ਹਾਦਸਿਆਂ ਤੋਂ ਬਚਾਅ ਲਈ ਏ.ਡੀ.ਜੀ.ਪੀ. ਫਾਰੂਕੀ ਵੱਲੋਂ ਲੋਕਾਂ ਨੂੰ ਰਾਤ ਸਮੇਂ ਧੁੰਦ ’ਚ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ
- ਬਹੁਤ ਜ਼ਰੂਰੀ ਹੋਣ ’ਤੇ ਹੀ ਰਾਤ ਸਮੇਂ ਵਾਹਨ ਚਲਾਉਣ ਲਈ ਕਿਹਾ, ਪੂਰੀ ਸਾਵਧਾਨੀ ਵਰਤਣ ’ਤੇ ਦਿੱਤਾ ਜ਼ੋਰ
ਜਲੰਧਰ, 8 ਜਨਵਰੀ 2025: ਸਰਦੀ ਦੇ ਮੌਸਮ ਵਿੱਚ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਅਜਾਈਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਏ.ਡੀ.ਜੀ.ਪੀ. ਪੀ.ਏ.ਪੀ. ਐਮ.ਐਫ. ਫਾਰੂਕੀ ਨੇ ਸੂਬੇ ਦੇ ਲੋਕਾਂ ਨੂੰ ਰਾਤ ਦੇ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਧੁੰਦ ਕਿਸੇ ਵੇਲੇ ਖਤਰਨਾਕ ਸਾਬਿਤ ਹੋ ਸਕਦੀ ਹੈ। ਰਾਤ ਵੇਲੇ ਧੁੰਦ ਦਾ ਪ੍ਰਭਾਵ ਵਧਣ ਕਾਰਨ ਵਿਜ਼ੀਬਿਲਟੀ ਘਟ ਜਾਣ ਕਰਕੇ ਹਾਦਸਿਆਂ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਰਾਤ ਸਮੇਂ ਸਫ਼ਰ ਕੀਤਾ ਜਾਵੇ।
ਰਾਤ ਸਮੇਂ ਵਾਹਨ ਚਲਾਉਂਦਿਆਂ ਪੂਰੀ ਸਾਵਧਾਨੀ ਵਰਤਣ ’ਤੇ ਜ਼ੋਰ ਦਿੰਦਿਆਂ ਏ.ਡੀ.ਜੀ.ਪੀ. ਨੇ ਕਿਹਾ ਕਿ ਹਾਰਨ ਦੀ ਯੋਗ ਵਰਤੋਂ ਕੀਤੀ ਜਾਵੇ ਅਤੇ ਸੜਕ ’ਤੇ ਵਾਹਨ ਖ਼ਰਾਬ ਹੋਣ ਦੀ ਸੂਰਤ ਵਿੱਚ ਸੜਕ ਸੁਰੱਖਿਆ ਫੋਰਸ ਦੀ ਮਦਦ ਲਈ ਜਾਵੇ ਤਾਂ ਜੋ ਖ਼ਰਾਬ ਵਾਹਨ ਦੀ ਬੈਰੀਕੇਟਿੰਗ ਆਦਿ ਕੀਤੀ ਜਾ ਸਕੇ ਕਿਉਂਕਿ ਧੁੰਦ ਦੌਰਾਨ ਸੜਕ ’ਤੇ ਖ਼ਰਾਬ ਹਾਲਤ ਵਿੱਚ ਖੜ੍ਹੇ ਵਾਹਨਾਂ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।
ਬੱਸ ਅਤੇ ਹੋਰ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕਰਦਿਆਂ ਸ਼੍ਰੀ ਫਾਰੂਕੀ ਨੇ ਕਿਹਾ ਕਿ ਰਾਤ ਸਮੇਂ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਦੇ ਨਾਲ-ਨਾਲ ਲਾਈਟਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਅੱਗੇ ਪਿੱਛੇ ਆਉਣ ਵਾਲੀਆਂ ਗੱਡੀਆਂ ਨੂੰ ਸੜਕ ’ਤੇ ਚੱਲਦੇ ਵਾਹਨ ਦਾ ਪਤਾ ਲੱਗ ਸਕੇ।
ਏ.ਡੀ.ਜੀ.ਪੀ. ਨੇ ਕਿਹਾ ਕਿ ਥੋੜੀ ਜਿਹੀ ਸਾਵਧਾਨੀ ਨਾਲ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ ਅਤੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਆਪਣੀ, ਆਪਣੇ ਪਰਿਵਾਰ ਅਤੇ ਹੋਰਨਾਂ ਦੀ ਸੁਰੱਖਿਆ ਲਈ ਪੂਰੀ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਅਪੀਲ ਕੀਤੀ।