ਸ਼ੱਕੀ ਹਾਲਾਤਾਂ ਵਿੱਚ ਹੋਈ ਵਿਅਕਤੀ ਦੀ ਮੌਤ
- ਪੁਲਿਸ ਵੱਲੋਂ ਕੀਤੀ 174 ਦੀ ਕਾਰਵਾਈ ਤੇ ਭੜਕੀਆਂ ਮ੍ਰਿਤਕ ਦੀਆਂ ਭੈਣਾਂ ਤੇ ਲੜਕੀ
- ਕਿਹਾ ਜਦੋਂ ਤੱਕ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਨਹੀਂ ਕਰਾਂਗੇ ਸੰਸਕਾਰ
ਦੀਪਕ ਜੈਨ
ਜਗਰਾਉਂ, 5 ਅਗਸਤ 2025 - ਬੀਤੇ ਕੱਲ ਰਾਏਕੋਟ ਰੋਡ ਤੇ ਸਥਿਤ ਮਹੱਲਾ ਅਜੀਤ ਨਗਰ ਦੇ ਰਹਿਣ ਵਾਲੇ ਕਿਸ਼ਨ ਜੀਤ ਸਿੰਘ ਨਾਮਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਦੱਸ ਦਈਏ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਅਤੇ ਲੜਕੇ ਲਵਪ੍ਰੀਤ ਨੇ ਇਸ ਘਟਨਾ ਨੂੰ ਖੁਦਕੁਸ਼ੀ ਦੱਸਿਆ ਸੀ ਜਦਕਿ ਮ੍ਰਿਤਕ ਦੀ ਬੇਟੀ ਮਨਪ੍ਰੀਤ ਕੌਰ ਨੇ ਆਪਣੇ ਪਿਤਾ ਦੀ ਮੌਤ ਦਾ ਜਿੰਮੇਵਾਰ ਆਪਣੀ ਮਾਂ ਅਤੇ ਭਰਾ ਨੂੰ ਠਹਿਰਾਉਂਦਿਆਂ ਉਹਨਾਂ ਉੱਪਰ ਗੰਭੀਰ ਦੋਸ਼ ਲਗਾਏ ਸੀ। ਇਸ ਮਾਮਲੇ ਵਿੱਚ ਥਾਣਾ ਸਿਟੀ ਜਗਰਾਉਂ ਦੇ ਏਐਸਆਈ ਕੁਲਦੀਪ ਸਿੰਘ ਨੇ ਮ੍ਰਿਤਕ ਕਿਸ਼ਨ ਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਆਪਣੀ ਜਾਂਚ ਸ਼ੁਰੂ ਕੀਤੀ।
ਕੱਲ ਉਹਨਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਪੁਲਿਸ ਜਾਂਚ ਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਰ ਅੱਜ ਸਿਵਲ ਹਸਪਤਾਲ ਜਗਰਾਉਂ ਵਿਖੇ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਪੁਲਿਸ ਨੇ ਮ੍ਰਿਤਕ ਕਿਸ਼ਨ ਜੀਤ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਆਦ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੰਤਿਮ ਸੰਸਕਾਰ ਲਈ ਸੌਂਪ ਦਿੱਤੀ। ਪੁਲਿਸ ਦੀ ਇਸ ਕਾਰਵਾਈ ਤੋਂ ਪੂਰੀ ਤਰ੍ਹਾਂ ਖਫਾ ਮ੍ਰਿਤਕ ਦੀ ਬੇਟੀ ਮਨਪ੍ਰੀਤ ਅਤੇ ਉਸਦੀਆਂ ਭੈਣਾਂ ਨੇ ਆਪਣੇ ਬਾਕੀ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਜੰਮ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦਈਏ ਕਿ ਪੁਲਿਸ ਵੱਲੋਂ ਸਿਵਲ ਹਸਪਤਾਲ ਚੋਂ ਜਿਸ ਐਂਬੂਲੈਂਸ ਵਿੱਚ ਮ੍ਰਿਤਕ ਕਿਸ਼ਨ ਜੀਤ ਸਿੰਘ ਦੀ ਲਾਸ਼ ਰਖਵਾ ਕੇ ਭੇਜੀ ਜਾ ਰਹੀ ਸੀ ਉਸ ਐਂਬੂਲੈਂਸ ਨੂੰ ਮ੍ਰਿਤਕ ਦੀਆਂ ਭੈਣਾਂ ਬੇਟੀ ਅਤੇ ਹੋਰ ਰਿਸ਼ਤੇਦਾਰਾਂ ਨੇ ਘੇਰ ਲਿਆ ਅਤੇ ਸਿਵਲ ਹਸਪਤਾਲ ਦੇ ਗੇਟ ਤੋਂ ਬਾਹਰ ਤੱਕ ਨਿਕਲਣ ਨਹੀਂ ਦਿੱਤਾ। ਇਸ ਮੌਕੇ ਮ੍ਰਿਤਕ ਦੀ ਲੜਕੀ ਅਤੇ ਭੈਣਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਦਿਆਂ ਮਹਿਜ ਖਾਨਾ ਪੂਰਤੀ ਕਰ ਰਹੀ ਹੈ ਜਦਕਿ ਉਹਨਾਂ ਨੂੰ ਪੂਰਾ ਯਕੀਨ ਹੈ ਕੀ ਉਹਨਾਂ ਦੇ ਭਰਾ ਤੇ ਪਿਤਾ ਨੂੰ ਮਾਰਿਆ ਗਿਆ ਹੈ ਪਰ ਪੁਲਿਸ ਉਹਨਾਂ ਦੀ ਇੱਕ ਵੀ ਨਹੀਂ ਸੁਣ ਰਹੀ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਵਿੱਚ ਜੁਟੀ ਹੈ।
ਜੇਕਰ ਪੁਲਿਸ ਵੱਲੋਂ ਮ੍ਰਿਤਕ ਕਿਸ਼ਨ ਜੀਤ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਮੌਕੇ ਤੇ ਪਹੁੰਚੇ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਉੱਪਲ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਬਾਰ ਬਾਰ ਸਮਝਾਏ ਜਾਣ ਤੇ ਵੀ ਜਦੋਂ ਕੋਈ ਗੱਲ ਨਾ ਬਣੀ ਤਾਂ ਪੁਲਿਸ ਨੂੰ ਮਜਬੂਰਨ ਫਿਰ ਤੋਂ ਮ੍ਰਿਤਕ ਕਿਸ਼ਨ ਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੁਰਦਾਘਰ ਵਿੱਚ ਰਖਵਾ ਕੇ ਮਾਹੌਲ ਸ਼ਾਂਤ ਕਰਵਾਉਣਾ ਪਿਆ।
ਮੈਂ ਵਰਦੀ ਨਹੀਂ ਪਾਈ ਕਹਿਣ ਵਾਲੇ ਸਾਹਬ ਬਹਾਦਰ ਫਿਰ ਬਿਨਾਂ ਵਰਦੀ ਤੋਂ ਨਜ਼ਰ ਆਏ
ਪੱਤਰਕਾਰਾਂ ਨੂੰ ਹਰ ਵਾਰ ਮੈਂ ਵਰਦੀ ਨਹੀਂ ਪਾਈ ਕਹਿ ਕੇ ਉਹਨਾਂ ਦੇ ਕੈਮਰੇ ਚ ਕੈਪਚਰ ਹੋਣ ਤੋਂ ਬਚਣ ਵਾਲੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਅੱਜ ਜਦੋਂ ਸਿਵਲ ਹਸਪਤਾਲ ਵਿੱਚ ਹੋ ਰਹੇ ਹੰਗਾਮੇ ਨੂੰ ਸ਼ਾਂਤ ਕਰਵਾਉਣ ਲਈ ਪਹੁੰਚੇ ਤਾਂ ਇੱਕ ਵਾਰ ਫਿਰ ਪੱਤਰਕਾਰਾਂ ਦਾ ਧਿਆਨ ਅਤੇ ਕੈਮਰਾ ਉਹਨਾਂ ਵੱਲ ਗਿਆ ਕਿਉਂਕਿ ਅੱਜ ਫੇਰ ਸਾਹਬ ਬਹਾਦਰ ਬਿਨਾਂ ਵਰਦੀ ਤੋਂ ਹੀ ਨਜ਼ਰ ਆਏ।
ਮੇਰਾ ਤਾਂ ਸਿਰ ਪਾਟਣਾ ਆਇਆ ਹੋਇਆ- ਏਐਸਆਈ ਕੁਲਦੀਪ ਸਿੰਘ
ਸਿਵਲ ਹਸਪਤਾਲ ਵਿੱਚ ਮੌਜੂਦ ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਤੋ ਜਦੋਂ ਇਸ ਮਾਮਲੇ ਵਿੱਚ ਉਹਨਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰਾ ਤਾਂ ਸਿਰਫ ਪਟਣ ਆਇਆ ਹੋਇਆ ਹੈ ਹਜੇ ਮੈਂ ਪੱਖ ਨਹੀਂ ਦੇ ਸਕਦਾ।