ਮੋਦੀ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਡਾਕਾ ਨਿੰਦਨਯੋਗ; ਪੰਜਾਬ ਦਾ ਪਾਣੀ ਬਚਾਉਣ ਲਈ ਲੜਾਈ ਜਾਰੀ ਰਹੇਗੀ: ਡਾ. ਬਲਜੀਤ ਕੌਰ
- ਪੰਜਾਬ ਦੇ ਪਾਣੀ, ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਪੰਜਾਬੀਆਂ ਦੀ ਆਵਾਜ਼ ਹਮੇਸ਼ਾ ਬੁਲੰਦ ਰਹੇਗੀ: ਡਾ. ਬਲਜੀਤ ਕੌਰ
ਚੰਡੀਗੜ੍ਹ, 1 ਮਈ 2025 - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਉਸਦੇ ਦਰਿਆਈ ਪਾਣੀ ਦੇ ਹੱਕ ਤੋਂ ਵਾਂਝਿਆਂ ਰੱਖਣ ਦੀ ਕੋਸ਼ਿਸ਼ ਨੂੰ ਸਖਤ ਨਿੰਦਣਯੋਗ ਕਰਾਰ ਦਿੰਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਕਦਮ ਲੋਕਤੰਤਰ ਤੇ ਸੰਘੀ ਢਾਂਚੇ ਦੀਆਂ ਮੂਲ ਭਾਵਨਾਵਾਂ ਦੇ ਖਿਲਾਫ ਹੈ।
ਉਨ੍ਹਾਂ ਕਿਹਾ ਕਿ ਪਾਣੀ ਪੰਜਾਬ ਦੀ ਜੀਵਨ ਰੇਖਾ ਹੈ ਅਤੇ ਇਸ ਧਰਤੀ ਦੀ ਰੀੜ੍ਹ ਉਸਦੇ ਮਿਹਨਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਦਿਨ-ਰਾਤ ਦੀ ਮਿਹਨਤ ਹੈ, ਜੋ ਪੂਰੀ ਤਰ੍ਹਾਂ ਖੇਤੀਬਾੜੀ ਅਤੇ ਪਾਣੀ ਉੱਤੇ ਨਿਰਭਰ ਕਰਦੇ ਹਨ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ’ਤੇ ਡਾ. ਬਲਜੀਤ ਕੌਰ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਸੇ ਦਾ ਪਾਣੀ ਹੋਰ ਰਾਜਾਂ ਨੂੰ ਦੇਣ ਦੀ ਕੋਸ਼ਿਸ਼ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਪਿੱਠ ’ਚ ਛੁਰਾ ਮਾਰਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ, "ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੋਇਆ ਹੋਵੇ। ਮੋਦੀ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਨੀਤੀ ਅਪਣਾ ਰਹੀ ਹੈ ਅਤੇ ਸਾਡੇ ਰਾਜ ਦੇ ਜਾਇਜ਼ ਹੱਕਾਂ ਤੇ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ।"
ਡਾ. ਬਲਜੀਤ ਕੌਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ, ਜੋ ਕਿ ਖੇਤੀ-ਪ੍ਰਧਾਨ ਸੂਬਾ ਹੈ, ਆਪਣੀ ਮਿੱਟੀ ਦੇ ਪਾਣੀ ’ਚੋਂ ਇਕ ਬੂੰਦ ਵੀ ਕਿਸੇ ਨੂੰ ਨਹੀਂ ਦੇ ਸਕਦਾ। ਪੰਜਾਬ ਦਾ ਕਿਸਾਨ ਤੇ ਮਜ਼ਦੂਰ ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਆਏ ਹਨ ਅਤੇ ਭਵਿੱਖ ਵਿਚ ਵੀ ਕਿਸੇ ਵੀ ਹਾਲਤ ਵਿੱਚ ਇਹ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਹੋਰ ਕਿਹਾ ਕਿ ਇਹ ਫੈਸਲਾ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਅੰਨਦਾਤਿਆਂ ਅਤੇ ਮਜ਼ਦੂਰ ਵਰਗ ’ਤੇ ਸਿੱਧਾ ਹਮਲਾ ਹੈ। "ਅਸੀਂ ਕੇਂਦਰ ਸਰਕਾਰ ਦੀ ਇਸ ਵਿਸ਼ਵਾਸਘਾਤੀ ਨੀਤੀ ਦਾ ਡੱਟ ਕੇ ਵਿਰੋਧ ਕਰਾਂਗੇ ਅਤੇ ਪੰਜਾਬ ਦੇ ਪਾਣੀ ਅਤੇ ਹੱਕਾਂ ਦੀ ਲੜਾਈ ਹਰ ਮੰਚ ’ਤੇ ਪੂਰੀ ਦਲੇਰੀ ਅਤੇ ਜਜ਼ਬੇ ਨਾਲ ਲੜਦੇ ਰਹਾਂਗੇ," ਉਨ੍ਹਾਂ ਕਿਹਾ।