿਤਾਵਨੀ ਦੇ ਦਿੱਤੀ ਹੈ ਤਾਂ ਸਿਨੇਮਿਆਂ ਦੀ ਸੰਭਾਵਿਤ ਭੰਨਤੋੜ ਜਾਂ ਫਿਰ ਮਹੌਲ ਖਰਾਬ ਹੋਣ ਦੇ ਡਰ ਕਾਰਨ ਸਿਨੇਮਾਘਰਾਂ ਨੇ ਫਿਲਮ ਦਿਖਾਉਣ ਦਾ ਹੌਂਸਲਾ ਨਹੀਂ ਫੜਿਆ ਹੈ।
ਵਿਵਾਦਾਂ ਨੇ ਪਾਇਆ ਰੰਗ ’ਚ ਭੰਗ
ਸੂਤਰ ਦੱਸਦੇ ਹਨ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੌਤ ਵੱਲੋਂ ਕਿਸਾਨਾਂ ਪ੍ਰਤੀ ਦਿੱਤੇ ਵਿਵਾਦਿਤ ਬਿਆਨਾਂ ਕਾਰਨ ਪੰਜਾਬ ’ਚ ਹੋਣ ਵਾਲੇ ਸੰਭਾਵੀ ਕਿਸਾਨੀ ਵਿਰੋਧ ਨੂੰ ਦੇਖਦਿਆਂ ਵੀ ਸਿਨੇਮਾ ਘਰਾਂ ਨੇ ਫਿਲਮ ਨਾਂ ਲਾਉਣ ਨੂੰ ਪਹਿਲ ਦੇਣੀ ਬਿਹਤਰ ਸਮਝੀ ਹੈ। ਇੰਨ੍ਹਾਂ ਬਿਆਨਾਂ ਕਾਰਨ ਹੀ ਚੰਡੀਗੜ੍ਹ ਹਵਾਈ ਅੱਡੇ ਤੇ ਪੰਜਾਬ ਨਾਲ ਸਬੰਧਤ ਇੱਕ ਮਹਿਲਾ ਸੁਰੱਖਿਆ ਮੁਲਾਜਮ ਨੇ ਕੰਗਣਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀ ਜਿਸ ਦੀ ਗੂੰਜ ਪੰਜਾਬੀਆਂ ’ਚ ਅੱਜ ਵੀ ਸੁਣਾਈ ਦੇ ਰਹੀ ਹੈ। ਸਿਨੇਮਾ ਘਰ ਮਾਲਕਾਂ ਦੇ ਨਜ਼ਦੀਕੀ ਸੂਤਰਾਂ ਨੇ ਮੰਨਿਆ ਹੈ ਕਿ ਇੰਨ੍ਹਾਂ ਵਿਵਾਦਾਂ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਵਿਰੋਧ ਦੇ ਚਲਦਿਆਂ ਸਿਨੇਮਾ ਘਰਾਂ ਦੇ ਮਾਲਕਾਂ ਨੇ ਐਮਰਜੈਂਸੀ ਰਿਲੀਜ਼ ਨਾਂ ਕਰਨ ਦਾ ਫੈਸਲਾ ਲਿਆ ਹੈ।
ਐਮਰਜੈਂਸੀ ਫਿਲਮ ਦਾ ਪਿਛੋਕੜ
ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਪਹਿਲੀ ਅੰਦਰੂਨੀ ਐਮਰਜੈਂਸੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ 1975 ਵਿੱਚ ਲਗਾਈ ਗਈ। ਇਹ ਐਮਰਜੈਂਸੀ 25-26 ਜੂਨ, 1975 ਤੋਂ 18 ਜਨਵਰੀ, 1977 ਤੱਕ ਐਮਰਜੈਂਸੀ ਲਾਗੂ ਰਹੀ ਜਿਸ ਦੇ ਇਰਦ ਗਿਰਦ ਘੁੰਮਦੀ ਇਹ ਫਿਲਮ ਬਣਾਈ ਗਈ ਹੈ। ਇਸ ਫਿਲਮ ਦਾ ਮੁੱਢ ਤੋਂ ਵਿਰੋਧ ਕਰਨ ਵਾਲਿਆਂ ਵਿੱਚ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਸ਼ਾਮਲ ਹਨ। ਸਰਬਜੀਤ ਸਿੰਘ ਖ਼ਾਲਸਾ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ ।
ਫਿਲਮ ਨਾਂ ਚੱਲਣ ਦੇਣ ਦੀ ਚਿਤਾਵਨੀ
ਪੰਥਕ ਸੇਵਕ ਜੱਥਾ ਤੇ ਭਾਈ ਹਰਦੀਪ ਸਿੰਘ ਮਹਿਰਾਜ ਭਾਜਪਾ ਦੀ ਸੰਸਦ ਮੈਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋ ਬਣਾਈ ਫਿਲਮ ਐਮਰਜੈਂਸੀ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਚੱਲਣ ਨਹੀਂ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੇ ਬੇਸ਼ੱਕ ਟਿਕਟਾਂ ਵਿਕਣੀਆਂ ਸ਼ੁਰੂ ਹੋ ਗਈਆਂ ਹਨ ਪਰ ਸਿੱਖ ਜੱਥੇਬੰਦੀਆਂ ਨੇ ਫਿਲਮ ਨਾਂ ਚੱਲਣ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਫਿਲਮ ਰਾਹੀਂ ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਫਿਲਮ ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ।
ਪਿੱਠ ਤੇ ਆਈ ਸ਼ਿਵ ਸੈਨਾ
ਸ਼ਿਵ ਸੈਨਾ ਆਗੂ ਸਤਿੰਦਰ ਕੁਮਾਰ ਦਾ ਕਹਿਣਾ ਸੀ ਕਿ ਪਹਿਲਾਂ ਕੁੱਝ ਅਜਿਹੇ ਸੀਨ ਸਨ ਜਿੰਨ੍ਹਾਂ ਤੇ ਸਿੱਖ ਜੱਥੇਬੰਦੀਆਂ ਨੂੰ ਇਤਰਾਜ ਸੀ ਜਿਸ ਕਰਕੇ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਾਂਟ ਛਾਂਟ ਤੋਂ ਬਾਅਦ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਤਾਂ ਬਠਿੰਡਾ ’ਚ ਲੱਗਣ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਦਿਖਾਇਆ ਜਾਣਾ ਚਾਹੀਦਾ ਹੈ ਕਿ ਅਸਲ ਵਿੱਚ ਐਮਰਜੈਂਸੀ ਦੀ ਸਚਾਈ ਕੀ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪਣੇ ਦਫਤਰ ’ਚ ਪ੍ਰਜੈਕਟਰ ਰਾਹੀਂ ਫਿਲਮ ਦਿਖਾਉਣਗੇ।
ਫਿਲਮ ਰਿਲੀਜ਼ ਨਹੀਂ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਿਲੀਆਂ ਰਿਪੋਰਟਾਂ ਮੁਤਾਬਕ ਬਠਿੰਡਾ ਜਿਲ੍ਹੇ ’ਚ ਕਿਧਰੇ ਅਤੇ ਕਿਸੇ ਵੀ ਸਿਨੇਮਾਘਰ ਜਾਂ ਮਲਟੀਪਲੈਕਸ ਵਿੱਚ ਫਿਲਮ ਐਮਰਜੈਂਸੀ ਰਿਲੀਜ਼ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੱਖ ਤੋਂ ਪੂਰੀ ਤਰਾਂ ਮੁਸਤੈਦੀ ਵਰਤੀ ਜਾ ਰਹੀ ਹੈ।