‘ਸਤ ਰੋਜ਼ਾ ਨੈਸ਼ਨਲ ਥੇਟਰ ਫੈਸਟੀਵਲ’ ਥੇਟਰ ਵਿਰਾਸਤ ਦਾ ਪਹਿਰੇਦਾਰ ਬਣਿਆਂ
ਉਜਾਗਰ ਸਿੰਘ
ਪਟਿਆਲਾ ਸਭਿਆਚਾਰਿਕ, ਵਿਦਿਅਕ, ਸਮਾਜਿਕ ਤੇ ਸਪੋਰਟਸ ਦੇ ਖੇਤਰ ਵਿੱਚ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਨਾਟਕ ਦੇ ਖੇਤਰ ਵਿੱਚ ਹਰਪਾਲ ਟਿਵਾਣਾ, ਰਾਜ ਬੱਬਰ ਅਤੇ ਨਿਰਮਲ ਰਿਸ਼ੀ ਪਟਿਆਲਾ ਦੀ ਸ਼ਾਨ ਰਹੇ ਹਨ। ਨਾਟਕ ਲੇਖਕਾਂ ਵਿੱਚ ਡਾ.ਹਰਚਰਨ ਸਿੰਘ ਤੇ ਸੁਰਜੀਤ ਸਿੰਘ ਸੇਠੀ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ਥੇਟਰ ਫਿਲਮ ਕਲਾਕਾਰਾਂ ਲਈ ਟ੍ਰੇਨਿੰਗ ਸੈਂਟਰ ਹੁੰਦਾ ਹੈ। ਹਰਪਾਲ ਟਿਵਾਣਾ, ਰਾਜ ਬੱਬਰ, ਨਿਰਮਲ ਰਿਸ਼ੀ ਅਤੇ ਸੁਨੀਤਾ ਧੀਰ ਥੇਟਰ ਨੇ ਪੰਜਾਬੀ ਫਿਲਮਾ ਵਿੱਚ ਨਾਮ ਕਮਾਇਆ ਹੈ। ਹਰਪਾਲ ਟਿਵਾਣਾ ਤੋਂ ਬਾਅਦ ਪਟਿਆਲਾ ਵਿੱਚ ਨਾਟਕ ਖੇਡਣ ਦੀ ਪ੍ਰਵਿਰਤੀ ਨੂੰ ਲਗਾਤਾਰ ਚਾਲੂ ਰੱਖਣ ਵਿੱਚ ਪਰਮਿੰਦਰ ਪਾਲ ਕੌਰ ਦਾ ਯੋਗਦਾਨ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਹੋਰ ਵੀ ਬਹੁਤ ਸਾਰੇ ਨਵੇਂ ਉਭਰ ਰਹੇ ਨਾਟਕਕਾਰ ਵਧੀਆ ਕਾਰਜ ਕਰ ਰਹੇ ਹਨ। ਪਰਮਿੰਦਰ ਪਾਲ ਕੌਰ ਨੇ ਫਿਲਮਾ ਵਿੱਚ ਵੀ ਅਦਾਕਾਰੀ ਕੀਤੀ ਹੈ ਪ੍ਰੰਤੂ ਪਿਛਲੇ 40 ਸਾਲ ਤੋਂ ਪਟਿਆਲਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਲਗਾਤਾਰ ਨਾਟਕ ਦੀ ਪਰੰਪਰਾ ਨੂੰ ਬਰਕਰਾਰ ਰੱਖ ਰਹੇ ਹਨ। ਪਰਮਿੰਦਰ ਪਾਲ ਕੌਰ ਡਾਇਰੈਕਟਰ ਕਲਾਕ੍ਰਿਤੀ ਪਟਿਆਲਾ ਵਿਖੇ ਲੰਬੇ ਸਮੇਂ ਤੋਂ ਹਰ ਸਾਲ ‘ਨੈਸ਼ਨਲ ਥੇਟਰ ਫੈਸਟੀਵਲ’ ਕਰਵਾਉਂਦੇ ਆ ਰਹੇ ਹਨ। ਕਲਾਕ੍ਰਿਤੀ ਸੰਸਥਾ ਦੇ ਉਦਮ ਸਦਕਾ ਇਸ ਸਾਲ ਵੀ 7 ਨਵੰਬਰ ਤੋਂ 13 ਨਵੰਬਰ ਤੱਕ ‘ਸਰਬਤ ਦਾ ਭਲਾ ਟਰੱਸਟ’ ਅਤੇ ‘ਨਾਰਥ ਜੋਨ ਕਲਚਰ ਸੈਂਟਰ ਪਟਿਆਲਾ’ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਸੱਤ ਰੋਜ਼ਾ ‘ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਨੈਸ਼ਨਲ ਥੀਏਟਰ ਫ਼ੈਸਟੀਵਲ’ ਆਯੋਜਤ ਕੀਤਾ ਗਿਆ। ਇਸ ਥੇਟਰ ਫ਼ੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 125 ਕਲਾਕਾਰਾਂ ਨੇ ਨਾਟਕਾਂ ਵਿੱਚ ਹਿੱਸਾ ਲਿਆ ਅਤੇ ਬਿਹਤਰੀਨ ਅਦਾਕਾਰੀ ਦੇ ਰੰਗ ਖਿਲਾਰੇ। ਇਸ ਫੈਸਟੀਵਲ ਵਿੱਚ ਸੱਤ ਨਾਟਕ ਰੱਬ ਦੀ ਬੁਕਲ, ਬੁੱਢਾ ਮਰ ਗਿਆ, ਇੱਕ ਰਾਗ ਦੋ ਸਵਰ, ਕੋਸ਼ਿਸ਼, ਪੁਕਾਰ, ਮਹਾਂਰਥੀ ਅਤੇ ਟੈਕਸ ਫ੍ਰੀ ਅਤੇ ਦੋ ਨ੍ਰਿਤ ਇੱਕ ਅਰਸ਼ਦੀਪ ਕੌਰ ਭੱਟੀ ਦਾ ਕਥਕ ਡਾਂਸ ਅਤੇ ਦੂਜਾ ਪੱਛਵੀਂ ਬੰਗਾਲ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਆਪੋ ਆਪਣੇ ਰਾਜ ਦੇ ਸਭਿਅਚਾਰ ਦੀਆਂ ਰੰਗ ਬਰੰਗੀਆਂ ਵੰਨਗੀਆਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦਿਆਂ ਬਾ ਕਮਾਲ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਨਾਟਕਾਂ ਦੇ ਕਲਾਕਾਰਾਂ ਦੀ ਅਦਾਕਾਰੀ ਦੀਆਂ ਕਲਾਤਮਿਕ ਛੋਹਾਂ ਦੀ ਮਹਿਕ ਨਾਲ ਪਟਿਆਲਵੀ ਅਸ਼ ਅਸ਼ ਕਰ ਉਠੇ। ਕਲਾਕਾਰਾਂ ਦੀ ਕਲਾ ਦੀ ਖ਼ੁਸਬੂ ਨੇ ਪਟਿਆਲਾ ਦਾ ਵਾਤਵਰਨ ਮਹਿਕਣ ਲਾ ਦਿੱਤਾ। ਇਸ ਫ਼ੈਸਟੀਵਲ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਨੈਸ਼ਨਲ ਅਵਾਰਡੀ ਅਰਸ਼ਦੀਪ ਕੌਰ ਭੱਟੀ ਡਾਂਸਨਰ ਨੇ ਕਥਕ ਡਾਂਸ ਦੀ ਬਾਕਮਾਲ ਪੇਸ਼ਕਾਰੀ ਕੀਤੀ, ਜਿਸਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਸਮਾਪਤੀ ਸਮਾਰੋਹ ਵਿੱਚ ਸਫਿਨਿਕਸ ਡਾਂਸ ਕ੍ਰਿੀਏਸ਼ਨ ਗਰੁਪ ਕਲਕੱਤਾ ਨੇ ਅਰੁਨਵ ਬਰਮਨ ਦੀ ਨਿਰਦੇਸ਼ਨਾ ਹੇਠ ‘ਤੇਜਾ ਤੁਰੀਆ’ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਇਸ ਡਾਂਸ ਦੀ ਪੇਸ਼ਕਾਰੀ ਮਹਾਂਭਾਰਤ ਦੀਆਂ ਇਸਤਰੀਆਂ ਗੰਧਾਰੀ, ਸਿਖੰਡੀ, ਦਰੋਪਦੀ, ਹਿਡਿੰਬਾ ਅਤੇ ਚਿਤਰਾਂਗਦਾ ਵਰਗੀਆਂ ਇਸਤਰੀ ਪਾਤਰਾਂ ਦੇ ਰੂਪ ਵਿੱਚ ਸਾਸਵਤਾ ਇਸ਼ਾਨੀ, ਸੁਭਾਰਸੀ, ਸ੍ਰੀਲੇਖਾ ਅਤੇ ਇੰਦਰਜੀਤ ਨੇ ਨਿਭਾਈ, ਜਿਸਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਆਪਣੀ ਪ੍ਰਤਿਭਾ ਦੇ ਰੰਗ ਬਖੇਰਦਿਆਂ ਦਰਸ਼ਕਾਂ ਨੂੰ ਮੋਹ ਲਿਆ।
ਪ੍ਰਸਿੱਧ ਕਹਾਣੀਕਾਰ ਵੀਨਾ ਵਰਮਾ ਦੀ ਕਹਾਣੀ ‘ਰੱਬ ਦੀ ਰਜਾਈ’ ‘ਤੇ ਅਧਾਰਤ ਵਿਨੋਦ ਕੌਸ਼ਲ ਦਾ ਨਿਰਦੇਸ਼ਤ ਕੀਤਾ ਨਾਟਕ ਆਰਟੀਫੈਕਟ ਗਰੁੱਪ ਨੇ ਖੇਡਿਆ। ਇਸ ਸੋਲੋ ਨਾਟਕ ਵਿੱਚ ਕਲਾਕ੍ਰਿਤੀ ਦੀ ਡਾਇਰੈਕਟਰ ਪ੍ਰਮਿੰਦਰ ਪਾਲ ਕੌਰ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨਾਟਕ ਵਿੱਚ ਇੱਕ ਔਰਤ ਨੂੰ ਉਸਦਾ ਪਤੀ ਛੱਡਕੇ ਪਰਵਾਸ ਵਿੱਚ ਚਲਾ ਜਾਂਦਾ ਹੈ। ਇਸ ਤ੍ਰਾਸਦੀ ਵਿੱਚ ਉਸ ਔਰਤ ਦਾ ਰੋਲ ਪਰਮਿੰਦਰ ਪਾਲ ਕੌਰ ਨੇ ਕੀਤਾ, ਪਰਮਿੰਦਰ ਪਾਲ ਕੌਰ ਦੀ ਭਾਵਕਤਾ ਵਾਲੀ ਅਦਾਕਾਰੀ ਨੇ ਪੰਜਾਬ ਦੀਆਂ ਉਨ੍ਹਾਂ ਔਰਤਾਂ ਦੀ ਦ੍ਰਿਸ਼ਟਾਂਤਿਕ ਰੂਪ ਵਿੱਚ ਤਸਵੀਰ ਖਿਚ ਕੇ ਰੱਖ ਦਿੱਤੀ, ਜਿਹੜੀਆਂ ਪਤੀਆਂ ਦੇ ਪਰਵਾਸ ਵਿੱਚ ਜਾਣ ਤੋਂ ਬਾਅਦ ਜ਼ਿੰਦਗੀ ਜਿਓਣ ਲਈ ਜਦੋਜਹਿਦ ਕਰਦੀਆਂ ਬੱਚਿਆਂ ਨੂੰ ਪਾਲਦੀਆਂ ਹਨ। ਇਹ ਸੰਤਾਪ ਪੰਜਾਬ ਵਿੱਚ ਭਾਰੂ ਪੈ ਰਿਹਾ ਹੈ। ਦਰਸ਼ਕ ਪਿੰਨ ਡਰਾਪ ਸਾਈਲੈਂਸ ਨਾਲ ਪਰਮਿੰਦਰ ਪਾਲ ਕੌਰ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਰਹੇ। ‘ਮੰਚ ਆਪ ਸਭ ਕਾ’ ਨਵੀਂ ਦਿੱਲੀ ਵੱਲੋਂ ‘ਬੁੱਢਾ ਮਰ ਗਿਆ’ ਕਾਮੇਡੀ ਪਲੇਅ ਖੇਡਿਆ ਗਿਆ, ਜਿਸ ਵਿੱਚ ਇੱਕ ਬਾਗ ਦੇ ਮਾਲਕ ਛਕੋਰੀ ਨੇ ਮਰਨ ਤੋਂ ਬਾਅਦ ਵੀ ਆਪਣੇ ਬਾਗ ਦਾ ਮੋਹ ਨਹੀਂ ਛੱਡਿਆ 30 ਸਾਲ ਭੂਤ ਬਣਕੇ ਬਾਗ ਦੇ ਦਰੱਖਤਾਂ ‘ਤੇ ਘੁੰਮਦਾ ਰਿਹਾ। ਇੱਕ ਬੁੱਢਾ ਆਦਮੀ ਬਾਗ ਦੀ ਰਾਖੀ ਕਰਦਾ ਹੈ, ਉਸਦਾ ਪੋਤਾ ਤੇ ਆਪਣੀ ਪਤਨੀ ਨਾਲ ਉਸ ਕੋਲ ਰਹਿੰਦੇ ਹਨ, ਉਹ ਦੋਵੇਂ ਦਾਦਾ ਨੂੰ ਲੰਬੇ ਸਮੇਂ ਤੱਕ ਜਿੰਦਾ ਰੱਖਣ ਲਈ ਰਣਨੀਤੀ ਬਣਾਉਂਦੇ ਹਨ ਤਾਂ ਜੋ ਬਾਗ ਦਾ ਖੇਤ ਉਨ੍ਹਾਂ ਕੋਲ ਰਹੇ। ਇਸ ਨਾਟਕ ਦੇ ਨਿਰਦੇਸ਼ਕ ਦਿਨੇਸ਼ ਅਹਲਾਵਤ ਅਤੇ ਲੇਖਕ ਮਨੋਜ ਮਿੱਤਰਾ ਹਨ। ਅਦਾਕਾਰਾਂ ਦੀ ਕਲਾਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ। ਇਹ ਨਾਟਕ ਮਾਨਵਤਾ ਦੀ ਲਾਲਚੀ ਪ੍ਰਵਿਰਤੀ ਦਾ ਪ੍ਰਗਟਾਵਾ ਕਰਦਾ ਹੈ। ‘ਏਕ ਰਾਗ ਦੋ ਸਵਰ’ ਦੇਸ ਰਾਜ ਮੀਨਾਂ ਦੀ ਨਿਰਦੇਸ਼ਨਾ ਵਿੱਚ ਖੇਡਿਆ ਗਿਆ। ਇਸ ਨਾਟਕ ਵਿੱਚ ਇੱਕ ਪਤੀ ਪਤਨਂੀ ਘਰੇਲੂ ਜ਼ਿੰਦਗੀ ਵਿੱਚ ਕਲੇਸ਼ ਰੱਖਦੇ ਸਨ। ਉਨ੍ਹਾਂ ਨੂੰ ਸਿੱਧੇ ਰਸਤੇ ‘ਤੇ ਪਾਉਣ ਲਈ ਇੱਕ ਦੋਸਤ ਦੀ ਤਰਕੀਬ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਈ, ਜਿਸ ਕਰਕੇ ਉਸ ਪਰਿਵਾਰ ਦਾ ਭਵਿਖ ਸ਼ਾਂਤਮਈ ‘ਤੇ ਸੁਨਹਿਰਾ ਹੋ ਗਿਆ। ਪਤੀ ਤੇ ਪਤਨੀ ਇਕ ਕਾਰ ਦੇ ਦੋ ਪਹੀਏ ਹੁੰਦੇ ਹਨ, ਜੇਕਰ ਇੱਕ ਖ਼ਰਾਬ ਹੋ ਜਾਵੇ ਤਾਂ ਪਰਿਵਰਿਕ ਕਾਰ ਚਲਦੀ ਨਹੀਂ ਰਹਿ ਸਕਦੀ। ਇਹ ਨਾਟਕ ਪਤੀ ਪਤਨਂੀ ਨੂੰ ਪਿਆਰ ਨਾਲ ਰਹਿਣ ਦੀ ਪ੍ਰੇਰਨਾ ਦੇ ਗਿਆ। ਇਸ ਪਰਿਵਾਰਿਕ ਨਾਟਕ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆਂ। ‘ਕੋਸ਼ਿਸ਼’ ਨਾਟਕ ਸੰਦੀਪ ਮੋਰੇ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਨਾਟਕ ਰਾਹੀਂ ਜ਼ਿੰਦਗੀ ਵਿੱਚ ਰੋਜ਼ਾਨਾਂ ਦੀ ਨੱਠ ਭੱਜ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਵਿੱਚ ਅਦਾਕਾਰਾਂ ਦੀ ਕਲਾਕਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਦੀ ਸਫ਼ਲਤਾ ਲਈ ਕੋਸ਼ਿਸ਼ ਹੀ ਇੱਕੋ ਇੱਕ ਰਾਹ ਹੈ। ਸੰਦੀਪ ਮੋਰੇ, ਨਦੀਤਾ ਬਸਨੀਕ ਅਤੇ ਨਿਸ਼ਾ ਖ਼ੁਰਾਨਾ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਬਲਾਤਕਾਰ ਪੀੜਤਾਂ ਦੀ ਜ਼ਿੰਦਗੀ ਬਾਰੇ ਡਾ. ਵਿਕਾਸ ਕਪੂਰ ਦੀ ਨਿਰਦੇਸ਼ਨਾ ਹੇਠ ਦਿਲ ਨੂੰ ਛੂਹਣ ਵਾਲਾ ‘ਪੁਕਾਰ’ ਨਾਟਕ ਖੇਡਿਆ ਗਿਆ। ਇਹ ਨਾਟਕ ਬਹੁਤ ਹੀ ਸੰਵੇਦਨਸ਼ੀਲ ਹੋਣ ਕਰਕੇ ਦਰਸ਼ਕਾਂ ਨੂੰ ਭਾਵਕ ਕਰ ਗਿਆ। ਨਾਟਕ ਦੀ ਪੇਸ਼ਕਾਰੀ ਇਤਨੀ ਬਾਕਮਾਲ ਸੀ ਕਿ ਦਰਸ਼ਕ ਪੂਰਾ ਸਮਾਂ ਇੱਕਚਿਤ ਹੋ ਕੇ ਨਾਟਕ ਵੇਖਦੇ ਰਹੇ ਤੇ ਕੋਈ ਦਰਸ਼ਕ ਆਪਣੀ ਸੀਟ ਤੋਂ ਹਿਲਿਆ ਨਹੀਂ। ਨਾਟਕ ਨੇ ਦਰਸ਼ਕਾਂ ‘ਤੇ ਇਹ ਪ੍ਰਭਾਵ ਦਿੱਤਾ ਕਿ ਸਮਾਜ ਬਲਾਤਕਾਰ ਪੀੜਤਾਂ ਨੂੰ ਕਟਹਿਰੇ ਵਿੱਚ ਕਿਉਂ ਖੜ੍ਹਾ ਕਰਦਾ ਹੈ ਤੇ ਮਰਦ ਹੈਵਾਨੀਅਤ ਵਾਲਾ ਵਿਵਹਾਰ ਕਿਉਂ ਕਰਦੇ ਹਨ? ਡਾ.ਨੀਤੂ ਪਰਿਹਾਰ, ਅਸ਼ਿਮ ਸ੍ਰੀਮਾਲੀ, ਨੇਹਾ ਮਹਿਤਾ, ਅੰਤਿਮਾ ਵਿਆਸ, ਖ਼ੁਸ਼ੀ ਵਿਆਸ, ਇਸ਼ਿਤਾ ਧਾਰੀਵਾਲ, ਪਵਨ ਪਰਿਹਾਰ, ਭਰਤ ਮੇਵਾੜਾ, ਗੌਰਵ ਅਤੇ ਇੰਦਰਜੀਤ ਸਿੰਘ ਗੌੜ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਨੈਸ਼ਨਲ ਥੇਟਰ ਫੈਸਟੀਵਲ ਦੇ ਛੇਵੇਂ ਦਿਨ ਅਭਿਸ਼ੇਕ ਮੋਦਗਿਲ ਦੁਆਰਾ ਨਿਰਦੇਸ਼ਤ ਕੀਤਾ ਨਾਟਕ ‘ਮਹਾਂਰਥੀ’ ਖੇਡਿਆ ਗਿਆ। ਇਹ ਨਾਟਕ ਮਹਾਂ ਭਾਰਤ ਦੀ ਵਿਥਿਆ ‘ਤੇ ਅਧਾਰਤ ਹੈ। ਇਸ ਨਾਟਕ ਨੇ ਵੀ ਦਰਸ਼ਕਾਂ ਦ ਮਨ ਮੋਹ ਲਏ। ਦਿਵਿਆਂਸ਼ ਸ਼ਿਵਨਾਨੀ, ਦੇਵੇਂਦਰ ਸਵਾਮੀ, ਸਧਾਂਸ਼ੂ ਸ਼ੁਕਲਾ, ਵਿਵੇਕ ਜਾਖੜ, ਰਿਤਿਕਾ, ਯਸ਼ਵਿਨੀ, ਰੋਸ਼ਿਕ, ਨਿਸ਼ਾਂਤ, ਮੋਹਿਤ ਤੇ ਸ਼ਵੇਤਾ ਚੌਲਾਗਾਈ ਨੇ ਸ਼ਾਨਦਾਰ ਅਦਾਕਾਰੀ ਕਰਕੇ ਦਰਸ਼ਕਾਂ ਵੀ ਵਾਹਵਾ ਖੱਟੀ। ਡਰਾਮਾਟਰਜੀ ਆਰਟਸ ਐਂਡ ਕਲਚਰ ਸੋਸਾਇਟੀ ਦਿੱਲੀ ਦੇ ਕਲਾਕਾਰਾਂ ਵੱਲੋਂ ‘ਟੈਕਸ ਫ੍ਰੀ’ ਨਾਟਕ ਪੇਸ਼ ਕੀਤਾ ਗਿਆ, ਜਿਸਦੀ ਨਿਰਦੇਸ਼ਨਾ ਸੁਨੀਲ ਚੌਹਾਨ ਨੇ ਕੀਤੀ। ਇਹ ਨਾਟਕ ਚਾਰ ਅੰਨ੍ਹੇ ਨੌਜਵਾਨਾਂ ਦੀ ਜ਼ਿੰਦਗੀ ਦੀ ਜਦੋਜਹਿਦ ‘ਤੇ ਅਧਾਰਤ ਸੀ, ਜਿਸ ਰਾਹੀਂ ਦਰਸਾਇਆ ਗਿਆ ਕਿ ਜ਼ਿੰਦਗੀ ਨੂੰ ਖੁਲ੍ਹ ਕੇ ਜੀਣਾ ਹੀ ਅਸਲ ਜ਼ਿੰਦਗੀ ਹੈ। ਇਸ ਨਾਟਕ ਤੋਂ ਪ੍ਰੇਰਨਾ ਮਿਲਦੀ ਹੈ ਕਿ ਜਦੋਂ ਅੰਨ੍ਹੇ ਵਿਅਕਤੀ ਬਾਖ਼ੂਬੀ ਜ਼ਿੰਦਗੀ ਜੀਅ ਸਕਦੇ ਹਨ ਤਾਂ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਨੂੰ ਹਰ ਔਖਿਆਈ ਦਾ ਮੁਕਾਬਲਾ ਕਰਦਿਆਂ ਜਿਉਣਾ ਚਾਹੀਦਾ। ਅਕਰਮ ਖ਼ਾਨ, ਕੁਸ਼ਲ ਦੇਵਗਨ, ਸੁਜਲ ਕੁਮਾਰ, ਪ੍ਰਦੀਪ ਕੁਮਾਰ ਅਤੇ ਰਾਘਵ ਸ਼ੁਕਲਾ ਨੇ ਅੰਨ੍ਹੇ ਕਲਾਕਾਰਾਂ ਦੀ ਭੂਮਿਕਾ ਖ਼ੂਬਸੂਰਤੀ ਨਾਲ ਨਿਭਾਈ। ਐਸ.ਪੀ.ਸਿੰਘ ਓਬਰਾਏ ਮੈਨੇਜਿੰਗ ਡਾਇਰੈਕਟਰ ਸਰਬੱਤ ਦਾ ਭਲਾ ਟਰੱਸਟ, ਗੁਰਜੀਤ ਸਿੰਘ ਓਬਰਾਏ, ਜੱਸਾ ਸਿੰਘ ਸੰਧੂ, ਡਾ.ਰਾਜ ਬਹਾਦਰ, ਜਸਟਿਸ ਐਮ.ਐਮ.ਐਸ.ਬੇਦੀ, ਡਾ.ਧਰਮਵੀਰ ਗਾਂਧੀ, ਮਨਜੀਤ ਸਿੰਘ ਨਾਰੰਗ, ਅਵਤਾਰ ਸਿੰਘ ਅਰੋੜਾ, ਪਰਮਿੰਦਰਪਾਲ ਕੌਰ, ਸੁਨੀਤਾ ਧੀਰ, ਡਾ.ਮਨਮੋਹਨ ਸਿੰਘ ਕਾਰਡੀਆਲੋਜਿਸਟ, ਡਾ.ਸਰਬਜਿੰਦਰ ਸਿੰਘ, ਰਾਵਿੰਦਰ ਸ਼ਰਮਾ, ਭੁਪਿੰਦਰ ਸਿੰਘ ਸੋਫ਼ਤ, ਦੀਪਕ ਕੰਪਾਨਂੀ ਤੇ ਅਕਸ਼ਯ ਗੋਪਾਲ, ਮਨਦੀਪ ਸਿੰਘ ਸਿੱਧੂ ਡੀ.ਆਈ.ਜੀ , ਪਦਮ ਸ਼੍ਰੀ ਪਰਾਣ ਸਭਰਵਾਲ ਅਤੇ ਡਾ.ਸਵਰਾਜ ਸਿੰਘ ਨੇ ਕਲਾਕਾਰਾਂ ਦੀ ਅਦਾਕਾਰੀ ਦਾ ਆਨੰਦ ਮਾਣਿਆਂ। ਮੰਜੂ ਮਿੱਢਾ ਅਰੋੜਾ ਨੇ ਸਾਰੇ ਸਮਾਗਮਾਂ ਦੀ ਬਾਕਮਾਲ ਐਂਕਰਿੰਗ ਕੀਤੀ। ਇਸ ਨੈਸ਼ਨਲ ਥੇਟਰ ਫ਼ੈਸਵੀਵਲ ਦੀ ਸਫ਼ਲਤਾ ਦਾ ਸਿਹਰਾ ਪ੍ਰਮਿੰਦਰ ਪਾਲ ਕੌਰ ਅਤੇ ਉਸਦੀ ਕਲਾਕ੍ਰਿਤੀ ਦੀ ਟੀਮ ਅਤੇ ਜੱਸਾ ਸਿੰਘ ਸੰਧੂ ਤੇ ਉਸਦੀ ਸਰਬੱਤ ਦਾ ਭਲਾ ਦੀ ਟੀਮ ਨੂੰ ਜਾਂਦਾ ਹੈ।
ਖਚਾ ਖਚ ਭਰੇ ਨਾਰਥ ਜੋਨ ਕਲਚਰ ਸੈਂਟਰ ਦੇ ਕਾਲੀਦਾਸ ਆਡੋਟੋਰੀਅਮ ਵਿੱਚ ਪਟਿਆਲਵੀਆਂ ਨੇ ਇੱਕ ਹਫ਼ਤਾ ਨਾਟਕਾਂ ਦਾ ਖ਼ੂਬ ਆਨੰਦ ਮਾਣਿਆਂ ਅਤੇ ਦਰਸ਼ਕਾਂ ਦੀ ਸ਼ਾਬਾਸ਼ ਨੇ ਅਦਾਕਾਰਾਂ ਦਾ ਉਤਸ਼ਾਹ ਵਧਾਇਆ। ਇਹ ਨੈਸ਼ਨਲ ਥੇਟਰ ਫ਼ੈਸਟੀਵਲ ਪਟਿਆਲਵੀਆਂ ਦੀਆਂ ਯਾਦਾਂ ਦਾ ਸਰਮਾਇਆ ਬਣ ਗਿਆ। 2025 ਦੇ ਨੈਸ਼ਨਲ ਥੇਟਰ ਫੈਸਟੀਵਲ ਦੀ ਉਮੀਦ ਨਾਲ ਇਹ ਫੈਸਟੀਵਲ ਸਮਾਪਤ ਹੋਇਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.