ਇਫਟੂ ਦੇ ਸਹਿਯੋਗ ਨਾਲ ਸੰਘਰਸ਼ਸ਼ੀਲ ਤੇ ਜਮਹੂਰੀ ਜਥੇਬੰਦੀਆਂ ਵਲੋਂ ਮਨਾਇਆ ਗਿਆ ਮਜ਼ਦੂਰ ਦਿਵਸ
- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 1 ਮਈ 2025 - ਸਥਾਨਕ ਪੁਰਾਣੇ ਬੱਸ ਸਟੈਂਡ ਉਪਰ ਇਫਟੂ ਦੇ ਸਹਿਯੋਗ ਨਾਲ ਗੁਰਦਾਸਪੁਰ ਦੀਆਂ ਸੰਘਰਸ਼ਸ਼ੀਲ ਤੇ ਜਮਹੂਰੀ ਜਥੇਬੰਦੀਆਂ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਡਾਕਟਰ ਜਗਜੀਵਨ ਲਾਲ, ਪ੍ਰਧਾਨ ਅਤੇ ਸਕੱਤਰ ਅਸ਼ਵਨੀ ਸ਼ਰਮਾ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਪੰਡੋਰੀ, ਕਿਰਤੀ ਕਿਸਾਨ ਯੂਨੀਅਨ ਵੱਲੋਂ ਕਾਮਰੇਡ ਸਤਿਬੀਰ ਸਿੰਘ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਜੋਗਿੰਦਰ ਪਾਲ ਘੁਰਾਲਾ, ਇਫਟੂ ਦੇ ਸੂਬਾਈ ਆਗੂ ਕਾਮਰੇਡ ਜੋਗਿੰਦਰ ਪਾਲ ਪਨਿਆੜ, ਮਿਡ ਡੇ ਮੀਲ ਵਰਕਰ ਯੂਨੀਅਨ ਦੀ ਗੁਰਪ੍ਰੀਤ ਕੌਰ ਕੁਹਾਲੀ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਕਸ਼ਮੀਰ ਸਿੰਘ ਮੁਲਾਜ਼ਮ ਫੈਡਰੇਸ਼ਨ ਦੇ ਅਮਰਜੀਤ ਸ਼ਾਸਤਰੀ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਵੱਖ ਵੱਖ ਬੁਲਾਰਿਆਂ ਨੇ ਪਹਿਲੀ ਮਈ 1886 ਨੂੰ ਅੱਠ ਘੰਟੇ ਦੀ ਦਿਹਾੜੀ ਨੂੰ ਲਾਗੂ ਕਰਵਾਉਣ ਲਈ ਕੀਤੇ ਸੰਘਰਸ਼ ਅਤੇ ਕੁਰਬਾਨੀ ਨੂੰ ਯਾਦ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ 4 ਕਿਰਤ ਕੋਡ ਵਾਪਸ ਲੈਣ ਦੀ ਮੰਗ ਕੀਤੀ।
ਬੁਲਾਰਿਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਸਾਮਰਾਜੀ ਤਾਕਤਾਂ ਵੱਲੋਂ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਣ ਲਈ ਨਿਰੰਤਰ ਕਾਲੇ ਕਾਨੂੰਨ ਪਾਸ ਕਰਨ, ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਲੋਕਾਂ ਕੋਲੋਂ ਸਿਖਿਆ ਦਾ ਬੁਨਿਆਦੀ ਅਧਿਕਾਰ ਖੋਹਣ, ਵੱਖ ਵੱਖ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੇ ਲੋਕਤੰਤਰੀ ਪ੍ਰਣਾਲੀ ਰਾਹੀਂ ਇੱਕਠੇ ਹੋਣ, ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਦੇ ਅਧਿਕਾਰਾਂ ਨੂੰ ਕੁਚਲਣ ਦੀ ਨਿੰਦਾ ਕੀਤੀ।
ਉਹਨਾਂ ਮੰਗ ਕੀਤੀ ਕਿ ਫਿਰਕਾਪ੍ਰਸਤੀ ਦੀ ਨੀਤੀ ਨੂੰ ਬੰਦ ਕੀਤਾ ਜਾਵੇ। ਮਹਿੰਗਾਈ ਨੂੰ ਠੱਲ੍ਹ ਪਾਈ ਜਾਵੇ। ਕੱਚੇ ਪੱਕੇ ਕਾਮਿਆਂ ਨੂੰ ਘੱਟੋ ਘੱਟ 26000 ਰੁਪਏ ਤਨਖਾਹ ਦਿੱਤੀ ਜਾਵੇ। ਮਿਡ ਡੇ ਮੀਲ ਵਰਕਰ, ਆਸ਼ਾ ਵਰਕਰਾਂ, ਅਤੇ ਜੰਗਲਾਤ ਮੁਲਾਜ਼ਮ ਨੂੰ ਪੱਕਾ ਕਰ ਕੇ ਬਰਾਬਰ ਕੰਮ ਬਰਾਬਰ ਵੇਤਨ ਦਾ ਫਾਰਮੂਲਾ ਲਾਗੂ ਕੀਤਾ ਜਾਵੇ। ਉਹਨਾਂ ਪਹਿਲਗਾਮ ਦੀ ਅਣਮਨੁੱਖੀ ਘਟਨਾ ਦੀ ਨਿੰਦਾ ਕਰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਲੋਕਾਂ ਨੂੰ ਨਿਹੱਕੀ ਜੰਗ ਵਿੱਚ ਧੱਕਣ ਦਾ ਵਿਰੋਧ ਕੀਤਾ। ਸਟੇਜ ਸਕੱਤਰ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬਹਿਰਾਮਪੁਰ ਨੇ ਚਾਰ ਕਿਰਤ ਕੋਡ ਵਾਪਸ ਲੈਣ, ਮਜ਼ਦੂਰਾਂ ਲਈ ਬਣਦੀਆਂ ਭਲਾਈ ਸਕੀਮਾਂ ਠੀਕ ਢੰਗ ਨਾਲ ਲਾਗੂ ਕਰਕੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਦੀ ਲੋੜ ਤੇ ਜੋਰ ਦਿੱਤਾ। ਪੁਰਾਣੇ ਬੱਸ ਸਟੈਂਡ ਤੋਂ ਡਾਕਖਾਨਾ ਚੌਂਕ ਤੱਕ ਮਾਰਚ ਕੀਤਾ ਗਿਆ।
ਅੱਜ ਦੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਕੋਟ ਟੋਡਰ ਮੱਲ, ਅਨੇਕ ਚੰਦ ਪਾਹੜਾ, ਇਪਟਾ ਦੇ ਗੁਰਮੀਤ ਸਿੰਘ ਪਾਹੜਾ, ਰਣਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਗੁਰਦਿਆਲ ਸਿੰਘ ਬਾਲਾਪਿੰਡੀ, ਤਿਲਕ ਰਾਜ ਆਹਲੂਵਾਲੀਆ, ਵੱਸਣ ਸਿੰਘ ਬੁਲੇਵਾਲ ਮੰਗਲਜੀਤ ਸਿੰਘ ਤੋਂ ਇਲਾਵਾ ਹੋਰਨਾਂ ਨੇ ਸੰਬੋਧਨ ਕੀਤਾ।