ਬੀਬੀਐਮਬੀ ਰਾਹੀਂ ਹਰਿਆਣਾ ਨੂੰ ਵਾਧੂ ਪਾਣੀ ਦੀ ਵੰਡ ਵਿਰੁੱਧ ਆਪ ਪੰਜਾਬ ਨੇ ਰਾਜ ਭਰ ਵਿੱਚ ਕੀਤਾ ਵਿਰੋਧ ਪ੍ਰਦਰਸ਼ਨ
- ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਦੇ ਲਾਏ ਨਾਅਰੇ
- ਕਿਹਾ – ਪੰਜਾਬ ਦੇ ਪਾਣੀ 'ਤੇ ਸਿਰਫ਼ ਪੰਜਾਬ ਦਾ ਹੱਕ, ਭਾਜਪਾ ਸਰਕਾਰ ਦੀ ਤਾਨਾਸ਼ਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਚੰਡੀਗੜ੍ਹ, 1 ਮਈ 2025 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੇ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਰਾਹੀਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫ਼ੈਸਲੇ ਵਿਰੁੱਧ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ।
ਪੰਜਾਬ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਉਜਾਗਰ ਕਰਦੇ ਹੋਏ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਪਾਰਟੀ ਆਗੂਆਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਪੰਜਾਬੀਆਂ ਨੂੰ ਇਸ ਗੈਰ-ਸੰਵਿਧਾਨਕ ਕਦਮ ਦਾ ਵਿਰੋਧ ਕਰਨ ਅਤੇ ਇੱਕਜੁੱਟ ਹੋਣ ਦੀ ਅਪੀਲ ਕੀਤੀ। ਵਿਰੋਧ ਪ੍ਰਦਰਸ਼ਨਾਂ ਵਿੱਚ ਪੰਜਾਬ ਭਰ ਵਿੱਚ ਕਈ ਥਾਵਾਂ 'ਤੇ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਗਏ ਅਤੇ ਪ੍ਰਦਰਸ਼ਨ ਕੀਤੇ ਗਏ।
ਅੰਮ੍ਰਿਤਸਰ -ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਹਰਭਜਨ ਸਿੰਘ ਈਟੀਓ, ਆਪ ਆਗੂਆਂ ਡਾ. ਅਜੈ ਗੁਪਤਾ, ਬਲਦੇਵ ਮਿਆਦੀਆਂ, ਗੁਰਦੇਵ ਲਖਨਾ, ਮੋਤੀ ਲਾਲ ਭਾਟੀਆ, ਜਸਪ੍ਰੀਤ ਸਿੰਘ, ਡਾ. ਇੰਦਰਪਾਲ, ਇਕਬਾਲ ਸਿੰਘ ਭੁੱਲਰ ਅਤੇ ਮਨੀਸ਼ ਅਗਰਵਾਲ ਸਮੇਤ ਸੈਂਕੜੇ ਵਰਕਰਾਂ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੀ ਰਿਹਾਇਸ਼ ਦਾ ਘਿਰਾਓ ਕੀਤਾ।
ਪਠਾਨਕੋਟ- ਮੰਤਰੀ ਲਾਲਚੰਦ ਕਟਾਰੂਚੱਕ, ‘ਆਪ’ ਆਗੂਆਂ ਅਮਿਤ ਮਿੰਟੂ ਅਤੇ ਵਿਭੂਤੀ ਸ਼ਰਮਾ ਸਮੇਤ ‘ਆਪ’ ਵਲੰਟੀਅਰਾਂ ਨੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਦੀ ਨਿਊ ਬੈਂਕ ਕਲੋਨੀ ਸਥਿਤ ਰਿਹਾਇਸ਼ ਦੇ ਬਾਹਰ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।
ਲੁਧਿਆਣਾ- ਪੱਪੀ ਪਰਾਸ਼ਰ, ਮਦਨ ਲਾਲ ਬੱਗਾ, ਦਲਜੀਤ ਗਰੇਵਾਲ ਭੋਲਾ, ਕੁਲਵੰਤ ਸਿੱਧੂ, ਜੀਵਨ ਸਿੰਘ ਸੰਗੋਵਾਲ ਅਤੇ ਅਮਨਦੀਪ ਮੋਹੀ ਸਮੇਤ 'ਆਪ' ਵਿਧਾਇਕਾਂ ਅਤੇ ਆਗੂਆਂ ਨੇ ਅਰੋੜਾ ਪੈਲੇਸ ਦਾਣਾ ਮੰਡੀ ਵਿਖੇ ਭਾਜਪਾ ਦੇ ਗੈਰ-ਸੰਵਿਧਾਨਕ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।
ਪਟਿਆਲਾ- 'ਆਪ' ਆਗੂਆਂ ਦੇਵ ਮਾਨ, ਕੁਲਵੰਤ ਬਾਜ਼ੀਗਰ, ਕੁੰਦਨ ਗੋਗੀਆ, ਰਣਜੀਤ ਹਡਾਣਾ, ਮੇਘ ਚੰਦ ਸ਼ੇਰਮਾਜਰਾ ਅਤੇ ਤੇਜਿੰਦਰ ਮਹਿਤਾ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਰੂਪਨਗਰ-ਕੈਬਨਿਟ ਮੰਤਰੀ ਹਰਜੋਤ ਬੈਂਸ, ਵਿਧਾਇਕ ਦਿਨੇਸ਼ ਚੱਢਾ, ਅਤੇ ਨੇਤਾ ਹਰਮਿੰਦਰ ਦਹਨੇ ਨੇ ਰੂਪਨਗਰ ਦੇ ਬੇਲਾ ਚੌਕ 'ਤੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਐਲਾਨ ਕੀਤਾ ਕਿ ਪੰਜਾਬ ਆਪਣੇ ਜਲ ਸਰੋਤਾਂ ਦੀ ਹੋਰ ਕਿਸੇ ਵੀ ਤਰ੍ਹਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੇਗਾ।
ਫ਼ਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ-ਨਰਿੰਦਰ ਪਾਲ ਸਿੰਘ ਸਵਨਾ, ਅਰੁਣ ਨਾਰੰਗ, ਅਤੇ ਸ਼ਮਿੰਦਰ ਸਿੰਘ ਖਿੰਡਾ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਪਾਣੀ ਸਿਰਫ਼ ਪੰਜਾਬ ਦਾ ਹੈ।
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿੱਚ ਪਾਰਟੀ ਲੀਡਰਸ਼ਿਪ ਨਾਲ ਵਿਰੋਧ ਪ੍ਰਦਰਸ਼ਨ ਕੀਤਾ, ਭਾਜਪਾ ਵੱਲੋਂ ਬੀਬੀਐਮਬੀ ਦੀ ਦੁਰਵਰਤੋਂ ਦੀ ਨਿੰਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ।
ਮੰਤਰੀ ਡਾ. ਰਵਜੋਤ ਨੇ ਸ਼ਾਮ ਚੌਰਾਸੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ, ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਾਣੀ ਨੂੰ ਮੋੜਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ, ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਸਾੜਿਆ।
ਇਸ ਮੁੱਦੇ 'ਤੇ ਬੋਲਦੇ ਹੋਏ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, "ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੀਆਂ ਮਨਮਾਨੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬੀ ਇਸ ਬੇਇਨਸਾਫ਼ੀ ਦਾ ਵਿਰੋਧ ਕਰਨ ਲਈ ਇੱਕਜੁੱਟ ਹਨ।"
ਆਪ ਪੰਜਾਬ ਨੇ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਸਾਰੇ ਪੰਜਾਬੀਆਂ ਨੂੰ ਇਸ ਗੈਰ-ਸੰਵਿਧਾਨਕ ਅਤੇ ਬੇਇਨਸਾਫ਼ੀ ਵਾਲੇ ਫ਼ੈਸਲੇ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪਾਰਟੀ ਨੇ ਕਾਨੂੰਨੀ ਅਤੇ ਜਨਤਕ ਲਾਮਬੰਦੀ ਸਮੇਤ ਸਾਰੇ ਮੋਰਚਿਆਂ 'ਤੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਹੈ, ਅਤੇ 'ਆਪ' ਕਿਸੇ ਵੀ ਕੀਮਤ 'ਤੇ ਇਸ ਨੂੰ ਸੁਰੱਖਿਅਤ ਰੱਖੇਗੀ।