ਹਰਪਾਲ ਚੀਮਾ ਨੇ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ 'ਤੇ ਪੰਜਾਬ ਨਾਲ ਵਿਸ਼ਵਾਸਘਾਤ ਕਰਨ ਦਾ ਲਾਇਆ ਦੋਸ਼
- 'ਆਪ' ਨੇ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਲਈ ਭਾਜਪਾ ਦੀ ਕੀਤੀ ਨਿੰਦਾ, ਕਿਹਾ - ਇਹ ਪੰਜਾਬ ਦੇ ਕਿਸਾਨਾਂ ਵਿਰੁੱਧ ਸਾਜ਼ਿਸ਼
- ਕਿਹਾ- ਹਰਿਆਣਾ ਨੇ ਆਪਣੇ ਨਿਰਧਾਰਿਤ ਪਾਣੀ ਦੇ ਹਿੱਸੇ ਤੋਂ 10% ਵੱਧ ਪਾਣੀ ਲਿਆ ਜਦੋਂ ਕਿ ਪੰਜਾਬ ਪਾਣੀ ਦੀ ਸੰਭਾਲ ਕਰਦਾ ਹੈ,ਬਾਕੀ ਪਾਣੀ ਸਾਡਾ ਹੈ
ਚੰਡੀਗੜ੍ਹ, 1 ਮਈ 2025 - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਸਰੋਤਾਂ ਵਿਰੁੱਧ ਸਾਜ਼ਿਸ਼ਾਂ ਲਈ ਸਖ਼ਤ ਨਿੰਦਾ ਕੀਤੀ ਹੈ। ਚੱਲ ਰਹੇ ਪਾਣੀ ਦੀ ਵੰਡ ਵਿਵਾਦ ਨੂੰ ਸੰਬੋਧਨ ਕਰਦੇ ਹੋਏ ਚੀਮਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਪੰਜਾਬ ਨਾਲ ਧੋਖਾ ਕਰਨ ਅਤੇ ਸੂਬੇ ਨੂੰ ਸਰੋਤਾਂ ਦੇ ਉਸ ਦੇ ਸਹੀ ਹਿੱਸੇ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਚੀਮਾ ਨੇ ਦੇਸ਼ ਦੀ ਖ਼ੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਬੇਮਿਸਾਲ ਯੋਗਦਾਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੇਂਦਰੀ ਪੂਲ ਵਿੱਚ 50% ਤੋਂ ਵੱਧ ਕਣਕ ਅਤੇ 22% ਚੌਲ ਪੰਜਾਬ ਤੋਂ ਆਉਂਦੇ ਹਨ। ਉਨ੍ਹਾਂ ਕਿਹਾ, "ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਭੋਜਨ ਦੇਣ ਲਈ ਆਪਣੇ ਜ਼ਮੀਨ ਹੇਠਲੇ ਪਾਣੀ ਅਤੇ ਸਰੋਤਾਂ ਦੀ ਕੁਰਬਾਨੀ ਦਿੱਤੀ ਹੈ। ਅੱਜ, ਹਰੀ ਕ੍ਰਾਂਤੀ ਦਾ ਸਮਰਥਨ ਕਰਨ ਲਈ ਜ਼ਮੀਨੀ ਪਾਣੀ ਦੀ ਜ਼ਿਆਦਾ ਨਿਕਾਸੀ ਕਾਰਨ ਪੰਜਾਬ ਦੇ 153 ਵਿੱਚੋਂ 115 ਜ਼ੋਨਾਂ ਨੂੰ 'ਡਾਰਕ ਜ਼ੋਨ' ਘੋਸ਼ਿਤ ਕੀਤਾ ਗਿਆ ਹੈ।"
ਚੀਮਾ ਨੇ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਤੋਂ ਆਪਣੇ ਨਿਰਧਾਰਿਤ ਪਾਣੀ ਦੇ ਹਿੱਸੇ ਦੀ ਸੀਮਾ ਪਾਰ ਕਰ ਲਈ। ਰਾਜਸਥਾਨ: 3.398 ਐਮਏਐਫ ਨਿਰਧਾਰਿਤ ਕੀਤਾ ਗਿਆ, 3.738 ਐਮਏਐਫ(10% ਵਾਧੂ) ਦੀ ਖਪਤ ਕੀਤੀ। ਹਰਿਆਣਾ: 2.987 ਐਮਏਐਫ ਅਲਾਟ ਕੀਤਾ ਗਿਆ, 3.091ਐਮਏਐਫ (3% ਵਾਧੂ) ਦੀ ਖਪਤ ਹੋਈ। ਪੰਜਾਬ: 5.512 ਐਮਏਐਫ ਅਲਾਟ ਕੀਤਾ ਗਿਆ, ਸਿਰਫ਼ 4.925 ਐਮਏਐਫ (89% ਵਰਤੋਂ) ਦੀ ਵਰਤੋਂ ਕੀਤੀ।
ਚੀਮਾ ਨੇ ਭਾਜਪਾ ਆਗੂਆਂ ਦੀ ਆਲੋਚਨਾ ਕੀਤੀ ਕਿ ਉਹ ਪੰਜਾਬ ਵਿੱਚ ਗੰਭੀਰ ਪਾਣੀ ਸੰਕਟ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਰਿਆਣਾ ਲਈ ਵਾਧੂ ਪਾਣੀ ਛੱਡਣ ਲਈ ਬੀਬੀਐਮਬੀ 'ਤੇ ਦਬਾਅ ਪਾ ਰਹੇ ਹਨ।
ਚੀਮਾ ਨੇ ਪੰਜਾਬ ਦੇ ਪਾਣੀ ਦੇ ਅਧਿਕਾਰਾਂ ਦੀ ਰਾਖੀ ਲਈ 'ਆਪ' ਸਰਕਾਰ ਦੇ ਅਟੱਲ ਰੁਖ਼ ਦੀ ਪੁਸ਼ਟੀ ਕੀਤੀ। ਉਨ੍ਹਾਂ ਐਲਾਨ ਕੀਤਾ, "ਪੰਜਾਬ ਹਰਿਆਣਾ ਨੂੰ ਆਪਣੇ ਜਾਇਜ਼ ਪਾਣੀ ਦੀ ਇੱਕ ਵੀ ਬੂੰਦ ਨਹੀਂ ਦੇਵੇਗਾ। ਕਿਸਾਨੀ ਕਾਰਨ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੇ ਪੱਧਰ ਘਟ ਗਿਆ ਹੈ ਅਤੇ ਸਰੋਤਾਂ ਦਾ ਹੋਰ ਕੋਈ ਵੀ ਵਟਾਓ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ।"
ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਪਾਈਪ-ਲਾਈਨਾਂ ਅਤੇ ਸਿੰਚਾਈ ਚੈਨਲਾਂ ਰਾਹੀਂ ਕਿਸਾਨਾਂ ਨੂੰ ਬਰਾਬਰ ਪਾਣੀ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀਆਂ 'ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ, "ਸਾਡੇ ਡੈਮਾਂ ਅਤੇ ਜਲ ਸਰੋਤਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਪਾਣੀ ਦੇ ਕਿਸੇ ਵੀ ਅਣਅਧਿਕਾਰਤ ਰਿਲੀਜ਼ ਨੂੰ ਰੋਕਣ ਲਈ ਸਖ਼ਤ ਉਪਾਅ ਕੀਤੇ ਗਏ ਹਨ।"
ਚੀਮਾ ਨੇ ਪੰਜਾਬ ਦੇ ਭਾਜਪਾ ਆਗੂਆਂ, ਜਿਨ੍ਹਾਂ ਵਿੱਚ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ ਸ਼ਾਮਲ ਹਨ, 'ਤੇ ਸਿਆਸੀ ਲਾਭ ਲਈ ਆਪਣੇ ਗ੍ਰਹਿ ਰਾਜ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ "ਇਹ ਆਗੂ ਸੂਬੇ ਦੇ ਹਿੱਤਾਂ ਵਿਰੁੱਧ ਗੈਰ-ਸੰਵਿਧਾਨਕ ਕਾਰਵਾਈਆਂ ਦਾ ਸਮਰਥਨ ਕਰਕੇ ਭਾਜਪਾ ਦੇ ਪੰਜਾਬ ਵਿਰੋਧੀ ਏਜੰਡੇ ਦੀ ਮਦਦ ਕਰ ਰਹੇ ਹਨ। ਚੀਮਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ,"।
ਪੰਜਾਬ ਦੀਆਂ ਕੁਰਬਾਨੀਆਂ ਅਤੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਚੀਮਾ ਨੇ ਭਾਜਪਾ ਦੀਆਂ ਕਾਰਵਾਈਆਂ ਨੂੰ ਪੰਜਾਬ ਦੀ ਵਿਰਾਸਤ ਦਾ ਅਪਮਾਨ ਦੱਸਦੇ ਹੋਏ ਨਿੰਦਾ ਕੀਤੀ। ਉਨ੍ਹਾਂ ਅੱਗੇ ਕਿਹਾ "ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਪੰਜਾਬ ਦੇ ਕਿਸਾਨਾਂ, ਸਰੋਤਾਂ ਅਤੇ ਸੱਭਿਆਚਾਰ 'ਤੇ ਹਮਲਾ ਹਨ। ਪੰਜਾਬ ਦੇ ਲੋਕ ਇਸ ਵਿਸ਼ਵਾਸਘਾਤ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ,"।
ਚੀਮਾ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਉਨ੍ਹਾਂ ਨੂੰ ਪਾਣੀ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਪਾਣੀ ਦੀ ਸਾਵਧਾਨੀ ਨਾਲ ਵਰਤੋਂ ਨਾ ਕਰਨ ਲਈ ਸਪੱਸ਼ਟੀਕਰਨ ਵੀ ਮੰਗਿਆ ਅਤੇ ਪੁੱਛਿਆ ਕਿ ਉਹ ਵਾਧੂ ਪਾਣੀ ਲਈ ਆਪਣੀਆਂ ਮੰਗਾਂ ਨੂੰ ਕਿਵੇਂ ਜਾਇਜ਼ ਠਹਿਰਾਉਣਗੇ।