ਹੌਟਸਪਾਟ ਨਸ਼ਾ ਖੇਤਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਖੇਡ ਟੀਮਾਂ ਬਣਾਉਣ ਦਾ ਫੈਸਲਾ
144 ਕੇਸ ਦਰਜ, 187 ਮੁਲਜ਼ਮ ਗ੍ਰਿਫ਼ਤਾਰ
ਡੀਸੀ ਵੱਲੋਂ ਐਨਕੋਰਡ ਮੀਟਿੰਗ ਦੀ ਅਗਵਾਈ
ਅਸ਼ੋਕ ਵਰਮਾ
ਬਠਿੰਡਾ, 3 ਜੂਨ 2026: ਜ਼ਿਲ੍ਹਾ ਬਠਿੰਡਾ ਦੇ ਨਸ਼ਿਆਂ ਦੇ ਹੌਟਸਪਾਟ ਖੇਤਰਾਂ ਵਿੱਚ ਖੇਡ ਟੀਮਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਟੂਰਨਾਮੈਂਟਾਂ ਵਿੱਚ ਸ਼ਾਮਲ ਕਰਕੇ ਨਸ਼ਿਆਂ ਤੋਂ ਦੂਰ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਹ ਜਾਣਕਾਰੀ ਅੱਜ ਇੱਥੇ ਹੋਈ ਐਨ.ਕੋਰਡ (ਨਾਰਕੋ ਕੋਆਰਡੀਨੇਸ਼ਨ ਸੈਂਟਰ) ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੀ।
ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਤੋਂ ਬਚਾਉਣ ਲਈ ਬਚਪਨ 'ਚ ਹੀ ਦਖ਼ਲਅੰਦਾਜ਼ੀ ਦੀ ਲੋੜ ਉਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਹੌਟਸਪਾਟ ਖੇਤਰ ਦੀ ਪਹਿਲਾਂ ਹੀ ਪਛਾਣ ਕੀਤੀ ਹੋਈ ਹੈ। ਜ਼ਿਲ੍ਹਾ ਖੇਡ ਦਫ਼ਤਰ (ਡੀ.ਐਸ.ਓ) ਨਾਲ ਮਿਲ ਕੇ ਪੁਲਿਸ ਵੱਲੋਂ ਵਾਲੀਬਾਲ, ਹੈਂਡਬਾਲ, ਬਾਸਕਟਬਾਲ ਆਦਿ ਖੇਡਾਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ, ਜੋ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਤੰਦਰੁਸਤ ਅਤੇ ਆਤਮਵਿਸ਼ਵਾਸੀ ਵਿਅਕਤੀ ਬਣਾਉਣ ਵਿੱਚ ਵੀ ਮਦਦ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਇਸੇ ਤਰ੍ਹਾਂ ਸਰਕਾਰੀ ਅਤੇ ਨਿੱਜੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰਾਂ ਵਿੱਚ ਇਲਾਜ ਹੇਠ ਨਸ਼ਾ ਪੀੜਤਾਂ ਨੂੰ ਵੀ ਮਨ ਚਿੱਤ ਧਿਆਨ ਲਗਾਉਣ ਵਰਗੀਆਂ ਗਤੀਵਿਧੀਆਂ ਨਾਲ ਜੋੜਿਆ ਜਾਵੇ। ਇਸ ਨਾਲ ਨਾ ਸਿਰਫ਼ ਇਲਾਜ ਵਿੱਚ ਮਦਦ ਮਿਲੇਗੀ ਸਗੋਂ ਮਨ ਦੀ ਸ਼ਾਂਤੀ ਵੀ ਪ੍ਰਾਪਤ ਹੋਵੇਗੀ।
ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਬਠਿੰਡਾ ਪੁਲਿਸ ਨੇ ਐਨ.ਡੀ.ਪੀ.ਐਸ ਦੇ 144 ਕੇਸ ਦਰਜ ਕਰਕੇ 187 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ 1.640 ਕਿਲੋਗ੍ਰਾਮ ਹੈਰੋਇਨ, 121.90 ਕਿਲੋਗ੍ਰਾਮ ਭੁੱਕੀ, 6403 ਗੋਲੀਆਂ ਅਤੇ ਕੈਪਸੂਲ, 1.01 ਕਿਲੋਗ੍ਰਾਮ ਗਾਂਜਾ ਅਤੇ 8.25 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 27 ਨਸ਼ਿਆਂ ਦੇ ਹੌਟਸਪਾਟ ਹਨ, ਜਿੱਥੋਂ 49 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 62 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੁਲਿਸ ਅਤੇ ਸਿੱਖਿਆ ਵਿਭਾਗ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਲਈ ਸੈਮੀਨਾਰ, ਲੈਕਚਰ, ਸਲੋਗਨ ਲਿਖਣ ਅਤੇ ਪੇਂਟਿੰਗ ਮੁਕਾਬਲਿਆਂ ਸਮੇਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਸਕੂਲਾਂ ਵੱਲੋਂ ਵੀ ਸਵੇਰ ਦੀ ਸਭਾ ਦੌਰਾਨ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਖੇਡ ਮੈਦਾਨਾਂ ਅਤੇ ਸਕੂਲਾਂ-ਕਾਲਜਾਂ ਵਿੱਚ ਨਸ਼ਿਆਂ ਵਿਰੁੱਧ ਹੋਰ ਵੱਧ ਸਲੋਗਨ ਲਿਖੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ, ਐਸਡੀਐਮ ਬਠਿੰਡਾ ਅਮਨਦੀਪ ਸਿੰਘ ਮਾਵੀ, ਡੀਐਸਓ ਰੁਪਿੰਦਰ ਬਰਾੜ, ਡੀਈਓ ਚਮਕੌਰ ਸਿੰਘ ਅਤੇ ਡੀਈਓ ਮਮਤਾ ਕੁਮਾਰੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।
- Download Babushahi App
-
-