Babushahi Special- ਥਾਣੇਦਾਰੀ ਦਾ ਰੰਗ: ਜਾਣੋ ਕਿੰਜ ਪਈ ‘ਸ਼ੁਰਲੀ ਥਾਣੇਦਾਰ’ ਨਾਮੀ ਅੱਲ ?
ਅਸ਼ੋਕ ਵਰਮਾ
ਚੰਡੀਗੜ੍ਹ, 7 ਜਨਵਰੀ 2025: ਆਖਦੇ ਹਨ ਕਿ ਆਪਣੀ ਡਿਊਟੀ ਦੌਰਾਨ ਸ਼ੁਰਲੀਆਂ ਵਾਂਗ ਤੇਜੀ ਨਾਲ ਕੰਮ ਕਰਨ ਕਾਰਨ ਇੱਕ ਇੰਸਪੈਕਟਰ ਦਾਂ ‘ਨਾਮ’ ਸ਼ੁਰਲੀ ਥਾਣੇਦਾਰ ਕੀ ਪਿਆ ਲੋਕ ਉਸ ਦੇ ਅਸਲੀ ਨਾਲੋਂ ਇਸ ਨਾਮ ਨਾਲ ਜਿਆਦਾ ਜਾਨਣ ਲੱਗੇ ਸਨ। ਇਹ ਬਿਰਤਾਂਤ ਸੇਵਾਮੁਕਤ ਹੋਏ ਪੰਜਾਬ ਪੁਲਿਸ ਦੇ ਇੱਕ ਉਸ ਇੰਸਪੈਕਟਰ ਦਾ ਹੈ ਜਿਸ ਨੂੰ ਆਮ ਲੋਕਾਂ ਤੇ ਪੁਲਿਸ ਹਲਕਿਆਂ ’ਚ ‘ਸ਼ੁਰਲੀ ਥਾਣੇਦਾਰ’ ਵਜੋਂ ਜਾਣਿਆ ਜਾਂਦਾ ਸੀ। ਖਾਸ ਇਹ ਵੀ ਹੈ ਕਿ ਥਾਣੇਦਾਰ ਸਾਹਿਬ ਵੀ ਆਪਣੇ ‘ਤਖੱਲਸ’ ਤੇ ਡਾਢਾ ਮਾਣ ਕਰਦੇ ਸਨ। ਪੁਲਿਸ ਸਫਾਂ ਮੁਤਾਬਕ ਅੱਤਵਾਦ ਦੇ ਦਿਨਾਂ ਦੌਰਾਨ ਉਹ ਛਾਪਾ ਮਾਰਨ ਵੇਲੇ ਆਤਿਸ਼ਬਾਜੀ ਵਰਗੀ ਫੁਰਤੀ ਦਿਖਾਉਂਦਾ ਸੀ ਜਿਸ ਦੇ ਚੱਲਦਿਆਂ ਉਸ ਦੀ ਅੱਲ ‘ਸ਼ੁਰਲੀ ਥਾਣੇਦਾਰ ’ ਪੈ ਗਈ। ਦੱਸਦੇ ਹਨ ਕਿ ਜੇ ਸ਼ੁਰਲੀ ਥਾਣੇਦਾਰ ਆਪਣਾ ਅਸਲੀ ਨਾਂ ਲੈ ਕੇ ਆਪਣੀ ਪਛਾਣ ਕਰਵਾਉਂਦਾ ਤਾਂ ਕਈ ਵਾਰ ਉਸ ਦੇ ਨਾਲ ਕੰਮ ਕਰ ਚੁੱਕੇ ਮੁਲਾਜ਼ਮ ਵੀ ਉਸ ਨੂੰ ਪਛਾਣਨ ਲੱਗਿਆਂ ਦੇਰ ਕਰ ਦਿੰਦੇ ਸਨ।
ਜਦੋਂ ਉਹ ਆਪਣਾ ਆਪ ਨੂੰ ‘ਸ਼ੁਰਲੀ ਥਾਣੇਦਾਰ’ ਦੱਸਦੇ ਤਾਂ ਸਾਹਮਣੇ ਵਾਲਾ ਝੱਟ ਪਛਾਣ ਜਾਂਦਾ ਅਤੇ ਕਈ ਮੁਲਾਜਮ ਤਾਂ ਤੁਰੰਤ ਸਲੂਟ ਵੀ ਮਾਰਦੇ ਸਨ । ਇਕੱਲਾ ਇਹੋ ਹੀ ਨਹੀਂ ਬਲਕਿ ਬਦਲਵੇਂ ਕਹਿ ਲਓ ਜਾਂ ਫਿਰ ਉਨ੍ਹਾਂ ਦੇ ਸੁਭਾਅ ਜਾਂ ਕਾਰਕਰਦਗੀ ਕਾਰਨ ਨਾਂ ਦੀ ਅੱਲ ਪਾਉਣ ਵਿੱਚ ਪੁਲੀਸ ਮਹਿਕਮਾ ਹੋਰਨਾਂ ਮਹਿਕਮਿਆਂ ਤੋਂ ਕਾਫੀ ਅੱਗੇ ਹੈ। ਮਹੱਤਵਪੂਰਨ ਇਹ ਵੀ ਹੈ ਕਿ ਇਸ ਤਰਾਂ ਦੇ ਪੁੱਠੇ ਸਿੱਧੇ ਨਾਂ ਰੱਖਣ ਪਿੱਛੇੇ ਕੋਈ ਨਾਂ ਕੋਈ ਕਹਾਣੀ ਜਰੂਰ ਹੁੰਦੀ ਹੈ ਜੋਕਿ ਚੰਗੀ ਵੀ ਹੁੰਦੀ ਹੈ ਅਤੇ ਮਾੜੀ ਵੀ। ਬਠਿੰਡਾ ਜਿਲ੍ਹੇ ’ਚ ਤਾਇਨਾਤ ਇੱਕ ਕਾਫੀ ਸਖਤ ਮਿਜ਼ਾਜ ਥਾਣਾ ਇੰਚਾਰਜ ਆਪਣੀ ਬਾਂਹ ’ਚ ਕਈ ਕਈ ਕੜੇ ਪਾਕੇ ਰੱਖਦਾ ਸੀ ਜਿਸ ਕਰਕੇ ਉਸ ਦਾ ਨਾਮ ‘ਕੜਿਆਂ ਵਾਲਾ ਥਾਣੇਦਾਰ’ ਪੈ ਗਿਆ। ਇੱਕ ਹੋਰ ਥਾਣੇਦਾਰ ਬਾਰੇ ਸੁਣੋ ਜੋ ਅਪਰਾਧੀਆਂ ਦਾ ਖੜਕਾ ਦੜਕਾ ਕਰਨ ਦੀ ਥਾਂ ਸ਼ਰਮ ਦਿਵਾਉਣ ਲਈ ਆਪਣੀ ਜੀਪ ’ਚ ਰੱਖੀ ਘੱਗਰੀ ਪੁਆਕੇ ਨਚਾਉਣ ਕਾਰਨ ਘੱਗਰੀ ਵਾਲਾ ਦੇ ਨਾਮ ਨਾਲ ਮਸ਼ਹੂਰ ਸੀ।
ਏਦਾਂ ਹੀ ਇੱਕ ਥਾਣੇਦਾਰ ਨੂੰ ‘ਝੋਟੇ ਕੁੱਟ’ ਦੇ ਛੋਟੇ ਨਾਮ ਨਾਲ ਜਾਣਿਆ ਜਾਂਦਾ ਸੀ। ਬਠਿੰਡਾ ਸ਼ਹਿਰ ’ਚ ਹੁੱਲੜਬਾਜਾਂ ’ਚ ਇੱਕ ਪੁਲਿਸ ਇੰਸਪੈਕਟਰ ਦੀ ਮਸ਼ਹੂਰੀ ‘ਗੱਬਰ ਸਿੰਘ’ ਵਜੋਂ ਸੀ ਜਦੋਂਕਿ ਉਨ੍ਹਾਂ ਦਾ ਅਸਲੀ ਨਾਮ ਕੋਈ ਹੋਰ ਸੀ। ਪੰਜਾਬ ਪੁਲਿਸ ਵਿੱਚ ਬੈਲਟ ਦਾ ਨੰਬਰ 2 ਹੋਣ ਕਾਰਨ ਥਾਣੇਦਾਰ ਦੀ ‘ਦੁੱਕੀ’ ਨਾਂ ਨਾਲ ਅੱਲ ਪਈ ਸੀ। ਇਸੇ ਤਰਾਂ ਹੀ ਇੱਕ ਹੋਰ ਪੁਲਿਸ ਅਧਿਕਾਰੀ ‘ਕਾਪਾ’ ਵਜੋਂ ਜਾਣਾ ਜਾਂਦਾ ਸੀ। ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ਪੁਲਿਸ ਚੌਂਕੀ ’ਚ ਤਾਇਨਾਤ ਪੁਲਿਸ ਮੁਲਾਜਮ ਦਾ ਨਾਮ ‘ਦਾਣਾ ਸਿਪਾਹੀ’ ਸੀ ਜਿਸ ਦਾ ਅਸਲ ਨਾਂ ਬਹੁਤਿਆਂ ਨੂੰ ਪਤਾ ਨਹੀਂ ਸੀ। ਵੱਡੀ ਗੱਲ ਹੈ ਕਿ ਜਿਸ ਦੁਕਾਨ ਤੋਂ ਉਹ ਰਾਸ਼ਨ ਲਿਜਾਂਦਾ ਤਾਂ ਉਸ ਤੇ ਵੀ ਖਾਤਾ ਦਾਣਾ ਸਿਪਾਹੀ ਨਾਂ ਤੇ ਚੱਲਦਾ ਸੀ। ਅੱਤਵਾਦ ਦੌਰਾਨ ਘੋਟਾ ਲਾਉਣ ਬਾਰੇ ਕਹਿਣ ਕਰਕੇ ਇੱਕ ਵੱਡਾ ਪੁਲਿਸ ਅਧਿਕਾਰੀ ‘ਘੋਟਣਾ’ ਨਾਮ ਚਰਚਿਤ ਰਿਹਾ ਹੈ । ਸੰਗਰੂਰ ਪੁਲੀਸ ਵਿੱਚ ਇੱਕ ਇੰਸਪੈਕਟਰ ਦੀ ‘ਚਿੜੇ’ ਦੇ ਨਾਂ ਨਾਲ ਮਸ਼ਹੂਰੀ ਰਹੀ ਹੈ।
ਇਸ ਥਾਣੇਦਾਰ ਨੂੰ ਹਰ ਕੰਮ ਫੁਰਤੀ ਨਾਲ ਕਰਨ ਦੀ ਅਜਿਹੀ ਆਦਤ ਸੀ ਜਿਸ ਕਾਰਨ ਨਾਂ ਕੇਵਲ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਬਲਕਿ ਹੋਰ ਸਾਥੀ ਨੂੰ ਉਸ ਨੂੰ ਚਿੜਾ ਕਹਿਣ ਲੱਗ ਪਏ ਸਨ। ਇੱਕ ਸੇਵਾਮੁਕਤ ਡੀਐਸਪੀ ਆਪਣੇ ਗੋਰੇ ਨਿਛੋਹ ਰੰਗ ਕਾਰਨ ਇਸਪੈਕਟਰ ਹੁੰਦਿਆਂ ‘ਬੱਗਾ ਥਾਣੇਦਾਰ’ ਵਜੋਂ ਪ੍ਰਸਿੱਧ ਰਹੇ ਹਨ। ਪੰਜਾਬ ਪੁਲਿਸ ਦਾ ਇੱਕ ਹੌਲਦਾਰ ‘ਕੁੰਡੀ’ ਵਜੋਂ ਜਾਣਿਆ ਜਾਂਦਾ ਸੀ ਜਦੋਂਕਿ ਬਿਨਾਂ ਕਿਸੇ ਹੀਲ ਹੁੱਜਤ ਦੇ ਆਪਣੇ ਕੰਮ ਨੂੰ ਅੰਜਾਮ ਦੇਣ ਵਾਲੇ ਇੱਕ ਅਧਿਕਾਰੀ ਨੂੰ ‘ ਘੋੜਾ’ ਆਖਦੇ ਸਨ । ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਚੁਸਤੀ ਫੁਰਤੀ ਨਾਲ ਕੰਮ ਕਰਨ ਕਾਰਨ ‘ਤਿਤਲੀ’ ਬੁਲਾਇਆ ਜਾਂਦਾ ਸੀ। ਇਸੇ ਤਰਾਂ ਤੋਤਾ, ਸ਼ੇਰ ਤੇ ਘੁੱਗੀ ਆਦਿ ਇਹੋ ਜਿਹੇ ਨਾਂ ਹਨ ਜਿੰਨ੍ਹਾਂ ਪ੍ਰਤੀ ਪੁਲਿਸ ਮੁਲਾਜਮਾਂ ਨੂੰ ਮਾਣ ਮਹਿਸੂਸ ਹੁੰਦਾ ਹਨ ਕਿਉਂਕਿ ਇਨ੍ਹਾਂ ਕਾਰਨ ਉਨ੍ਹਾਂ ਦੇ ਚੰਗੇ ਗੁਣ ਜਾਹਿਰ ਹੁੰਦੇ ਹਨ। ਹੋਰ ਵੀ ਕਈ ਉੱਪਨਾਮ ਹਨ ਜੋ ਪੰਜਾਬ ਪੁਲਿਸ ਦੇ ਵੱਖ ਵੱਖ ਅਧਿਕਾਰੀਆਂ ਜਾਂ ਮੁਲਾਜਮਾਂ ਨਾਲ ਜੁੜੇ ਹੋਏ ਹਨ ਜਿੰਨ੍ਹਾਂ ਚੋ ਕੋਈ ਚੰਗਾ ਹੈ ਤੇ ਕੋਈ ਮਾੜਾ ਵੀ।
ਮਾਝੇ ’ਚ ਤਾਇਨਾਤ ਹੁੰਦੇ ਮਾਲਵੇ ਦੇ ਪੁਲਿਸ ਇੰਸਪੈਕਟਰਾਂ ਨੂੰ ਬਾਈ ਅਤੇ ਮਾਲਵੇ ’ਚ ਕੰਮ ਕਰਨ ਵਾਲੇ ਮਝੈਲ ਅਫਸਰਾਂ ਨੂੰ ਭਾਊ ਸੱਦਿਆ ਜਾਂਦਾ ਹੈ। ਗੱਲ ਕਾਫੀ ਪੁਰਾਣੀ ਹੈ ,ਥਾਣਾ ਦਿਆਲਪੁਰਾ ਦੇ ਇੱਕ ਐਸਐਚਓ ਨੂੰ ਭਾਪਾ ਥਾਣੇਦਾਰ ਆਖਦੇ ਸਨ ਜਿਸ ਦਾ ਕਾਰਨ ਵੰਡ ਵੇਲੇ ਉਸ ਦੇ ਪ੍ਰੀਵਾਰ ਦਾ ਪਾਕਿਸਤਾਨੋ ਆਉਣਾ ਸੀ ਜਿੱਥੇ ਭਰਾ ਨੂੰ ਭਾਪਾ ਜੀ ਕਿਹਾ ਜਾਂਦਾ ਹੈ। ਇਸ ਤੋਂ ਉਲਟ ਕੁੱਝ ਮੁਲਾਜ਼ਮਾਂ ਦੀਆਂ ਮਾੜੀਆਂ ਆਦਤਾਂ ਕਾਰਨ ਉਨ੍ਹਾਂ ਦੇ ਸ਼ਰਮਨਾਕ ਨਾਮ ਵੀ ਰੱਖੇ ਗਏ ਹਨ। ਪੁਲਿਸ ਵਿਭਾਗ ’ਚ ਇੱਕ ਅਧਿਕਾਰੀ ਵੱਲੋਂ ਥਾਣੇ ’ਚ ਹਰ ਆਉਣ ਜਾਣ ਵਾਲੇ ਅੱਗੇ ਹੱਥ ਅੱਡਣ ਕਾਰਨ ਉਸ ਨੂੰ ‘ਠੂਠਾ’ ਕਿਹਾ ਜਾਂਦਾ ਸੀ। ਇੱਕ ਥਾਣੇਦਾਰ ਦਾ ਪ੍ਰਾਈਵੇਟ ਨਾਮ ‘ਖੁਸ਼ਕੀ ਰੱਖਿਆ ਹੋਇਆ ਸੀ। ਹੋਟਲਾਂ ਤੇ ਜਾਕੇ ਇੱਕ ਪੁਲਿਸ ਮੁਲਾਜਮ ਨੂੰ ਮੁਫਤ ਦੀ ਰੋਟੀ ਖਾਣ ਦੀ ਆਦਤ ਸੀ ਜਿਸ ਕਰਕੇ ਉਸ ਦਾ ਅੰਦਰੂਨੀ ਨਾਮ ‘ਭੁੱਖ’ ਸੀ। ਇੱਕ ਥਾਣੇਦਾਰ ਦਾ ਕੱਚਾ ਨਾਮ ਗੋਭੀ ਪ੍ਰਸ਼ਾਦ ਸੀ ਜਦੋਂਕਿ ਇੱਕ ਹੋਰ ਮੁਲਾਜਮ ‘ਸੱਪ’ ਨਾਂ ਨਾਲ ਜਾਣਿਆ ਜਾਂਦਾ ਸੀ।