ਡੀ.ਆਈ.ਜੀ ਨਿਲਾਂਬਰੀ ਜਗਦਲੇ ਵੱਲੋਂ ਮਹਿਲਾ ਮਿੱਤਰ ਸਕੀਮ ਤਹਿਤ ਮਹਿਲਾ ਸਰਕਾਰੀ ਸਟਾਫ ਲਈ 8 ਸੂਤਰੀ ਪ੍ਰੋਗਰਾਮ ਕੀਤਾ ਗਿਆ ਲਾਂਚ
ਦੀਦਾਰ ਗੁਰਨਾ
* ਪੁਲਿਸ ਜ਼ਿਲ੍ਹਾ ਖੰਨਾ ਦੇ 8 ਥਾਣਿਆਂ ਦੇ ਏਰੀਏ ਵਿੱਚ ਮਹਿਲਾ ਪੁਲਿਸ ਵੱਲੋਂ 8 ਐਕਟਿਵਾ ਸਕੂਟਰੀਆ 'ਤੇ ਗਸ਼ਤ ਕੀਤੀ ਜਾਵੇਗੀ :- ਡੀ.ਆਈ.ਜੀ ਨਿਲਾਂਬਰੀ ਜਗਦਲੇ
* ਪੰਜਾਬ ਪੁਲਿਸ ਮਹਿਲਾ ਮਿੱਤਰ ਦਾ ਸਟਾਫ ਬੱਚਿਆਂ ਅਤੇ ਔਰਤਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਵਿੱਚ ਸਹਾਇਕ ਹੋਵੇਗਾ
ਖੰਨਾ, ਲੁਧਿਆਣਾ, 1 ਮਈ, 2025 - ਆਈ.ਪੀ.ਐਸ, ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਨਿਲਾਂਬਰੀ ਜਗਦਲੇ ਨੇ ਵੀਰਵਾਰ ਨੂੰ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਵਿਖੇ ਪਹੁੰਚ ਕੇ ਮਹਿਲਾ ਸਸ਼ਕਤੀਕਰਨ ਦੇ ਤਹਿਤ ਬਹੁਤ ਵੱਡਾ ਅਤੇ ਸ਼ਲਾਘਾਯੋਗ ਫੈਸਲਾ ਲੈਂਦੇ ਹੋਏ ਪੰਜਾਬ ਪੁਲਿਸ ਮਹਿਲਾ ਮਿੱਤਰ ਸਕੀਮ ਤਹਿਤ ਮਹਿਲਾ ਸਰਕਾਰੀ ਸਟਾਫ਼ ਲਈ ਅੱਠ ਸੂਤਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਸ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੇ ਵੱਖ-ਵੱਖ 8 ਥਾਣਿਆਂ ਦੀਆਂ 8 ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ 8 ਨਵੀਆਂ ਐਕਟਿਵਾ ਸਕੂਟਰੀਆ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਖੰਨਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜੋਤੀ ਯਾਦਵ ਬੈਂਸ ਵੀ ਮੌਜੂਦ ਸਨ।
ਡੀ.ਆਈ.ਜੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਖੰਨਾ ਦੇ ਐਸ.ਐਸ.ਪੀ ਡਾ. ਜੋਤੀ ਯਾਦਵ ਬੈਂਸ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ 8 ਥਾਣਿਆਂ ਦੇ ਏਰੀਏ ਵਿੱਚ ਮਹਿਲਾ ਪੁਲਿਸ ਵੱਲੋਂ 8 ਐਕਟਿਵਾ ਸਕੂਟਰੀ 'ਤੇ ਗਸ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਜ਼ਮਾਨੇ ਵਿਚ ਜੁੜਨਾ ਅਤੇ ਗਤੀਸ਼ੀਲ ਰਹਿਣਾ ਬਹੁਤ ਜ਼ਰੂਰੀ ਹੈ। ਮਹਿਲਾ ਸਟਾਫ ਗਸ਼ਤ ਦੌਰਾਨ ਖ਼ਾਸ ਤੌਰ ਤੇ ਸਿੱਖਿਅਕ ਸੰਸਥਾਵਾਂ 'ਤੇ ਨਿਗਰਾਨੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਬੇਟੀਆਂ ਸਾਡੇ ਦੇਸ਼ ਦਾ ਮਾਣ ਹਨ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਬਰਾਬਰ ਤੇ ਹਰ ਤਰ੍ਹਾਂ ਦੇ ਮੌਕੇ ਮਿਲਣ। ਖਾਸ ਤੌਰ ਤੇ ਸਾਡਾ ਉਦੇਸ਼ ਬੇਟੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇਸ ਕਰਕੇ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਮਹਿਲਾ ਮਿੱਤਰ ਦਾ ਸਟਾਫ ਬੱਚਿਆਂ ਅਤੇ ਔਰਤਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਵਿੱਚ ਸਹਾਇਕ ਹੋਵੇਗਾ।
ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਨੇ ਕਿਹਾ ਕਿ ਹਰੇਕ ਥਾਣੇ ਵਿੱਚ ਡੈਸਕ ਸਥਾਪਤ ਕੀਤੇ ਗਏ ਹਨ ਜੋ ਕਿ ਅਪਰਾਧਾਂ ਪ੍ਰਤੀ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸੁਲਝਾਉਂਦੇ ਹਨ। ਇਸ ਵਿਚ ਅਪਰਾਧ ਪ੍ਰਤੀ ਜ਼ੀਰੋ ਟਾਲਰੈਸ ਨੀਤੀ ਅਪਣਾਈ ਗਈ ਹੈ। ਇਸ ਤਹਿਤ ਇਕਦਮ ਐਫ.ਆਈ.ਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।