ਘਰ ਅੰਦਰ ਵੜ ਕੇ ਸਕੂਟਰੀ ਚੋਰੀ ਕਰਨ ਵਾਲਾ ਸਕੂਟਰੀ ਸਮੇਤ ਆਇਆ ਕਾਬੂ
ਦੀਪਕ ਜੈਨ
ਜਗਰਾਉਂ, 8 ਜਨਵਰੀ 2025 - ਥਾਣਾ ਸਿਟੀ ਜਗਰਾਉਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਸਕੂਟਰੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਵਾਲੀ ਗਲੀ ਦੇ ਅੰਦਰ ਇੱਕ ਸ਼ਾਤਰ ਚੋਰ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਅੱਖ ਝਪਕਦਿਆਂ ਹੀ ਸਕੂਟਰੀ ਚੋਰੀ ਕਰ ਲਿਤੀ ਗਈ ਸੀ ਅਤੇ ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਵਾਇਰਲ ਹੋਈ। ਜਿਸ ਕਾਰਨ ਚੋਰ ਨੂੰ ਕਾਬੂ ਕਰਨਾ ਪੁਲਿਸ ਲਈ ਵਕਾਰ ਦਾ ਸਵਾਲ ਬਣ ਗਿਆ ਸੀ। ਥਾਣਾ ਸਿਟੀ ਜਗਰਾਉਂ ਵੱਲੋਂ ਪੂਰੀ ਮੁਸਤੈਦੀ ਨਾਲ ਚੋਰ ਦੀ ਭਾਲ ਕੀਤੀ ਗਈ ਅਤੇ ਉਸ ਨੂੰ ਸਕੂਟਰੀ ਸਮੇਤ ਕਾਬੂ ਕਰ ਲਿੱਤਾ ਗਿਆ ਹੈ।
ਥਾਣਾ ਸਿਟੀ ਜਗਰਾਉਂ ਦੇ ਮੁਖੀ ਅਮਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਤਹਿਸੀਲ ਰੋਡ ਸਾਹਮਣੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਵਾਲੀ ਗਲੀ ਵੱਲੋਂ ਆਪਣੀ ਐਕਟਵਾ ਸਕੂਟਰੀ ਨੰਬਰ ਪੀ ਵੀ 10 ਈ ਕਊ 5329 ਰੰਗ ਚਿੱਟਾ ਜਿਸ ਨੂੰ ਉਸ ਨੇ ਆਪਣੇ ਘਰ ਚਾਰ ਜਨਵਰੀ ਦੀ ਸ਼ਾਮ ਨੂੰ ਵੇਹੜੇ ਵਿੱਚ ਖੜੀ ਕੀਤਾ ਸੀ ਅਤੇ ਜਦੋਂ ਉਹ ਕਮਰੇ ਵਿੱਚ ਚਲਾ ਗਿਆ ਅਤੇ ਕੋਈ ਸ਼ਾਤਰ ਚੋਰ ਘਰ ਅੰਦਰ ਦਾਖਲ ਹੋ ਕੇ ਉਸ ਦੀ ਸਕੂਟਰੀ ਚੋਰੀ ਕਰਕੇ ਲੈ ਗਿਆ ਸੀ। ਜਦੋਂ ਗੁਰਪ੍ਰੀਤ ਸਿੰਘ ਇੱਕ ਘੰਟੇ ਬਾਅਦ ਆਪਣੇ ਕਮਰੇ ਤੋਂ ਬਾਹਰ ਵਿਹੜੇ ਵਿੱਚ ਆਇਆ ਤਾਂ ਉਸ ਨੂੰ ਸਕੂਟਰੀ ਚੋਰੀ ਹੋਣ ਦਾ ਪਤਾ ਲੱਗਿਆ ਉਸ ਨੇ ਆਪਣੇ ਘਰ ਵਿੱਚ ਲੱਗੇ ਸੀਸੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਸਕੂਟਰੀ ਕੋਈ ਨੌਜਵਾਨ ਚੋਰੀ ਕਰਕੇ ਲੈ ਜਾ ਰਿਹਾ ਸੀ।
ਜਿਸ ਨੇ ਉਸ ਸੀ ਸੀ ਟੀਵੀ ਫੁਟੇਜ ਨੂੰ ਆਪਣੇ ਦੋਸਤਾਂ ਕੋਲ ਭੇਜਿਆ। ਜਿਸ ਤੇ ਇਹ ਸੀਸੀਟੀਵੀ ਫੁਟੇਜ ਇਲਾਕੇ ਵਿੱਚ ਬਹੁਤ ਵਾਇਰਲ ਹੋ ਗਈ ਸੀ। ਪੁਲਿਸ ਵੱਲੋਂ ਪੜਤਾਲ ਕਰਨ ਤੇ ਅਤੇ ਸੀਸੀ ਟੀਵੀ ਫੁਟੇਜ ਚੈੱਕ ਕਰਨ ਮਗਰੋਂ ਚੋਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਤਾ ਲਗਾਇਆ ਗਿਆ ਕਿ ਇਹ ਚੋਰੀ ਸਰਬਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪੱਤੀ ਨੰਗਲ ਪਿੰਡ ਕੋਕਰੀ ਕਲਾਂ ਜਿਲਾ ਮੋਗਾ ਵੱਲੋਂ ਕੀਤੀ ਗਈ। ਥਾਣਾ ਸਿਟੀ ਜਗਰਾਉਂ ਦੇ ਏਐਸਆਈ ਅਨਵਰ ਮਸੀਹ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਕਤ ਸਕੂਟਰੀ ਚੋਰੀ ਕਰਨ ਵਾਲੇ ਦੋਸ਼ੀ ਸਰਬਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਥਾਣਾ ਅਜੀਤਵਾਲ ਜਿਲਾ ਮੋਗਾ ਅਤੇ ਥਾਣਾ ਸਿਟੀ ਬਰਨਾਲਾ ਅਤੇ ਥਾਣਾ ਧਨੋਲਾ ਜ਼ਿਲ੍ਹਾ ਬਰਨਾਲਾ ਵਿਖੇ ਅਲੱਗ ਅਲੱਗ ਤਿੰਨ ਮੁਕਦਮੇ ਦਰਜ ਹਨ।