ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਹੋਈ ਭਰਤੀ ਵਿੱਚ ਯੋਗਦਾਨ ਪਾਉਣ ਲਈ ਸਭ ਦਾ ਧੰਨਵਾਦ - ਭਰਤੀ ਕਮੇਟੀ
- ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਚੋਣ ਅਧਿਕਾਰੀ ਦਾ ਨਾਮ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਕੇ ਭਰਤੀ ਕਮੇਟੀ ਵੱਲੋਂ ਅਮਲ ਕੀਤਾ ਗਿਆ ਪੂਰਾ
- ਭਰਤੀ ਕਮੇਟੀ ਵੱਲੋਂ 18 ਮਾਰਚ ਤੋਂ ਭਰਤੀ ਸ਼ੁਰੂ ਕਰਕੇ ਛੇ ਮਹੀਨੇ ਪੂਰੇ ਕਰਨ ਤੋਂ ਪਹਿਲਾਂ ਹੀ ਭਰਤੀ ਕਾਰਜ ਨੂੰ ਨੇਪਰੇ ਚਾੜਿਆ
ਚੰਡੀਗੜ੍ਹ, 5 ਅਗਸਤ 2025 - ਪੰਜਾਬੀਆਂ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੇ ਹੋਈ ਭਰਤੀ ਪ੍ਰਕ੍ਰਿਆ ਵਿੱਚ ਵੱਡਾ ਸਾਥ, ਸਮਰਥਨ ਅਤੇ ਸਕਰਾਤਮਕ ਹੁੰਗਾਰਾ ਦੇਣ ਲਈ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕੀਤਾ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਸੀਮਤ ਸਮੇਂ, ਸਿਆਸੀ ਦੂਸ਼ਣਬਾਜ਼ੀ ਅਤੇ ਨਿੱਜੀ ਤੌਰ ਤੇ ਹੋਏ ਸਿਆਸੀ ਹਮਲਿਆਂ ਦੇ ਬਾਵਜੂਦ ਭਰਤੀ ਕਮੇਟੀ ਮੈਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਦੀ ਬਗੈਰ ਭੇਦਭਾਵ, ਪੂਰਨ ਪਾਰਦਰਸ਼ਤਾ ਅਤੇ ਪੂਰਨ ਸਮਰਪਿਤ ਭਾਵਨਾ ਨਾਲ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਇੰਨ ਬਿੰਨ ਪਾਲਣਾ ਕੀਤੀ ਹੈ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ, 11 ਅਗਸਤ ਨੂੰ ਬੁਲਾਏ ਗਏ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਚੋਣ ਲਈ ਜਿੱਥੇ ਸਭ ਤੋਂ ਪਹਿਲਾਂ ਅਤੇ ਸਰਵਉਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਾ ਸਾਹਿਬ ਵਿੱਚ ਦਰਜ ਭਾਵਨਾ ਦੀ ਪੂਰਤੀ ਕੀਤੀ ਗਈ, ਉਥੇ ਹੀ ਹੁਣ ਵਿਧੀ ਵਿਧਾਨ ਮੁਤਾਬਿਕ ਪ੍ਰਧਾਨ ਚੁਣਨ ਲਈ ਚੋਣ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।
ਭਰਤੀ ਕਮੇਟੀ ਮੈਬਰਾਂ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ, ਬੇਨਤੀ ਕਰਦੇ ਕਿਹਾ ਕਿ ਦੋ ਦਸੰਬਰ ਨੂੰ ਪੰਥ, ਕੌਮ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਦੀ ਰਾਖੀ ਲਈ ਸੂਬੇ ਦੀ ਆਪਣੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਦੀ ਪੁਨਰ ਸੁਰਜੀਤੀ ਲਈ 15 ਲੱਖ ਦੇ ਲਗਭਗ ਲੋਕਾਂ ਦੀ ਭਾਵਨਾਵਾਂ ਦਾ ਲਾਜ਼ਮੀ ਸਤਿਕਾਰ ਕਰਦੇ ਹੋਏ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਧੜੇ ਦੇ ਪ੍ਰਭਾਵ ਹੇਠ ਕੋਈ ਫੈਸਲਾ ਨਹੀ ਲੈਣਗੇ। ਭਰਤੀ ਕਮੇਟੀ ਮੈਬਰਾਂ ਨੇ ਆਸ ਵੀ ਪ੍ਰਗਟ ਕੀਤੀ ਕਿ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਪੂਰਤੀ ਦੇ ਆਖਰੀ ਪੜਾਅ ਨੂੰ ਪੂਰਾ ਕਰਨ ਲਈ ਲਾਜ਼ਮੀ ਤੌਰ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਜਾਜ਼ਤ ਮਿਲੇਗੀ।
ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਭਰਤੀ ਦਾ ਕਾਰਜ 18 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ, ਇਸ ਵਕਫੇ ਦੌਰਾਨ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਕਰਕੇ ਅਕਾਲੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਭਰਤੀ ਸ਼ੁਰੂ ਕਰਨ ਤੋਂ ਲੈਕੇ 11 ਅਗਸਤ ਤੱਕ ਛੇ ਮਹੀਨੇ ਦੇ ਘੱਟ ਸਮੇਂ ਵਿੱਚ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਯੋਗ ਲੀਡਰਸ਼ਿਪ ਦੀ ਭਾਲ ਦਾ ਕਾਰਜ ਪੂਰਾ ਕੀਤਾ ਜਾ ਰਿਹਾ ਹੈ।